2027 ਦੀਆਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵੱਡਾ ਐਲਾਨ, ਸਿਆਸੀ ਪਾਰਟੀਆਂ ਨੂੰ ਘੇਰਨ ਲਈ ਬਣਾਇਆ 'ਸਿਆਸੀ ਵਿੰਗ'; ਮੰਗਾਂ ਦਾ ਪੁੱਛਣਗੇ ਖਾਕਾ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਦੱਸਿਆ ਕਿ ਸਿਆਸੀ ਵਿੰਗ ਬਣਾਉਣ ਦਾ ਫੈਸਲਾ ਇਸ ਕਰ ਕੇ ਲੈਣਾ ਪਿਆ ਕਿਉਂਕਿ ਸਿਆਸੀ ਪਾਰਟੀਆਂ ਹਮੇਸ਼ਾ ਮੁਲਾਜ਼ਮਾਂ ਨਾਲ ਧੋਖਾ ਕਰ ਰਹੀਆਂ ਸਨ। ਉਹਨਾਂ ਦੱਸਿਆ ਕਿ ਸਿਆਸੀ ਵਿੰਗ ਵੱਲੋਂ ਪਹਿਲਾਂ 23 ਜ਼ਿਲ੍ਹਾ ਪੱਧਰੀ ਯੂਨਿਟ ਬਣਾਏ ਜਾਣਗੇ ਤੇ ਫਿਰ ਸੂਬਾ ਪੱਧਰ ’ਤੇ ਕਮੇਟੀ ਗਠਿਤ ਕੀਤੀ ਜਾਵੇਗੀ।
Publish Date: Thu, 26 Nov 2026 04:09 PM (IST)
Updated Date: Thu, 26 Nov 2026 04:11 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਮੁਲਾਜ਼ਮ ਮੰਗਾਂ ਦੀ ਪੂਰਤੀ ਵਾਸਤੇ ’ਸਿਆਸੀ ਵਿੰਗ’ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਥੇ ਸੁਖਚੈਨ ਸਿੰਘ ਖਹਿਰਾ ਮੁੱਖ ਕੋਆਰਡੀਨੇਟਰ ਸਾਂਝਾ ਮੁਲਾਜ਼ਮ ਮੰਚ, ਬੱਚਿਤਰ ਸਿੰਘ ਕੋਆਡੀਨੇਟਰ ਅਤੇ ਖੁਸ਼ਵਿੰਦਰ ਕਪਿਲਾ ਕੋਆਰਡੀਨੇਟਰ ਤੇ ਸਾਥੀਆਂ ਨੇ ਕੀਤਾ ਹੈ।
ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਦੱਸਿਆ ਕਿ ਸਿਆਸੀ ਵਿੰਗ ਬਣਾਉਣ ਦਾ ਫੈਸਲਾ ਇਸ ਕਰ ਕੇ ਲੈਣਾ ਪਿਆ ਕਿਉਂਕਿ ਸਿਆਸੀ ਪਾਰਟੀਆਂ ਹਮੇਸ਼ਾ ਮੁਲਾਜ਼ਮਾਂ ਨਾਲ ਧੋਖਾ ਕਰ ਰਹੀਆਂ ਸਨ। ਉਹਨਾਂ ਦੱਸਿਆ ਕਿ ਸਿਆਸੀ ਵਿੰਗ ਵੱਲੋਂ ਪਹਿਲਾਂ 23 ਜ਼ਿਲ੍ਹਾ ਪੱਧਰੀ ਯੂਨਿਟ ਬਣਾਏ ਜਾਣਗੇ ਤੇ ਫਿਰ ਸੂਬਾ ਪੱਧਰ ’ਤੇ ਕਮੇਟੀ ਗਠਿਤ ਕੀਤੀ ਜਾਵੇਗੀ।
