ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਖੁੱਲੀ ਪੋਲ ਭਰਵੇਂ ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਖੁੱਲੀ ਪੋਲ
Publish Date: Fri, 10 Jul 2026 06:24 PM (IST)
Updated Date: Fri, 10 Jul 2026 06:27 PM (IST)
- ਮੌਨਸੂਨ ਦੀ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਲਿਆਂਦੀ ਰੌਣਕ - ਲੋਕਾਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਵੜਨ ਨਾਲ ਸ਼ਹਿਰ ਵਾਸੀਆਂ ਦੇ ਚਿਹਰਿਆਂ ’ਤੇ ਛਾਈ ਮਾਯੂਸੀ - ਰਾਜਪੁਰਾ ਸ਼ਹਿਰ ਦੇ ਦੋਵੇਂ ਅੰਡਰਬ੍ਰਿਜਾਂ ਵਿੱਚ ਪਾਣੀ ਖੜ੍ਹਨ ਨਾਲ ਆਵਾਜਾਈ ਹੋਈ ਠੱਪ - ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਨੇ ਅੰਡਰਬ੍ਰਿਜਾਂ ਦੇ ਪਾਣੀ ਦੀ ਨਿਕਾਸੀ ਤੇ ਕੌਂਸਲਰ ਰੁਪਿੰਦਰ ਸੰਧੂ ਨੇ ਵਾਰਡ ਵਿੱਚੋਂ ਪਾਣੀ ਦੀ ਨਿਕਾਸੀ ’ਤੇ ਕਰਵਾਏ ਪ੍ਰਬੰਧ ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਸ਼ਹਿਰ ਵਿਖੇ ਵੀਰਵਾਰ ਦੀ ਰਾਤ ਤੋਂ ਲਗਾਤਾਰ ਸ਼ੁੱਕਰਵਾਰ ਦੀ ਸਵੇਰ ਤੱਕ ਪਏ ਮੌਨਸੂਨ ਦੇ ਭਰਵੇ ਮੀਂਹ ਨੇ ਜਿੱਥੇ ਝੋਨਾ ਲਗਾ ਰਹੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ ਉੱਥੇ ਦੂਜੇ ਪਾਸੇ ਰਾਜਪੁਰਾ ਸ਼ਹਿਰ ਪੂਰੀ ਤਰ੍ਹਾਂ ਜਲਥਲ ਹੋ ਗਿਆ। ਰਾਜਪੁਰਾ ਸ਼ਹਿਰ ਦੇ ਦੋਵੇਂ ਅੰਡਰਬ੍ਰਿਜਾਂ ਵਿੱਚ ਪਾਣੀ ਖੜ੍ਹਨ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਸ਼ਹਿਰ ਦੀਆਂ ਕਾਲੋਨੀਆਂ ਦੀਆਂ ਸੜਕਾਂ ’ਤੇ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜਨ ਦੇ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੰਡਰਬ੍ਰਿਜਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਨੇ ਖੁਦ ਮੋਰਚਾ ਸੰਭਾਲਿਆ ਉੱਥੇ ਦੂਜੇ ਪਾਸੇ ਵਾਰਡ ਨੰਬਰ 12 ਦੇ ਕੌਂਸਲਰ ਰੁਪਿੰਦਰ ਸੰਧੂ ਵੀ ਵਾਰਡ ਵਾਸੀਆਂ ਦੇ ਨਾਲ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਕਰਵਾਉਂਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਇਸ ਸਮੇਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ਉੱਤੇ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਾਣੀ ਦੀ ਸਖਤ ਲੋੜ ਸੀ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਦੇ ਲਈ ਵੀ ਪਾਣੀ ਦੀ ਲੋੜ ਸੀ। ਇਸ ਮੀਂਹ ਨਾਲ ਕਿਸਾਨਾਂ ਦੀਆਂ ਦੋਵੇਂ ਪੂਰਤੀਆਂ ਪੂਰੀਆਂ ਹੋ ਗਈਆਂ। ਇਸ ਤਰ੍ਹਾਂ ਰਾਜਪੁਰਾ ਸ਼ਹਿਰ ਦੇ ਦੋਵੇਂ ਅੰਡਰਬ੍ਰਿਜਾਂ ਵਿੱਚ ਪਾਣੀ ਝੀਲ ਦਾ ਰੂਪ ਧਾਰ ਕੇ ਖੜ੍ਹ ਗਿਆ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਮੌਕੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਆਪਣੀ ਟੀਮ ਦੇ ਨਾਲ ਅੰਡਰਬ੍ਰਿਜਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਮੋਰਚੇ ਨੂੰ ਖੁਦ ਸੰਭਾਲਿਆ ਅਤੇ ਮੌਕੇ ਉੱਤੇ ਪੁਰਾਣੇ ਅੰਡਰਬ੍ਰਿਜ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਨਵੇਂ ਅੰਡਰਬ੍ਰਿਜ ਦੇ ਵਿੱਚ ਟਰੈਕਟਰ ਪੱਖੇ ਰਾਹੀਂ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸੀਵਰੇਜ ਜਾਮ ਕਾਰਨ ਸੜਕਾਂ ਉੱਤੇ ਖੜ੍ਹੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਵਾਏ ਗਏ। ਨਵੀਂ ਅੰਡਰਬ੍ਰਿਜ ਵਿੱਚ ਤਾਂ ਦੋ ਟਰੱਕ ਵੀ ਬਰਸਾਤੀ ਪਾਣੀ ਵਿੱਚ ਫਸ ਗਏ। ਰਾਜਪੁਰਾ ਸ਼ਹਿਰ ਦੇ ਵਾਰਡ ਨੰਬਰ 12 ਦੇ ਕੌਂਸਲਰ ਰੁਪਿੰਦਰ ਸਿੰਘ ਸੰਧੂ ਵੱਲੋਂ ਮਹਾਵੀਰ ਮੰਦਰ ਨੇੜਲੀ ਕਾਲੋਨੀ ਵਿੱਚ ਸੀਵਰੇਜ ਜਾਮ ਹੋਣ ਕਾਰਨ ਗਲੀਆਂ ਦੇ ਵਿੱਚ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਤਾਂ ਮੌਕੇ ਉੱਤੇ ਕਾਲੋਨੀ ਵਸਨੀਕਾਂ ਨਾਲ ਸੀਵਰੇਜ ਜਾਮ ਖੋਲ੍ਹਣ ਵਾਲੀ ਮਸ਼ੀਨ ਮੰਗਵਾ ਕੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਵਾਇਆ। ਇਸ ਤਰ੍ਹਾਂ ਰਾਜਪੁਰਾ ਸ਼ਹਿਰ ਦੇ ਕਾਲਕਾ ਰੋਡ ਦੇ ਉੱਤੇ ਕੁਝ ਦਿਨ ਪਹਿਲਾਂ ਜੇਸੀਬੀ ਮਸ਼ੀਨ ਦੇ ਰਾਹੀਂ ਸੜਕ ਕਿਨਾਰੇ ਟੋਆ ਪੁੱਟ ਕੇ ਪੀਣ ਵਾਲੇ ਪਾਣੀ ਦੀ ਪਾਈਪਾਂ ਦੱਬਣ ਤੋਂ ਬਾਅਦ ਟੋਇਆਂ ਵਿੱਚ ਪਾਈ ਗਈ ਮਿੱਟੀ ਧੱਸਣ ਕਾਰਨ ਉਸ ਵਿੱਚ ਸਕਾਰਪੀਓ ਗੱਡੀ ਸਣੇ ਅੱਧਾ ਦਰਜਨ ਤੋਂ ਵੱਧ ਵਾਹਨ ਫਸ ਗਏ ਅਤੇ ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਕੱਢਿਆ ਗਿਆ। ਇਸ ਤਰ੍ਹਾਂ ਸ਼ਹਿਰ ’ਚ ਕਈ ਹੋਰਨਾਂ ਥਾਵਾਂ ’ਤੇ ਵੀ ਘਰਾਂ ਅੰਦਰ ਪਾਣੀ ਦਾਖਲ ਹੋਇਆ। ਰਾਜਪੁਰਾ ਸ਼ਹਿਰ ਵਿੱਚ ਮੀਹ ਤੋਂ ਬਾਅਦ ਹੋਏ ਜਲ ਮਗਨ ਕਾਰਨ ਨਗਰ ਕੌਂਸਲ ਦੇ ਲੱਖਾਂ ਰੁਪਏ ਦੇ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਟੀਮ ਨਾਲ ਰਾਜਪੁਰਾ ਅੰਡਰਬ੍ਰਿਜਾਂ ਵਿੱਚ ਖੜ੍ਹੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਮੌਕੇ ਉੱਤੇ ਟੀਮਾਂ ਨੂੰ ਲਗਾਇਆ ਗਿਆ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੀਵਰੇਜ ਜਾਮ ਕਾਰਨ ਖੜ੍ਹਦੇ ਪਾਣੀ ਦੀ ਨਿਕਾਸੀ ਵੀ ਕਰਵਾਈ ਗਈ।