- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਸਪੀਸੀਐਲ ਹੈੱਡ ਆਫਿਸ ਅੱਗੇ ਆਊਟਸੋਰਸ ਮੁਲਾਜ਼ਮਾਂ ਦਾ ਧਰਨਾ 14ਵੇਂ ਦਿਨ ਵੀ ਜਾਰੀ, ਭੁੱਖ ਹੜਤਾਲ ਚੌਥੇ ਦਿਨ 'ਚ ਦਾਖ਼ਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਾਵਰਕਾਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ (ਏਟਕ) ਪੰਜਾਬ ਵੱਲੋਂ ਪੀਐੱਸਪੀਸੀਐੱਲ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਗਿਆ ਸੰਘਰਸ਼ ਸੋਮਵਾਰ ਨੂੰ 14ਵੇਂ ਦਿਨ ਵੀ ਜਾਰੀ ਰਿਹਾ। ਪੀਐੱਸਪੀਸੀਐੱਲ ਦੇ ਹੈੱਡ ਆਫਿਸ ਪਟਿਆਲਾ ਦੇ ਮੁੱਖ ਗੇਟ ਅੱਗੇ ਧਰਨੇ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਅਤੇ ਮੈਨੇਜਮੈਂਟ ’ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਉਂਦਿਆਂ ਆਪਣੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਫਰੀਦਕੋਟ ਤੇ ਹੋਰ ਆਗੂਆਂ ਨੇ ਦੱਸਿਆ ਕਿ 24 ਮਈ ਨੂੰ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ, ਸੀਐੱਮਡੀ ਪੀਐੱਸਪੀਸੀਐੱਲ ਤੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ 15 ਜੂਨ ਤੱਕ ਆਊਟਸੋਰਸ ਕਰਮਚਾਰੀਆਂ ਦਾ ਡਾਟਾ ਵੈਰੀਫਾਈ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਤੇ ਸੀਐਚਬੀ ਪਾਲਿਸੀ ਤਹਿਤ ਮਹਿਕਮੇ ’ਚ ਮਰਜ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿਰਧਾਰਿਤ ਸਮਾਂ ਲੰਘ ਜਾਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ 16 ਜੂਨ ਤੋਂ ਮੁੜ ਸੰਘਰਸ਼ ਸ਼ੁਰੂ ਕਰਨਾ ਪਿਆ। ਆਗੂਆਂ ਨੇ ਦੱਸਿਆ ਕਿ 22 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੀਐੱਸਪੀਸੀਐੱਲ ਮੈਨੇਜਮੈਂਟ ਨਾਲ ਹੋਈ ਲੰਬੀ ਮੀਟਿੰਗ ਅਤੇ 28 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਈ ਇਕ ਹੋਰ ਬੈਠਕ ਵੀ ਬਿਨਾਂ ਕਿਸੇ ਸਹਿਮਤੀ ਦੇ ਖ਼ਤਮ ਹੋਈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਮੁਲਾਜ਼ਮਾਂ ਲਈ ਮਨਜ਼ੂਰਯੋਗ ਨਹੀਂ ਹਨ। ਇਸ ਦੌਰਾਨ ਪਾਵਰਕਾਮ ਟਰਾਂਸਕੋ ਆਊਟਸੋਰਸ ਵਰਕਰਜ਼ ਯੂਨੀਅਨ (ਏਟਕ) ਪੰਜਾਬ ਅਤੇ ਆਊਟਸੋਰਸਡ ਇੰਪਲਾਈਜ਼ ਫੈਡਰੇਸ਼ਨ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਵੀ ਚੌਥੇ ਦਿਨ ’ਚ ਦਾਖ਼ਲ ਹੋ ਗਈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਵੱਲੋਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ’ਚ ਭਾਰੀ ਰੋਸ ਹੈ।