- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀ.ਐੱਮ.ਡੀ. ਗੁਰਕੀਰਤ ਕਿਰਪਾਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮ ਜ਼ਮੀਨੀ ਹਕੀਕਤਾਂ ਅਤੇ ਚੁਣੌਤੀਆਂ ਨੂੰ ਸਭ ਤੋਂ ਬਿਹਤਰ ਸਮਝਦੇ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਫੀਲਡ ਪੱਧਰ ਦੇ ਕਿਸੇ ਵੀ ਛੋਟੇ ਜਾਂ ਵੱਡੇ ਸੁਝਾਅ ਨੂੰ ਅਣਗੌਲਿਆ ਨਾ ਕੀਤਾ ਜਾਵੇ, ਤਾਂ ਜੋ ਮਿਲ ਕੇ ਪੀ.ਐੱਸ.ਪੀ.ਸੀ.ਐੱਲ. ਨੂੰ ਇੱਕ ਮੋਹਰੀ ਅਤੇ ਬਿਹਤਰ ਅਦਾਰਾ ਬਣਾਇਆ ਜਾ ਸਕੇ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵ-ਨਿਯੁਕਤ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੇ ਅਹੁਦਾ ਸਾਂਭਦਿਆ ਹੀ ਸਾਰਿਆਂ ਨੂੰ ਮਹਿਕਮੇ ਦੀ ਬਿਹਤਰੀ ਲਈ ਸੁਝਾਅ ਦੇਣ ਲਈ ਕਿਹਾ ਹੈ। ਇਸ ਦੇ ਨਾਲ ਚੰਗੇ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਵੀ ਕਿਹਾ ਗਿਆ ਹੈ। ਇਸੇ ਤਹਿਤ ਅਦਾਰੇ ਅੰਦਰ ਟੀਮ ਵਰਕ, ਪਾਰਦਰਸ਼ਤਾ ਅਤੇ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਕਤੂਬਰ 2026 ਤੋਂ 'ਮੰਥਲੀ ਇਨੋਵੇਸ਼ਨ ਕੰਟੈਸਟ' ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੀ.ਐੱਮ.ਡੀ. ਗੁਰਕੀਰਤ ਕਿਰਪਾਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮ ਜ਼ਮੀਨੀ ਹਕੀਕਤਾਂ ਅਤੇ ਚੁਣੌਤੀਆਂ ਨੂੰ ਸਭ ਤੋਂ ਬਿਹਤਰ ਸਮਝਦੇ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਫੀਲਡ ਪੱਧਰ ਦੇ ਕਿਸੇ ਵੀ ਛੋਟੇ ਜਾਂ ਵੱਡੇ ਸੁਝਾਅ ਨੂੰ ਅਣਗੌਲਿਆ ਨਾ ਕੀਤਾ ਜਾਵੇ, ਤਾਂ ਜੋ ਮਿਲ ਕੇ ਪੀ.ਐੱਸ.ਪੀ.ਸੀ.ਐੱਲ. ਨੂੰ ਇੱਕ ਮੋਹਰੀ ਅਤੇ ਬਿਹਤਰ ਅਦਾਰਾ ਬਣਾਇਆ ਜਾ ਸਕੇ।
ਸੀ.ਐੱਮ.ਡੀ. ਨੇ ਆਪਣੇ ਪੱਤਰ ਰਾਹੀਂ ਸਮੂਹ ਡਾਇਰੈਕਟਰਾਂ, ਮੁੱਖ ਇੰਜੀਨੀਅਰਾਂ ਅਤੇ ਸਮੁੱਚੇ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਪੰਜਾਬ ਦੇ ਲੋਕਾਂ ਅਤੇ ਆਰਥਿਕਤਾ ਪ੍ਰਤੀ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਹੈ। ਸੰਸਥਾ ਦਾ ਭਵਿੱਖ ਨਾ ਕੇਵਲ ਬੁਨਿਆਦੀ ਢਾਂਚੇ 'ਤੇ, ਸਗੋਂ ਇਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਸਮੂਹਿਕ ਵਚਨਬੱਧਤਾ ਅਤੇ ਪੇਸ਼ੇਵਰ ਹੁਨਰ 'ਤੇ ਨਿਰਭਰ ਕਰਦਾ ਹੈ। ਇਸ ਮੁਕਾਬਲੇ ਤਹਿਤ ਅਧਿਕਾਰੀ ਅਤੇ ਇੰਜੀਨੀਅਰ ਵੱਖ ਵੱਖ ਵਿਸ਼ਿਆਂ 'ਤੇ ਆਪਣੇ ਸੁਝਾਅ ਤੇ ਨਵੇਂ ਵਿਚਾਰ ਪੇਸ਼ ਕਰ ਸਕਣਗੇ, ਜਿਨ੍ਹਾਂ ਵਿਚ ਸੰਚਾਲਨ ਕੁਸ਼ਲਤਾ ਅਤੇ ਭਰੋਸੇਯੋਗਤਾ ਵਿੱਚ ਸੁਧਾਰ, ਲਾਗਤ, ਖ਼ਰਚਿਆਂ ਅਤੇ ਫ਼ਜ਼ੂਲਖ਼ਰਚੀ ਵਿੱਚ ਕਟੌਤੀ, ਮੌਜੂਦਾ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਉਤਪਾਦਕਤਾ ਵਿੱਚ ਵਾਧਾ, ਲਾਈਨ ਅਤੇ ਤਕਨੀਕੀ ਨੁਕਸਾਨਾਂ ਨੂੰ ਘਟਾਉਣਾ, ਖਪਤਕਾਰ ਸੇਵਾਵਾਂ ਵਿੱਚ ਗੁਣਾਤਮਕ ਸੁਧਾਰ, ਦਫ਼ਤਰੀ ਕੰਮਕਾਜ ਨੂੰ ਸਰਲ ਬਣਾਉਣਾ ਅਤੇ ਬੇਲੋੜੀ ਦੇਰੀ ਖ਼ਤਮ ਕਰਨਾ, ਨਵੀਂ ਤਕਨਾਲੋਜੀ, ਡਿਜੀਟਲ ਹੱਲ ਅਪਣਾਉਣਾ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਸ਼ਾਮਲ ਹਨ।
---
ਚੋਣ ਪ੍ਰਕਿਰਿਆ ਅਤੇ ਸਨਮਾਨ
ਇਸ ਮੁਕਾਬਲੇ ਲਈ ਐਂਟਰੀਆਂ ਸਬੰਧਤ ਚੀਫ਼ ਇੰਜੀਨੀਅਰਾਂ ਰਾਹੀਂ ਭੇਜੀਆਂ ਜਾਣਗੀਆਂ। ਡਾਇਰੈਕਟੋਰੇਟ ਪੱਧਰ 'ਤੇ ਮੁੱਢਲੀ ਛਾਣਬੀਣ ਤੋਂ ਬਾਅਦ ਹਰੇਕ ਡਾਇਰੈਕਟਰ ਵੱਲੋਂ ਹਰ ਮਹੀਨੇ ਦੋ ਸਭ ਤੋਂ ਵਧੀਆ ਵਿਚਾਰ ਅੰਤਿਮ ਪੜਾਅ ਲਈ ਭੇਜੇ ਜਾਣਗੇ। ਕਾਰਪੋਰੇਟ ਪੱਧਰ 'ਤੇ ਨਵੀਨਤਾ, ਵਿਹਾਰਕਤਾ ਅਤੇ ਪ੍ਰਭਾਵ ਦੇ ਆਧਾਰ 'ਤੇ ਚੁਣੀ ਗਈ ਸਰਵੋਤਮ ਟੀਮ/ਅਧਿਕਾਰੀ ਨੂੰ 'ਸੀ.ਐੱਮ.ਡੀ. ਸਾਈਟੇਸ਼ਨ' ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਹ ਸਨਮਾਨ ਮਹੀਨਾਵਾਰ ਸੀ.ਐੱਮ.ਡੀ. ਡਿਨਰ ਦੌਰਾਨ ਵਿਅਕਤੀਗਤ ਤੌਰ 'ਤੇ ਦਿੱਤਾ ਜਾਵੇਗਾ।