ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਤੇ ਲਿਆਂਦੀ ਰੌਣਕ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਤੇ ਲਿਆਂਦੀ ਰੌਣਕ
Publish Date: Thu, 02 Jul 2026 05:27 PM (IST)
Updated Date: Fri, 03 Jul 2026 04:08 AM (IST)
ਫਸਲਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮਿਲੀ ਗਰਮੀ ਤੋਂ ਰਾਹਤ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪੰਜਾਬ ਭਰ ਅੰਦਰ ਪਈ ਭਾਰੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੇ ਹੁੰਮਸ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਰੌਣਕ ਪਰਤ ਆਈ ਹੈ। ਕਿਉਂਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਖੇਤੀ ਸੈਕਟਰ ਬਿਜਲੀ ਸੰਕਟ ਨਾਲ ਜੂਝ ਰਹੇ ਸਨ, ਜਿਸ ਕਾਰਨ ਝੋਨੇ ਦੀ ਫ਼ਸਲ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਸਨ। ਕਿਉਂਕਿ ਫਸਲਾਂ ਸੁੱਕਣ ਕਿਨਾਰੇ ਖੜ੍ਹੀਆਂ ਹੋ ਗਈਆਂ ਸਨ। ਮੀਂਹ ਪੈਣ ਨਾਲ ਹੁਣ ਝੋਨੇ ਦੀ ਫ਼ਸਲ ਨੂੰ ਲੋੜੀਂਦੀ ਨਮੀ ਮਿਲੀ ਹੈ, ਜਿਸ ਨਾਲ ਕਿਸਾਨਾਂ ਨੇ ਸੁਖ ਦਾ ਸਾਹ ਲਿਆ ਹੈ। ਬਾਰਿਸ਼ ਕਾਰਨ ਸਿਰਫ਼ ਝੋਨੇ ਦੀ ਫ਼ਸਲ ਹੀ ਨਹੀਂ, ਸਗੋਂ ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਵੀ ਨਵੀਂ ਤਾਜ਼ਗੀ ਮਿਲੀ ਹੈ। ਪਾਣੀ ਦੀ ਘਾਟ ਕਾਰਨ ਮੁਰਝਾ ਰਹੀਆਂ ਫ਼ਸਲਾਂ ਹੁਣ ਮੁੜ ਟਹਿਕਣ ਲੱਗ ਪਈਆਂ ਹਨ। ਦੂਜੇ ਪਾਸੇ ਮੀਂਹ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਕਿਸਾਨ ਆਗੂਆਂ ਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮਾਲੇਰਕੋਟਲਾ ਇਲਾਕੇ ਦੇ ਅਨੇਕਾਂ ਪਿੰਡਾਂ ਨੂੰ ਖੇਤੀਬਾੜੀ ਲਈ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਜ਼ਿਆਦਾਤਰ ਕਿਸਾਨਾਂ ਨੇ ਤਾਂ ਆਪਣੇ ਕੋਲ ਮਹਿੰਗੇ ਭਾਅ ਦਾ ਡੀਜ਼ਲ ਵੀ ਜਮ੍ਹਾਂ ਕਰ ਲਿਆ ਸੀ। ਰਾਤ ਭਰ ਹੋਈ ਬਾਰਿਸ਼ ਨਾਲ ਕਿਸਾਨਾਂ ਦਾ ਨਾ ਸਿਰਫ਼ ਡੀਜ਼ਲ ਦਾ ਖਰਚਾ ਬਚੇਗਾ, ਸਗੋਂ ਝੋਨੇ ਸਮੇਤ ਹੋਰ ਫ਼ਸਲਾਂ ਦੇ ਵਿਕਾਸ ਲਈ ਵੀ ਇਹ ਮੀਂਹ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਸਹਿਯੋਗ ਕਰਦਾ ਰਿਹਾ ਤਾਂ ਇਸ ਦਾ ਖੇਤੀ ਉਤਪਾਦਨ ਤੇ ਸਕਾਰਾਤਮਕ ਅਸਰ ਪਵੇਗਾ। ਬਾਰਿਸ਼ ਨੇ ਕਿਸਾਨਾਂ ਲਈ ਸੋਨੇ ’ਤੇ ਸੁਹਾਗੇ ਵਾਲਾ ਕੰਮ ਕੀਤਾ ਕਿਸਾਨ ਸੁਰਜੀਤ ਸਿੰਘ ਹਥਨ ਨੇ ਕਿਹਾ ਕਿ ਝੋਨੇ ਨੂੰ ਲਾਉਣ ਤੋਂ ਪਹਿਲਾਂ ਕੱਦੂ ਕਰਨ ਸਮੇਂ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸੰਕਟ ਨਾਲ ਜੂਝ ਰਹੇ ਕਿਸਾਨਾਂ ਨੂੰ ਸਿੰਚਾਈ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਕਾਰਨ ਕਿਸਾਨ ਕਾਫ਼ੀ ਚਿੰਤਤ ਸਨ। ਬੀਤੀ ਰਾਤ ਪਈ ਤੇਜ਼ ਬਾਰਿਸ਼ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਹ ਉਹਨਾਂ ਲਈ ਸੋਨੇ ਤੇ ਸੁਹਾਗੇ ਵਾਲਾ ਕੰਮ ਸਾਬਤ ਹੋਈ ਹੈ। ਤਾਪਮਾਨ ’ਚ ਵੀ ਆਈ ਗਿਰਾਵਟ ਪਿਛਲੇ ਦਿਨਾਂ ਦੌਰਾਨ ਤਾਪਮਾਨ 38 ਤੋਂ 42 ਡਿਗਰੀ ਰਹਿਣ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਰਹੀ ਸੀ। ਲੋਕ ਬਾਰਿਸ਼ ਦੀ ਉਡੀਕ ਕਰ ਰਹੇ ਸਨ। ਜ਼ਿਆਦਾ ਤਪਸ ਹੋਣ ਕਾਰਨ ਸਬਜ਼ੀਆਂ ਵੀ ਸੁੱਕਣ ਲੱਗ ਪਈਆਂ ਸਨ। ਅਤੇ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹ ਗਏ ਸਨ। ਇਹ ਬਾਰਿਸ਼ ਹਰ ਲੋਕਾਂ ਲਈ ਰਾਹਤ ਬਣ ਕੇ ਆਈ। ਕਿਸਾਨਾਂ ਨੇ ਉਮੀਦ ਜਤਾਈ ਕਿ ਸਰਕਾਰ ਵੀ ਖੇਤੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏ ਤਾਂ ਜੋ ਫ਼ਸਲਾਂ ਦੀ ਸਿੰਚਾਈ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।