ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਕੁੱਲ ਬਜਟ ਦਾ 43.40 ਪ੍ਰਤੀਸ਼ਤ ਹਿੱਸਾ ਅਧਿਆਪਨ, ਖੋਜ, ਸਿੱਖਿਆ ਸੁਧਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰਾਖਵਾਂ ਰੱਖਿਆ ਹੈ। ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਲਈ 'ਵਾਈਸ-ਚਾਂਸਲਰ ਕਾਨਫਰੰਸ ਸੀਰੀਜ਼' ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ 75 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਦੀ ਹੋਈ ਅਹਿਮ ਇਕੱਤਰਤਾ ਵਿਚ ਵਿੱਤੀ ਸਾਲ 2026-27 ਲਈ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ ਇਸ ਵਾਰ 125 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਅਨੁਮਾਨਾਂ ਅਨੁਸਾਰ, ਅਗਲੇ ਵਿੱਤੀ ਸਾਲ ਦੌਰਾਨ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੀ ਗ੍ਰਾਂਟ ਅਤੇ ਆਪਣੇ ਸਰੋਤਾਂ ਤੋਂ ਕੁੱਲ 631 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ, ਜਦਕਿ ਖਰਚਿਆਂ ਦਾ ਅੰਦਾਜ਼ਾ 756 ਕਰੋੜ ਰੁਪਏ ਲਗਾਇਆ ਗਿਆ ਹੈ। ਵਾਇਸ ਚਾਂਸਲਰ ਡਾ. ਜਗੀਦਪ ਸਿੰਘ ਨੇ ਪੰਜਾਬ ਸਰਕਾਰ ਵਲੋਂ ਪਹਿਲਾਂ ਦਿੱਤੀ ਜਾਂ ਰਹੀ ਗ੍ਰਾਂਟ ’ਤੇ ਧੰਨਵਾਦ ਕੀਤਾ ਹੈ, ਨਾਲ ਹੀ ਗ੍ਰਾਂਟ ਵਿਚ ਹੋਰ ਵਾਧਾ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਕੁੱਲ ਬਜਟ ਦਾ 43.40 ਪ੍ਰਤੀਸ਼ਤ ਹਿੱਸਾ ਅਧਿਆਪਨ, ਖੋਜ, ਸਿੱਖਿਆ ਸੁਧਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰਾਖਵਾਂ ਰੱਖਿਆ ਹੈ। ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਲਈ 'ਵਾਈਸ-ਚਾਂਸਲਰ ਕਾਨਫਰੰਸ ਸੀਰੀਜ਼' ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ 75 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸਤੋਂ ਇਲਾਵਾ ਅਧਿਆਪਕਾਂ ਲਈ ਦੇਸ਼-ਵਿਦੇਸ਼ ਵਿੱਚ ਸੈਮੀਨਾਰਾਂ ਲਈ 15 ਲੱਖ ਰੁਪਏ ਦੀ ਯਾਤਰਾ ਗ੍ਰਾਂਟ, ਪ੍ਰੀਖਿਆ ਸ਼ਾਖਾ ਦੀਆਂ ਦੇਣਦਾਰੀਆਂ ’ਚੋਂ 20 ਪ੍ਰਤੀਸ਼ਤ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਪ੍ਰਕਿਰਿਆ ਜਾਰੀ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਬਜਟ ’ਚ ਵੱਡਾ ਵਾਧਾ ਕਰਦਿਆਂ ਇਸ ਨੂੰ 16 ਕਰੋੜ ਤੋਂ ਵਧਾ ਕੇ 20 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
- ਵਿਦਿਆਰਥੀਆਂ ਦੀਆਂ ਸਹੂਲਤਾਂ ਲਈ ਕਈ ਅਹਿਮ ਕਦਮ ਚੁੱਕੇ
ਓਬੀਸੀ ਵਰਗ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਕੇਂਦਰ ਸਰਕਾਰ ਦੀ ਮਦਦ ਨਾਲ ਦੋ ਨਵੇਂ ਹੋਸਟਲ ਬਣਾਏ ਜਾਣਗੇ, ਜਿਨ੍ਹਾਂ ਦਾ ਨੀਂਹ ਪੱਥਰ ਜਲਦ ਰੱਖਿਆ ਜਾਵੇਗਾ। ਹੋਸਟਲਾਂ ਵਿਚ ਜਿਮ ਖੋਲ੍ਹਣ ਦੀ ਯੋਜਨਾ ਹੈ ਅਤੇ ਖਿਡਾਰੀਆਂ ਦੀ ਡਾਈਟ ਮਨੀ ਵਿਚ ਵਾਧਾ ਕਰਦਿਆਂ ਇਸ ਲਈ 2 ਕਰੋੜ ਰੁਪਏ ਰੱਖੇ ਗਏ ਹਨ। ਕੈਂਪਸ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੀਸੀਟੀਵੀ ਕੈਮਰਿਆਂ ਵਾਸਤੇ 25 ਲੱਖ ਰੁਪਏ ਅਤੇ ਸੁਰੱਖਿਆ ਅਮਲੇ ਵਿਚ ਵਾਧੇ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਰੱਖ-ਰਖਾਅ ਅਤੇ ਮੁਰੰਮਤ ਲਈ 3 ਕਰੋੜ ਰੁਪਏ ਤੇ 'ਜ਼ੀਰੋ ਵੇਸਟ' ਮੁਹਿੰਮ ਲਈ 30 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।
-ਸਰਕਾਰ ਗ੍ਰਾਂਟ ’ਚ ਕਰੇ ਵਾਧਾ : ਵੀਸੀ
ਵਾਈਸ-ਚਾਂਸਲਰ ਨੇ ਪੰਜਾਬ ਸਰਕਾਰ ਵੱਲੋਂ ਮਿਲ ਰਹੀ ਸਾਲਾਨਾ ਗ੍ਰਾਂਟ ਲਈ ਧੰਨਵਾਦ ਕੀਤਾ, ਪਰ ਨਾਲ ਹੀ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਵਿੱਤ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਸਾਲ 2026-27 ਲਈ ਗ੍ਰਾਂਟ ਦੀ ਰਾਸ਼ੀ ਵਿੱਚ ਹੋਰ ਵਾਧਾ ਕੀਤਾ ਜਾਵੇ। ਵੀਸੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਅਕਾਦਮਿਕ ਮਾਹੌਲ ਨੂੰ ਹੋਰ ਮਜਬੂਤ ਉਪਰਾਨੇ ਕੀਤੇ ਜਾਣਗੇ, ਇਸ ਸਬੰਧੀ ਬਜਟ ਵਿਚ ਖਾਸ ਧਿਆਨ ਰੱਖਿਆ ਗਿਆ ਹੈ। ਵੀਸੀ ਨੇ ਕਿਹਾ ਕਿ ਪਿਛਲੇ ਸਾਲਾਂ ’ਚ ਬਹੁਤ ਦੇਣਦਾਰੀਆਂ ਦਿੱਤੀਆਂ ਵੀ ਹਨ ਤੇ ਅਗਲੇ ਸਮੇਂ ਵਿਚ ਕੋਸਿਸ਼ ਰਹੇਗੀ ਕਿ ਦੇਣਦਾਰੀਆਂ ਦੀ ਹੋਰ ਅਦਾਇਗੀ ਕਰਕੇ ਵਿੱਤੀ ਬੋਝ ਘਟਾਇਆ ਜਾ ਸਕੇ।