ਸਨੌਰ ’ਚੋਂ ਲੰਘਦੇ ਘੱਗਰ ਦਰਿਆ ਤੇ ਟਾਂਗਰੀ ਨਦੀ ’ਚ ਮੀਂਹ ਦੇ ਪਾਣੀ ਦਾ ਪੱਧਰ ਵਧਿਆ ਹਲਕਾ ਸਨੌਰ ਵਿਚੋਂ ਲੰਘਦੇ ਘੱਗਰ ਦਰਿਆ ਅਤੇ ਟਾਂਗਰੀ ਨਦੀ ‘ਚ ਮੀਂਹ ਦਾ ਪਾਣੀ ਦਾ ਪੱਧਰ ਵਧਿਆ
Publish Date: Sat, 11 Jul 2026 06:05 PM (IST)
Updated Date: Sun, 12 Jul 2026 04:07 AM (IST)
ਫੋਟੋ 11 ਪੀਟੀਐਲ 30 ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਪਿਛਲੇ ਕਈ ਦਿਨਾਂ ਤੋਂ ਪਹਾੜੀ ਇਲਾਕਿਆਂ ’ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਹਲਕਾ ਸਨੌਰ ਵਿੱਚੋਂ ਲੰਘਦੇ ਘੱਗਰ ਦਰਿਆ ਤੇ ਟਾਂਗਰੀ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਦਰਿਆ ਤੇ ਨਦੀ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹ ਨੂੰ ਲੈ ਕੇ ਚਿੰਤਾ ਵਧ ਗਈ ਹੈ। ਸਥਾਨਕ ਲੋਕਾਂ ਅਨੁਸਾਰ ਇਸ ਸਮੇਂ ਘੱਗਰ ਦਰਿਆ ਅੱਧੇ ਤੋਂ ਵੱਧ ਭਰਾਅ ਨਾਲ ਵਹਿ ਰਿਹਾ ਹੈ, ਜਦਕਿ ਟਾਂਗਰੀ ਨਦੀ ਵਿੱਚ ਵੀ ਪਾਣੀ ਦਾ ਵਹਾਅ ਤੇਜ਼ੀ ਨਾਲ ਵਧ ਰਿਹਾ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਪਹਾੜੀ ਖੇਤਰਾਂ ’ਚ ਮੀਂਹ ਦਾ ਸਿਲਸਿਲਾ ਜਾਰੀ ਰਿਹਾ ਤਾਂ ਦੋਵਾਂ ਜਲ ਸਰੋਤਾਂ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਪਿੰਡ ਸਿਰਕੱਪੜਾ ਨੇੜੇ ਪੁਲ ਕੋਲ ਘੱਗਰ ਦੇ ਪਾਣੀ ਨੇ ਕੰਢਿਆਂ ਨੂੰ ਖੋਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਇਸ ਸਥਾਨ ਤੇ ਕੰਢਾ ਟੁੱਟਣ ਦਾ ਖ਼ਤਰਾ ਬਣ ਸਕਦਾ ਹੈ, ਜਿਸ ਨਾਲ ਨੇੜਲੇ ਪਿੰਡਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਲੋਕਾਂ ਨੇ 2023 ਦੇ ਭਿਆਨਕ ਹੜ੍ਹਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਸਮੇਂ ਦੇਵੀਗੜ੍ਹ ਖੇਤਰ ਵਿੱਚ ਕਈ ਸੜਕਾਂ, ਪੁਲੀਆਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ, ਜਿਨ੍ਹਾਂ ਵਿਚੋਂ ਕਈ ਅਜੇ ਤੱਕ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਵੀ ਕਈ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ, ਜਿਸ ਕਾਰਨ ਕਿਸਾਨਾਂ ਵਿੱਚ ਨਾਰਾਜ਼ਗੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਘੱਗਰ ਦਰਿਆ ਦੇ ਕੰਢਿਆਂ ਦੀ ਲੋੜੀਂਦੀ ਮੁਰੰਮਤ ਨਹੀਂ ਕੀਤੀ ਗਈ ਅਤੇ ਟਾਂਗਰੀ ਨਦੀ ਤੇ ਮੀਰਾਂਪੁਰ ਚੋਅ ਦੀ ਸਫ਼ਾਈ ਅਤੇ ਖੁਦਾਈ ਦਾ ਕੰਮ ਵੀ ਅਧੂਰਾ ਪਿਆ ਹੈ। ਹਾਲਾਂਕਿ ਟਾਂਗਰੀ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਪਰ ਨਦੀ ਦੀ ਖੁਦਾਈ ਨਾ ਹੋਣ ਕਾਰਨ ਵੱਧ ਪਾਣੀ ਆਉਣ ਦੀ ਸੂਰਤ ਵਿੱਚ ਦਬਾਅ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ। ਸੰਭਾਵੀ ਹੜ੍ਹ ਦੇ ਮੱਦੇਨਜ਼ਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਆਪਣਾ ਕੀਮਤੀ ਸਮਾਨ ਸੁਰੱਖਿਅਤ ਥਾਵਾਂ ਤੇ ਰੱਖਣਾ ਸ਼ੁਰੂ ਕਰ ਦਿੱਤਾ ਹੈ। ਉੱਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਥਿਤੀ ਤੇ ਨਜ਼ਰ ਰੱਖਦਿਆਂ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਤੋਂ ਬਚਾਅ ਲਈ ਅਗਾਊਂ ਅਤੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਸੰਭਾਵੀ ਕੁਦਰਤੀ ਆਫ਼ਤ ਦੌਰਾਨ ਲੋਕਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।