ਇਹ ਕਮੇਟੀ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਰਾਬਤਾ ਕਾਇਮ ਕਰ ਕੇ ਉਹਨਾਂ ਤੋਂ ਮੁਲਾਜ਼ਮ ਮੰਗਾਂ ਦੀ ਪੂਰਤੀ ਵਾਸਤੇ ਖਾਕਾ ਮੰਗੇਗੀ ਤੇ ਜਿਹੜੀ ਪਾਰਟੀ ਮੁਲਾਜ਼ਮਾਂ ਨੂੰ ਸਮਾਂ ਬੱਧ ਤਰੀਕੇ ਨਾਲ ਮੰਗਾਂ ਪੂਰਤੀ ਦਾ ਭਰੋਸਾ ਦੇਵੇਗੀ, ਉਸ ਪਾਰਟੀ ਦੀ ਹਮਾਇਤ ਪੰਜਾਬ ਚੋਣਾਂ ਵਿਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੁੱਲ 8 ਲੱਖ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਪਰਿਵਾਰਾਂ ਦੀਆਂ 40 ਲੱਖ ਤੋਂ ਵੱਧ ਵੋਟਾਂ ਬਣਦੀਆਂ ਹਨ ਤੇ ਇਸ ਵਿਚੋਂ 70 ਫੀਸਦੀ ਵੋਟਾਂ ਇਸ ਵਾਰ ਇਸ ਸਰਕਾਰ ਦੇ ਉਲਟ ਪੈਣਗੀਆਂ।
ਉਹਨਾਂ ਕਿਹਾ ਕਿ ਬਦਲਾਅ ਦੇ ਨਾਮ ’ਤੇ ਆਈ ਇਹ ਸਰਕਾਰ ਤਾਂ ਸਭ ਤੋਂ ਵੱਡੀ ਮੁਲਾਜ਼ਮ ਵਿਰੋਧੀ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਮੁਲਾਜ਼ਮ ਵਰਗ ਨਾਲ ਵੱਡਾ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ ਏ) ਤੇ ਹੋਰ ਬਕਾਏ ਅਦਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੈਸਲਾ ਕੀਤਾ ਹੈ ਕਿ ਇਸ ਸਰਕਾਰ ਦੀ ਕਿਸੇ ਵੀ ਕੀਮਤ ’ਤੇ ਹਮਾਇਤ ਨਹੀਂ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਸਰਕਾਰ ਸਾਢੇ ਚਾਰ ਤੋਂ ਪੰਜ ਲੱਖ ਰੁਪਏ ਕਰਜ਼ਾ ਚਾੜ੍ਹ ਦਿੱਤਾ ਹੈ ਜੋ ਹਾਲਾਤ ਬਣ ਰਹੇ ਹਨ, ਉਸ ਤੋਂ ਅਜਿਹਾ ਜਾਪਦਾ ਹੈ ਕਿ ਆਉਂਦੇ ਸਮੇਂ ਵਿਚ ਤਨਖ਼ਾਹਾਂ ਤੇ ਪੈਨਸ਼ਨਾਂ ਲੈਣ ਵਾਸਤੇ ਵੀ ਧਰਨੇ ਦੇਣੇ ਪੈਣਗੇ ਜਦੋਂ ਕਿ ਇਸ ਪਾਰਟੀ ਦੇ ਆਗੂਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਹੋਰ ਮੁਲਾਜ਼ਮ ਮੰਗਾਂ ਬਾਰੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਭਰੋਸੇ ਦੁਆਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਸਿੱਧੂ ਕੋਆਰਡੀਨੇਟਰ, ਹਰਮੇਲ ਸਿੰਘ, ਜਗਤਾਰ ਸਿੰਘ ਢੀਂਡਸਾ, ਅਵਤਾਰ ਸਿੰਘ ਤੱਗੜ, ਕੇਸਰ ਸਿੰਘ ਬਰਸਟ ਤੇ ਹੋਰ ਆਗੂ ਹਾਜ਼ਰ ਸਨ।