ਰੇਲਵੇ ਟਰੈਕ ਧਮਾਕਾ ਮਾਮਲਾ: ਮੁਲਜ਼ਮਾਂ ਦੇ ਤਰਨਤਾਰਨ ਲਿੰਕ ਖੰਗਾਲਣ ਪੁੱਜੀ ਪਟਿਆਲਾ ਪੁਲਿਸ; NIA ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ
ਸ਼ੰਭੂ ਰੇਲਵੇ ਟਰੈਕ 'ਤੇ ਹੋਏ ਆਈਈਡੀ ਧਮਾਕਾ ਮਾਮਲੇ ਵਿੱਚ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋਵੇਂ ਮੁਲਜ਼ਮਾਂ ਤੋਂ ਐਨਆਈਏ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸਾਂਝੀ ਪੁੱਛਗਿੱਛ ਤੋਂ ਬਾਅਦ ਪੁਲਿਸ ਟੀਮ ਦੋਵੇਂ ਮੁਲਜ਼ਮਾਂ ਘਨੌਰ ਨਿਵਾਸੀ ਮਨਜੀਤ ਸਿੰਘ ਅਤੇ ਅੰਬਾਲਾ ਵਾਸੀ ਗੁਰਵਿੰਦਰ ਸਿੰਘ ਨੂੰ ਤਰਨਤਾਰਨ ਲੈ ਕੇ ਪਹੁੰਚੀ ਹੈ, ਜਿੱਥੇ ਉਨ੍ਹਾਂ ਦੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Tue, 23 Jun 2026 09:49 AM (IST)
Updated Date: Tue, 23 Jun 2026 09:50 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਆਈਈਡੀ ਧਮਾਕਾ ਮਾਮਲੇ ਵਿੱਚ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋਵੇਂ ਮੁਲਜ਼ਮਾਂ ਤੋਂ ਐਨਆਈਏ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸਾਂਝੀ ਪੁੱਛਗਿੱਛ ਤੋਂ ਬਾਅਦ ਪੁਲਿਸ ਟੀਮ ਦੋਵੇਂ ਮੁਲਜ਼ਮਾਂ ਘਨੌਰ ਨਿਵਾਸੀ ਮਨਜੀਤ ਸਿੰਘ ਅਤੇ ਅੰਬਾਲਾ ਵਾਸੀ ਗੁਰਵਿੰਦਰ ਸਿੰਘ ਨੂੰ ਤਰਨਤਾਰਨ ਲੈ ਕੇ ਪਹੁੰਚੀ ਹੈ, ਜਿੱਥੇ ਉਨ੍ਹਾਂ ਦੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਸੀ। ਰਿਮਾਂਡ ਦੇ ਪਹਿਲੇ ਦਿਨ ਪਟਿਆਲਾ ਪੁਲਿਸ ਅਤੇ ਐਨਆਈਏ ਦੀ ਟੀਮ ਨੇ ਸਾਂਝੇ ਤੌਰ 'ਤੇ ਅੱਠ ਘੰਟਿਆਂ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਦੋਵੇਂ ਮੁਲਜ਼ਮਾਂ ਤੋਂ ਬਰਾਮਦਗੀ ਲਈ ਤਰਨਤਾਰਨ ਵਿੱਚ ਸੀਆਈਏ ਸਟਾਫ ਪਟਿਆਲਾ ਅਤੇ ਜਾਂਚ ਏਜੰਸੀਆਂ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਸ਼ੰਭੂ ਰੇਲਵੇ ਟਰੈਕ ਧਮਾਕਾ ਮਾਮਲੇ ਵਿੱਚ ਮਾਰੇ ਗਏ ਤਰਨਤਾਰਨ ਨਿਵਾਸੀ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚ ਲਗਾਤਾਰ ਰਕਮ ਭੇਜ ਰਹੇ ਸਨ। ਘਟਨਾ ਤੋਂ ਪਹਿਲਾਂ ਵੀ ਉਸ ਦੇ ਖਾਤੇ ਵਿੱਚ ਵੱਡੀ ਰਕਮ ਟਰਾਂਸਫਰ ਕੀਤੀ ਗਈ ਸੀ। ਵਿੱਤੀ ਲੈਣ-ਦੇਣ ਨਾਲ ਜੁੜੇ ਇਨ੍ਹਾਂ ਸੁਰਾਗਾਂ ਦੇ ਆਧਾਰ 'ਤੇ ਦੋਵੇਂ ਜਾਂਚ ਏਜੰਸੀਆਂ ਨੇ ਉਨ੍ਹਾਂ ਨੂੰ ਆਪਣੇ ਰਾਡਾਰ 'ਤੇ ਲਿਆ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਏਜੰਸੀਆਂ ਦੀ ਕਾਰਵਾਈ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ ਨਵੀਂ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਅਤੇ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਸਾਂਝੀ ਕੀਤੀ ਗਈ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਮਲੇਸ਼ੀਆ ਦੀ ਰਾਇਲ ਪੁਲਿਸ ਦੇ ਕਰਿਮਿਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਨੇ ਕੀਤੀ ਸੀ। ਮਲੇਸ਼ੀਆਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਭਾਰਤ ਹਵਾਲੇ ਕੀਤਾ ਸੀ।
ਮਲੇਸ਼ੀਆਂ ’ਚੋਂ ਚੱਲ ਰਿਹਾ ਸੀ ਨੈੱਟਵਰਕ
ਜਾਂਚ ਏਜੰਸੀਆਂ ਮੁਤਾਬਕ ਮਲੇਸ਼ੀਆ ਵਿੱਚ ਬੈਠੇ ਇਹ ਮੁਲਜ਼ਮ ਇਸ ਪੂਰੀ ਸਾਜ਼ਿਸ਼ ਦਾ ਸੰਚਾਲਨ ਕਰ ਰਹੇ ਸਨ। ਉਹ ਵਿਦੇਸ਼ੀ ਖਾਤਿਆਂ ਰਾਹੀਂ ਪੰਜਾਬ ਵਿੱਚ ਸਰਗਰਮ ਆਪਰੇਟਿਵਾਂ ਤੱਕ ਅੱਤਵਾਦੀ ਫੰਡਿੰਗ ਪਹੁੰਚਾਉਣ, ਹਮਲਿਆਂ ਦੀ ਯੋਜਨਾ ਤਿਆਰ ਕਰਨ ਅਤੇ ਸੂਬੇ ਵਿੱਚ ਅਮਨ-ਕਾਨੂੰਨ ਵਿਵਸਥਾ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।
ਹੁਣ ਤੱਕ ਫੜੇ ਜਾ ਚੁੱਕੇ ਹਨ ਚਾਰ ਮੁਲਜ਼ਮ
ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਾਂਚ ਦੌਰਾਨ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਆਰਪੀਜੀ ਲਾਂਚਰ, ਆਈਈਡੀ, ਆਰਡੀਐਕਸ, ਹੈਂਡ ਗ੍ਰੇਨੇਡ, ਅਤਿ-ਆਧੁਨਿਕ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਵੀ ਬਰਾਮਦ ਕੀਤੇ ਸਨ। ਬਰਾਮਦ ਹੋਏ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਨੇ ਜਾਂਚ ਏਜੰਸੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਸੀ, ਕਿਉਂਕਿ ਇਸ ਨਾਲ ਇੱਕ ਵੱਡੇ ਅੱਤਵਾਦੀ ਨੈੱਟਵਰਕ ਦੇ ਸਰਗਰਮ ਹੋਣ ਦੇ ਸੰਕੇਤ ਮਿਲੇ ਸਨ।