ਪੰਜਾਬ ਯੂਥ ਕਾਂਗਰਸ ਦੀ ਕਮਾਨ ਧੂਰੀ ਦੇ ਸ਼ੁਭਮ ਸ਼ਰਮਾ ਦੇ ਹੱਥਾਂ ’ਚ
ਪੰਜਾਬ ਯੂਥ ਕਾਂਗਰਸ ਦੀ ਕਮਾਨ ਧੂਰੀ ਦੇ ਸ਼ੁਭਮ ਸ਼ਰਮਾ ਦੇ ਹੱਥਾਂ ’ਚ
Publish Date: Tue, 23 Jun 2026 04:05 PM (IST)
Updated Date: Wed, 24 Jun 2026 04:01 AM (IST)

ਸ਼ੁਭਮ ਸ਼ਰਮਾ ਨੂੰ ਕੁੱਲ 1,60,154 ਵੋਟਾਂ ਪ੍ਰਾਪਤ ਹੋਈਆਂ, ਗਗਨਦੀਪ ਸਿੰਘ 1,56,271 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ : ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਲਈ ਹੋਈਆਂ ਚੋਣਾਂ ਵਿੱਚ ਧੂਰੀ ਵਿਧਾਨ ਸਭਾ ਹਲਕੇ ਦੇ ਵਸਨੀਕ ਤੇ ਸੂਬਾ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਨੌਜਵਾਨ ਆਗੂ ਸ਼ੁਭਮ ਸ਼ਰਮਾ ਨੇ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਪੂਰੇ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਦਿਆਂ ਆਪਣੇ ਵਿਰੋਧੀ ਉਮੀਦਵਾਰ ਗਗਨਦੀਪ ਸਿੰਘ ਨੂੰ ਕਰਾਰੀ ਹਾਰ ਦਿੱਤੀ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ’ਤੇ ਕਬਜ਼ਾ ਕਰ ਲਿਆ ਹੈ। ਚੋਣ ਨਤੀਜਿਆਂ ਅਨੁਸਾਰ ਸ਼ੁਭਮ ਸ਼ਰਮਾ ਨੂੰ ਕੁੱਲ 1,60,154 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਗਗਨਦੀਪ ਸਿੰਘ ਨੂੰ 1,56,271 ਵੋਟਾਂ ਮਿਲੀਆਂ, ਜਦਕਿ ਕਰਨਵੀਰ ਸਿੰਘ ਢਿੱਲੋਂ 94,181 ਵੋਟਾਂ ਹਾਸਲ ਕਰਕੇ ਤੀਜੇ ਸਥਾਨ ’ਤੇ ਰਹੇ। ਇਸ ਚੋਣ ਵਿੱਚ ਕੁੱਲ 4,68,614 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਿਸ ਕਾਰਨ ਇਹ ਚੋਣ ਕਾਫ਼ੀ ਰੋਮਾਂਚਕ ਤੇ ਮੁਕਾਬਲੇ ਵਾਲੀ ਰਹੀ। ਸ਼ੁਭਮ ਸ਼ਰਮਾ ਇਸ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ’ਚ ਜਨਰਲ ਸਕੱਤਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਸੰਗਠਨ ਵਿੱਚ ਉਨ੍ਹਾਂ ਦੀ ਸਰਗਰਮੀ, ਨੌਜਵਾਨਾਂ ਵਿੱਚ ਮਜ਼ਬੂਤ ਪਕੜ ਅਤੇ ਲਗਾਤਾਰ ਜਨ ਸੰਪਰਕ ਨੂੰ ਉਨ੍ਹਾਂ ਦੀ ਜਿੱਤ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਧੂਰੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਰਥਕਾਂ ਨੇ ਮਿਠਾਈਆਂ ਵੰਡ ਕੇ ਅਤੇ ਢੋਲ ਦੀ ਥਾਪ ਤੇ ਜਸ਼ਨ ਮਨਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਨਵ-ਨਿਯੁਕਤ ਪ੍ਰਧਾਨ ਸ਼ੁਭਮ ਸ਼ਰਮਾ ਵਿਦੇਸ਼ੀ ਧਰਤੀ ਆਸਟ੍ਰੇਲੀਆ ਦੀਆਂ ਸੁਖ ਸਹੂਲਤਾਂ ਛੱਡ ਕੇ ਆਪਣੀ ਜਨਮ ਭੂਮੀ ਪੰਜਾਬ ਦੀ ਸੇਵਾ ਕਰਨ ਲਈ ਵਾਪਸ ਪਰਤੇ ਹਨ। ਉਹ ਧੂਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਹਨ ਅਤੇ ਲੰਬੇ ਸਮੇਂ ਤੋਂ ਖੇਤਰ ਵਿੱਚ ਦਿਨ-ਰਾਤ ਸਰਗਰਮ ਰਹਿ ਕੇ ਲੋਕਾਂ ਵਿਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਹਨ। ਮੁੱਖ ਮੰਤਰੀ ਦੇ ਹਲਕੇ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੀ ਇਸ ਜਿੱਤ ਦੇ ਸਿਆਸੀ ਮਾਇਨੇ ਹੋਰ ਵੀ ਅਹਿਮ ਮੰਨੇ ਜਾ ਰਹੇ ਹਨ। ਪਾਰਟੀ ਨੂੰ ਉਮੀਦ ਹੈ ਕਿ ਇਸ ਨਾਲ ਜ਼ਮੀਨੀ ਪੱਧਰ ਤੇ ਸੰਗਠਨ ਹੋਰ ਮਜ਼ਬੂਤ ਹੋਵੇਗਾ। ਜਿਵੇਂ ਹੀ ਸ਼ੁਭਮ ਸ਼ਰਮਾ ਦੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਣਨ ਦਾ ਐਲਾਨ ਹੋਇਆ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ। ਇਸ ਮੌਕੇ ਰਾਜਾ ਵੜਿੰਗ ਨੇ ਆਸ ਪ੍ਰਗਟਾਈ ਕਿ ਸ਼ੁਭਮ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਯੂਥ ਕਾਂਗਰਸ ਨਵੀਆਂ ਉਚਾਈਆਂ ਨੂੰ ਛੂਹੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਧਾਨ ਨੌਜਵਾਨਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਸ਼ੁਭਮ ਸ਼ਰਮਾ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਬੇਰੁਜ਼ਗਾਰ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਸੱਚੀ ਆਵਾਜ਼ ਬਣਾਉਣਗੇ। ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਯੂਥ ਕਾਂਗਰਸ ਅਗਲੀ ਕਤਾਰ ਵਿੱਚ ਰਹਿ ਕੇ ਸਿਆਸੀ ਭੂਮਿਕਾ ਨਿਭਾਏਗੀ ਅਤੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