ਕਿਸੇ ਲਈ ਆਫਤ ਤੇ ਕਿਸੇ ਲਈ ਰਾਹਤ ਬਣੇ ਮੀਂਹ-ਹਨੇਰੀ
ਕਿਸੇ ਲਈ ਆਫਤ ਤੇ ਕਿਸੇ ਲਈ ਰਾਹਤ ਬਣੇ ਮੀਂਹ-ਹਨੇਰੀ
Publish Date: Fri, 12 Jun 2026 05:54 PM (IST)
Updated Date: Sat, 13 Jun 2026 04:03 AM (IST)

ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਿਸਾਨਾਂ ਲਈ ਬਣੀ ਵਰਦਾਨ, ਕਈ ਸ਼ੈੱਡ ਉੱਡੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਵੀਰਵਾਰ ਦੇਰ ਸ਼ਾਮ ਹੋਈ ਬਾਰਿਸ਼ ਨੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਉੱਥੇ ਹੀ ਪ੍ਰੀ-ਮਾਨਸੂਨ ਦੀ ਦਸਤਕ ਨਾਲ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ। ਬਾਰਿਸ਼ ਤੋਂ ਬਾਅਦ ਝੋਨੇ ਦੀ ਲੁਆਈ ’ਚ ਤੇਜ਼ੀ ਆਉਣ ਦੀ ਉਮੀਦ ਹੈ ਤੇ ਕਿਸਾਨ ਖੇਤਾਂ ’ਚ ਲਵਾਈ ਦੇ ਕੰਮ ਵਿੱਚ ਰੁੱਝ ਗਏ ਹਨ। ਦੂਜੇ ਪਾਸੇ, ਤੇਜ਼ ਹਨੇਰੀ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਤੇਜ਼ ਹਵਾਵਾਂ ਕਾਰਨ ਸੰਗਰੂਰ-ਮਹਿਲਾਂ ਰੋਡ ਤੇ ਸੁਨਾਮ-ਬਠਿੰਡਾ ਰੋਡ ’ਤੇ ਲੱਗੇ ਵੱਡੇ ਸਾਈਨ ਬੋਰਡ ਮੁੱਖ ਸੜਕਾਂ ’ਤੇ ਡਿੱਗ ਪਏ। ਇਸ ਕਾਰਨ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਇਸ ਤੋਂ ਇਲਾਵਾ ਬਿਜਲੀ ਦੇ ਖੰਭੇ, ਤਾਰਾਂ ਤੇ ਦਰੱਖਤ ਡਿੱਗਣ ਕਾਰਨ ਅੱਧੀ ਰਾਤ ਤੱਕ ਬਿਜਲੀ ਸਪਲਾਈ ਠੱਪ ਰਹੀ। ਖੇਤਾਂ ’ਚ ਲੱਗੇ ਬਿਜਲੀ ਦੇ ਟਾਵਰ ਵੀ ਤੇਜ਼ ਹਵਾਵਾਂ ਦਾ ਦਬਾਅ ਨਾ ਝੱਲ ਸਕੇ ਤੇ ਕਈ ਥਾਂਈਂ ਡਿੱਗ ਗਏ। ਸੁਨਾਮ ਦੀਆਂ ਸ਼ੇਰੋਂ ਕੈਂਚੀਆਂ ਨੇੜੇ ਭਾਰਤ ਪੈਟਰੋਲੀਅਮ ਦੇ ਇਕ ਪੈਟਰੋਲ ਪੰਪ ਦਾ ਸ਼ੈੱਡ ਡਿੱਗ ਗਿਆ, ਜਦਕਿ ਸੁਨਾਮ ਦੇ ਨਵੇਂ ਸਰਕਾਰੀ ਹਸਪਤਾਲ ਦੀ ਬਾਹਰਲੀ ਕੰਧ ਵੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਸੰਗਰੂਰ-ਸੁਨਾਮ ਰੋਡ ’ਤੇ ਸੜਕਾਂ ਦੇ ਕਿਨਾਰੇ ਲੱਗੇ ਕਈ ਵੱਡੇ ਦਰੱਖਤ ਵੀ ਡਿੱਗ ਗਏ, ਜਿਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਪਿੰਡ ਤੁੰਗਾ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਭਾਰੀ ਮਿਹਨਤ ਨਾਲ ਸੜਕ ਤੋਂ ਹਟਾਇਆ। ਤੇਜ਼ ਰਫ਼ਤਾਰ ਕਾਰ ਟਰੈਕਟਰ ਨਾਲ ਟਕਰਾਈ ਇਸ ਦੌਰਾਨ ਸੁਨਾਮ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦਰੱਖਤ ਹਟਾਉਣ ਦੇ ਕੰਮ ’ਚ ਲੱਗੇ ਟਰੈਕਟਰ ਨਾਲ ਪਿੱਛੋਂ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਬਾਰਿਸ਼ ਦੇ ਨਾਲ ਰਫ਼ਤਾਰ ਫੜੇਗਾ ਝੋਨਾ ਲੁਆਈ ਦਾ ਕੰਮ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਵੀ ਵੱਡਾ ਲਾਭ ਹੋਇਆ ਹੈ। ਇਨ੍ਹਾਂ ਦਿਨਾਂ ਖੇਤਾਂ ਵਿੱਚ ਝੋਨੇ ਦੀ ਲੁਆਈ ਦਾ ਕੰਮ ਚੱਲ ਰਿਹਾ ਹੈ, ਪਰ ਭਿਆਨਕ ਗਰਮੀ ਤੇ ਲੂ ਕਾਰਨ ਖੇਤਾਂ ’ਚ ਜਮ੍ਹਾਂ ਪਾਣੀ ਜਲਦੀ ਸੁੱਕ ਜਾਂਦਾ ਸੀ। ਇਸ ਕਰਕੇ ਕਈ ਕਿਸਾਨ ਬਾਰਿਸ਼ ਦੀ ਉਡੀਕ ਕਰ ਰਹੇ ਸਨ ਤੇ ਲੁਆਈ ਦਾ ਕੰਮ ਹੌਲੀ ਗਤੀ ਨਾਲ ਚੱਲ ਰਿਹਾ ਸੀ। ਸੰਗਰੂਰ ਦੇ ਕਿਸਾਨ ਮਹਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਬਾਰਿਸ਼ ਕਾਰਨ ਖੇਤਾਂ ਵਿੱਚ ਨਮੀ ਮੁੜ ਆ ਗਈ ਹੈ, ਜੋ ਲੂ ਕਾਰਨ ਖ਼ਤਮ ਹੋ ਚੁੱਕੀ ਸੀ। ਹੁਣ ਝੋਨੇ ਦੀ ਲੁਆਈ ਦਾ ਸੀਜ਼ਨ ਰਫ਼ਤਾਰ ਫੜੇਗਾ ਅਤੇ ਕੁਝ ਹੀ ਦਿਨਾਂ ਵਿੱਚ ਖੇਤ ਝੋਨੇ ਦੀ ਹਰਿਆਵਲੀ ਨਾਲ ਲਹਿਰਾਉਣ ਲੱਗਣਗੇ। ਉਨ੍ਹਾਂ ਕਿਹਾ ਕਿ ਬਾਰਿਸ਼ ਨਾਲ ਪਹਿਲਾਂ ਤੋਂ ਲਗਿਆ ਝੋਨਾ ਵੀ ਚੰਗੀ ਤਰ੍ਹਾਂ ਵਧੇਗਾ ਅਤੇ ਹਵਾ ਵਿੱਚ ਨਮੀ ਵਧਣ ਕਾਰਨ ਖੇਤਾਂ ਦਾ ਪਾਣੀ ਵੀ ਘੱਟ ਸੁੱਕੇਗਾ। ਕੁੱਲ ਮਿਲਾ ਕੇ ਇਹ ਬਾਰਿਸ਼ ਕਿਸਾਨਾਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਈ ਹੈ।