- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Big Breaking : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਦੋ ਆਗੂਆਂ ਨਾਲ ਜੁੜੀ ਇਹ ਖ਼ਬਰ ਸਿਆਸੀ ਹਲਕਿਆਂ 'ਚ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ, ਦੋਵਾਂ ਆਗੂਆਂ ਦੇ ਅਸਤੀਫ਼ਿਆਂ ਦੇ ਕਾਰਨਾਂ ਅਤੇ ਉਨ੍ਹਾਂ ਦੇ ਅਗਲੇ ਸਿਆਸੀ ਕਦਮਾਂ ਬਾਰੇ ਅਧਿਕਾਰਤ ਪੁਸ਼ਟੀ ਹਾਲੇ ਉਪਲਬਧ ਨਹੀਂ ਹੈ।

ਪਰਗਟ ਸਿੰਘ, ਪੰਜਾਬੀ ਜਾਗਰਣ ਪਟਿਯਆਲਾ : AAP MLAs Resignation : ਪੰਜਾਬ ਦੀ ਸਿਆਸਤ 'ਚ ਐਤਵਾਰ ਨੂੰ ਉਸ ਸਮੇਂ ਵੱਡਾ ਘਟਨਾਕ੍ਰਮ ਸਾਹਮਣੇ ਆਇਆ, ਜਦੋਂ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra Resignation) ਅਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ (Chetan Singh Jouramajra Resignation) ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਪਠਾਨਮਾਜਰਾ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਲੀਡਰਸ਼ਿਪ ਅਤੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਆਪਣੇ ਤੇਵਰ ਦਿਖਾ ਰਹੇ ਸਨ। ਸਰਕਾਰ ਨਾਲ ਉਨ੍ਹਾਂ ਦੀ ਵਧਦੀ ਤਲਖ਼ੀ ਅਤੇ ਪਾਰਟੀ ਦੇ ਅੰਦਰ ਚੱਲ ਰਹੇ ਵਿਵਾਦ ਨੇ ਹੁਣ ਸਿਆਸੀ ਰੂਪ ਧਾਰ ਲਿਆ ਹੈ।
ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਸਬੰਧੀ ਪਠਾਣਮਾਜਰਾ ਦਾ ਬਿਆਨ ਜਿੱਥੇ ਉਨ੍ਹਾਂ ਦੇ ਲੈਟਰਹੈੱਡ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਉੱਥੇ ਹੀ ਜੌੜਾਮਾਜਰਾ ਵੱਲੋਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤੇ ਜਾਣ ਸਬੰਧੀ ਉਨ੍ਹਾਂ ਦੀ ਪੋਸਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਦੇ ਨਾਲ ਹੀ ਇਹ ਚਰਚਾ ਵੀ ਜ਼ੋਰ ਫੜ ਰਹੀ ਹੈ ਕਿ ਦੋਵੇਂ ਆਗੂ ਜਲਦੀ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਪਠਾਣਮਾਜਰਾ ਤੇ ਸਰਕਾਰ ਵਿਚਾਲੇ ਟਕਰਾਅ ਦੀ ਸ਼ੁਰੂਆਤ ਸਤੰਬਰ 2025 'ਚ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਸੀ, ਜਦੋਂ ਉਨ੍ਹਾਂ ਨੇ ਹੜ੍ਹ ਅਤੇ ਆਪਣੇ ਵਿਧਾਨ ਸਭਾ ਹਲਕੇ 'ਚ ਨਦੀਆਂ-ਨਾਲਿਆਂ ਦੀ ਸਫ਼ਾਈ ਨੂੰ ਲੈ ਕੇ ਸਰਕਾਰ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਅਤੇ ਹਲਕੇ 'ਚ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦਾ ਮਾਮਲਾ ਵੀ ਚਰਚਾ 'ਚ ਆਇਆ ਸੀ।
ਇਸ ਤੋਂ ਬਾਅਦ ਇਕ ਮਹਿਲਾ ਦੀ ਸ਼ਿਕਾਇਤ 'ਤੇ ਉਨ੍ਹਾਂ ਖ਼ਿਲਾਫ਼ ਜਬਰ-ਜਨਾਹ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਕਾਰਵਾਈ ਅਤੇ ਗ੍ਰਿਫ਼ਤਾਰੀ ਨਾਲ ਜੁੜੇ ਘਟਨਾਕ੍ਰਮ ਤੋਂ ਬਾਅਦ ਪਟਿਆਲਾ ਦੀ ਅਦਾਲਤ ਨੇ ਦਸੰਬਰ 2025 'ਚ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਸੀ। ਪਠਾਣਮਾਜਰਾ ਨੇ ਇਨ੍ਹਾਂ ਕਾਰਵਾਈਆਂ ਨੂੰ ਸਿਆਸੀ ਤੌਰ 'ਤੇ ਤੰਗ-ਪਰੇਸ਼ਾਨ ਕਰਨ ਦੀ ਕਾਰਵਾਈ ਦੱਸਦਿਆਂ ਸਰਕਾਰ ਅਤੇ ਪਾਰਟੀ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਿਆ ਸੀ।
ਹੁਣ ਵਿਧਾਨ ਸਭਾ ਤੋਂ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਨਵੀਂ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਬੀਤੇ ਦਿਨੀਂ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ 'ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 40 ਮੌਜੂਦਾ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ, ਪਰ ਸਮਾਣਾ ਤੋਂ ਚੇਤਨ ਸਿੰਘ ਜੌੜਾਮਾਜਰਾ ਦਾ ਨਾਂ ਸ਼ਾਮਲ ਨਹੀਂ ਸੀ। ਪਾਰਟੀ ਦੇ ਇਸ ਫ਼ੈਸਲੇ ਨੂੰ ਉਨ੍ਹਾਂ ਦੇ ਸਿਆਸੀ ਭਵਿੱਖ ਦੇ ਸੰਦਰਭ 'ਚ ਅਹਿਮ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।