- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਅਨੁਸਾਰ 5 ਜੂਨ ਨੂੰ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 11,660 ਮੈਗਾਵਾਟ ਰਹੀ। ਝੋਨੇ ਦੀ ਲਵਾਈ ਦੇ ਪਹਿਲੇ ਦਿਨ ਇਹ ਮੰਗ 10,136 ਮੈਗਾਵਾਟ ਦਰਜ ਕੀਤੀ ਗਈ ਸੀ। ਤੁਲਨਾਤਮਕ ਤੌਰ ’ਤੇ 2025 ਵਿੱਚ ਇਸੇ ਸਮੇਂ ਮੰਗ 10,713 ਮੈਗਾਵਾਟ ਅਤੇ 2024 ਵਿੱਚ 12,151 ਮੈਗਾਵਾਟ ਸੀ। ਇਸ ਤਰ੍ਹਾਂ ਇਸ ਵਾਰ ਮੰਗ ਵਿੱਚ ਕ੍ਰਮਵਾਰ 577 ਅਤੇ 2,015 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿੱਚ 1 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਲਵਾਈ ਹੁਣ ਦੂਜੇ ਪੜਾਅ ਵਿੱਚ ਦਾਖ਼ਲ ਹੋ ਗਈ ਹੈ। ਝੋਨਾ ਉਤਪਾਦਕਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਰਕਾਮ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਆਮ ਤੌਰ 'ਤੇ ਝੋਨੇ ਦੀ ਲਵਾਈ ਦੌਰਾਨ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੁੰਦਾ ਹੈ, ਪਰ ਇਸ ਵਾਰ ਮੌਸਮ ਦੇ ਸਾਥ ਕਾਰਨ ਮੰਗ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਦਰਜ ਕੀਤੀ ਗਈ ਹੈ।
ਪਾਵਰਕਾਮ ਅਨੁਸਾਰ 5 ਜੂਨ ਨੂੰ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 11,660 ਮੈਗਾਵਾਟ ਰਹੀ। ਝੋਨੇ ਦੀ ਲਵਾਈ ਦੇ ਪਹਿਲੇ ਦਿਨ ਇਹ ਮੰਗ 10,136 ਮੈਗਾਵਾਟ ਦਰਜ ਕੀਤੀ ਗਈ ਸੀ। ਤੁਲਨਾਤਮਕ ਤੌਰ ’ਤੇ 2025 ਵਿੱਚ ਇਸੇ ਸਮੇਂ ਮੰਗ 10,713 ਮੈਗਾਵਾਟ ਅਤੇ 2024 ਵਿੱਚ 12,151 ਮੈਗਾਵਾਟ ਸੀ। ਇਸ ਤਰ੍ਹਾਂ ਇਸ ਵਾਰ ਮੰਗ ਵਿੱਚ ਕ੍ਰਮਵਾਰ 577 ਅਤੇ 2,015 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਲਵਾਈ ਦੇ ਪਹਿਲੇ ਅਤੇ ਦੂਜੇ ਪੜਾਅ ਤੋਂ ਪਹਿਲਾਂ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀ ਟਿਊਬਵੈੱਲਾਂ ਉੱਤੇ ਨਿਰਭਰਤਾ ਘਟੀ, ਜਿਸ ਦਾ ਸਿੱਧਾ ਅਸਰ ਬਿਜਲੀ ਦੀ ਮੰਗ ’ਤੇ ਪਿਆ। ਹਾਲਾਂਕਿ ਗਰਮੀ ਦੇ ਦਿਨਾਂ ਵਿੱਚ 25 ਮਈ ਨੂੰ ਬਿਜਲੀ ਦੀ ਮੰਗ 14,330 ਮੈਗਾਵਾਟ ਤੱਕ ਪੁੱਜ ਚੁੱਕੀ ਹੈ।
ਪਾਵਰਕਾਮ ਨੇ ਸ਼ੁੱਕਰਵਾਰ ਨੂੰ ਆਪਣੇ ਅਤੇ ਨਿੱਜੀ ਥਰਮਲ ਪ੍ਰਾਜੈਕਟਾਂ ਤੋਂ ਲੋੜੀਂਦੀ ਬਿਜਲੀ ਪ੍ਰਾਪਤ ਕੀਤੀ। ਰੋਪੜ ਥਰਮਲ ਪਲਾਂਟ ਤੋਂ 387 ਮੈਗਾਵਾਟ, ਲਹਿਰਾ ਮੁਹੱਬਤ ਤੋਂ 586 ਮੈਗਾਵਾਟ, ਗੋਇੰਦਵਾਲ ਸਾਹਿਬ ਤੋਂ 283 ਮੈਗਾਵਾਟ, ਰਾਜਪੁਰਾ ਥਰਮਲ ਪ੍ਰਾਜੈਕਟ ਤੋਂ 721 ਮੈਗਾਵਾਟ ਅਤੇ ਤਲਵੰਡੀ ਸਾਬੋ ਤੋਂ 960 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ।
ਤਿੰਨ ਪੜਾਵਾਂ ਵਿੱਚ ਹੋ ਰਹੀ ਝੋਨੇ ਦੀ ਲਵਾਈ
ਪਹਿਲੇ ਪੜਾਅ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ ਲਵਾਈ ਸ਼ੁਰੂ ਹੋਈ ਸੀ। 5 ਜੂਨ ਤੋਂ ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਾਜ਼ਿਲਕਾ ਵਿੱਚ ਲਵਾਈ ਸ਼ੁਰੂ ਹੋ ਗਈ ਹੈ। ਤੀਜੇ ਪੜਾਅ ਤਹਿਤ 9 ਜੂਨ ਤੋਂ ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਮਾਲੇਰਕੋਟਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਵਾਈ ਸ਼ੁਰੂ ਹੋਵੇਗੀ।
2022 ਤੋਂ ਬਦਲਿਆ ਗਿਆ ਸੀ ਪੁਰਾਣਾ ਪੈਟਰਨ
ਪਹਿਲਾਂ ਸਮੁੱਚੇ ਪੰਜਾਬ ਵਿੱਚ ਇੱਕੋ ਦਿਨ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਸੀ। ਭੂ-ਜਲ ਸੰਭਾਲ ਅਤੇ ਬਿਜਲੀ ਮੰਗ ਨੂੰ ਸੰਤੁਲਿਤ ਕਰਨ ਲਈ 2022 ਵਿੱਚ ਸੂਬੇ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਪੜਾਅਵਾਰ ਲਵਾਈ ਦੀ ਪ੍ਰਣਾਲੀ ਲਾਗੂ ਕੀਤੀ ਗਈ ਸੀ।
‘ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਖੇਤਰ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਥਰਮਲ ਅਤੇ ਹਾਈਡਲ ਪਾਵਰ ਸਟੇਸ਼ਨਾਂ ਦੇ ਨਿਰਵਿਘਨ ਸੰਚਾਲਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
— ਇੰਜੀ. ਪੁੰਨਰਦੀਪ ਸਿੰਘ ਬਰਾੜ, ਡਾਇਰੈਕਟਰ ਜਨਰੇਸ਼ਨ, ਪਾਵਰਕਾਮ