ਧਰਨਾਕਾਰੀਆਂ ਨੇ ਪਾਵਰਕਾਮ ਦਫ਼ਤਰ ਅੱਗੇ ਕੀਤਾ ਵਿਖਾਵਾ ਧਰਨਾਕਾਰੀਆਂ ਨੇ ਮੁਲਾਜਮ ਮੁੜ ਪਾਵਰਕਾਮ ਦੇ ਦਫਤਰ ਅੰਦਰ ਤਾੜੇ
Publish Date: Thu, 09 Jul 2026 06:50 PM (IST)
Updated Date: Fri, 10 Jul 2026 04:06 AM (IST)
- ਇਕ ਗੇਟ ਮੀਟਰ ਰੀਡਰ ਯੂਨੀਅਨ ਤੇ ਦੂਜਾ ਆਲ ਡਿਗਰੀ ਡਿਪਲੋਮਾ ਯੂਨੀਅਨ ਵਾਲਿਆਂ ਨੇ ਘੇਰਿਆ - ਆਵਾਜਾਈ ਰਹੀ ਪ੍ਰਭਾਵਿਤ, ਸ਼ਹਿਰ ਵਾਸੀ ਪਾਵਰਕਾਮ ਦੇ ਦਫਤਰ ਸਾਹਮਣੇ ਲੱਗਦੇ ਨਿੱਤ ਦੇ ਧਰਨਿਆਂ ਤੋਂ ਅੱਕੇ ਫੋਟੋ 09ਪੀਟੀਐੱਲ- 31 ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪਿਛਲੇ 18 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਆਊਟ ਸੋਰਸ ਮੀਟਰ ਰੀਡਰ ਯੂਨੀਅਨ ਦੇ ਕਾਰਕੁੰਨਾਂ ਵੱਲੋਂ ਵੀਰਵਾਰ ਦੁਪਹਿਰ ਨੂੰ ਪਾਵਰਕਾਮ ਦੇ ਮੁੱਖ ਦਫਤਰ ਦਾ ਦੂਜੇ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਦਕਿ ਮੁੱਖ ਦਫ਼ਤਰ ਦਾ ਮੇਨ ਗੇਟ ਪਹਿਲਾਂ ਹੀ ਆਲ ਡਿਪਲੋਮਾ ਡਿਗਰੀ ਅਪ੍ਰੈਂਟਿਸਸ਼ਿਪ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਘੇਰਿਆ ਹੋਇਆ ਹੈ। ਜਦਕਿ ਕੁਝ ਹੋਰ ਜਥੇਬੰਦੀਆਂ ਵੀ ਆਪਣਾ ਰੋਸ ਪ੍ਰਦਰਸਨ ਕਰ ਰਹੀਆਂ ਹਨ। ਇਸ ਦੌਰਾਨ ਜਦੋਂ ਵੱਡੀ ਗਿਣਤੀ ’ਚ ਗੇਟ ਬੰਦ ਕਰ ਕੇ ਪ੍ਰਦਰਸਨ ਕਰ ਰਹੇ ਮੀਟਰ ਰੀਡਰ ਯੂਨੀਅਨ ਦੇ ਨੁਮਾਇੰਦਿਆਂ ਨੇ ਸ਼ੇਰਾਂਵਾਲਾ ਗੇਟ ਤੋਂ ਅਦਾਲਤ ਬਾਜ਼ਾਰ ਵੱਲ ਜਾਣ ਵਾਲਾ ਰੋਡ ਜਾਮ ਕੀਤਾ ਤਾਂ ਸ਼ਹਿਰ ਦੇ ਅੰਦਰੂਨੀ ਹਿੱਸ਼ਿਆ ’ਚ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋਈ ਤੇ ਚੌਕਾਂ ’ਚ ਜਾਮ ਲੱਗੇ। ਜਿੱਥੇ ਹਲਕੀ ਪੈ ਰਹੀ ਬਰਸਾਤ ਦੌਰਾਨ ਧਰਨਾਕਾਰੀ ਡਟੇ ਰਹੇ ਉਥੇ ਹੀ ਰਸਤਾ ਬੰਦ ਹੋਣ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਰਹੇ। ਇਸ ਮੌਕੇ ਜਾਣਕਾਰੀ ਦਿੰਦਿਆਂ ਆਊਟ ਸੋਰਸ ਮੀਟਰ ਰੀਡਰ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ ਅੱਜ 18ਵੇਂ ਦਿਨ ’ਚ ਦਾਖਲ ਹੋ ਗਿਆ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਯੂਨੀਅਨ ਵੱਲੋਂ ਲਗਪਗ ਤਿੰਨ ਮਹੀਨੇ ਰੋਸ ਧਰਨੇ ਲਗਾਏ ਗਏ ਸਨ ਤੇ ਸਰਕਾਰ ਦੇ ਭਰੋਸੇ ’ਤੇ ਰੋਸ ਪ੍ਰਦਰਸ਼ਨ ਖਤਮ ਕੀਤੇ ਸਨ। ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਨੂੰ ਆਊਟ ਸੋਰਸ ਪ੍ਰਣਾਲੀ ਵਿਚੋਂ ਬਦਲ ਕੇ ਵਿਭਾਗ ਆਪਣੇ ਅਧੀਨ ਲਵੇ ਜਾਂ ਉਨ੍ਹਾਂ ਨੂੰ ਡੀਸੀ ਰੇਟ ’ਤੇ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਉਨ੍ਹਾਂ ਨੂੰ ਤਿੰਨ ਸਾਲ ਦੀ ਪਾਲਿਸੀ ਅਧੀਨ ਵਿਭਾਗ ’ਚ ਲਿਆ ਕੇ ਪੱਕਾ ਕੀਤਾ ਜਾਵੇ। ਦੂਜੇ ਪਾਸੇ ਆਲ ਡਿਪਲੋਮਾ ਡਿਗਰੀ ਅਪ੍ਰੈਂਟਿਸਸ਼ਿਪ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਨੇ ਆਖਿਆ ਕਿ ਉਹ ਆਈਟੀਆਈ ਪਾਸ ਨੌਜਵਾਨਾਂ ਨਾਲੋਂ ਵੱਧ ਯੋਗਤਾ ਰੱਖਣ ਦੇ ਬਾਵਜੂਦ ਵੀ ਨੌਕਰੀ ਲਈ ਤਰਸ ਰਹੇ ਹਨ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ ਦੇ ਰਾਹ ’ਤੇ ਉਤਰਨਾ ਪਿਆ ਹੈ। ਨਿੱਤ ਦੇ ਧਰਨਿਆਂ ਤੋਂ ਲੋਕ ਦੁਖੀ ਪਾਵਰਕਾਮ ਦੇ ਸ਼ੇਰਾਵਾਲਾ ਗੇਟ ਨੇੜੇ ਸਥਿਤ ਮੁੱਖ ਦਫ਼ਤਰ ਅੱਜ-ਕੱਲ੍ਹ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਹੈ। ਪੀਐੱਸਪੀਟੀਸੀਐੱਲ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਤੇ ਨੌਕਰੀ ਲੈਣ ਦੇ ਚਾਹਵਾਨ ਨੌਜਵਾਨਾਂ ਵੱਲੋਂ ਪਿਛਲੇ ਮਹੀਨਿਆਂ ਤੋਂ ਇੱਥੇ ਪੱਕੇ ਟੈਂਟ ਗੱਡ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੁਰਾਣੇ ਬੱਸ ਸਟੈਂਡ ਤੋਂ ਫੁਹਾਰਾਂ ਚੌਕ ਤੱਕ ਮਾਲ ਰੋਡ ਦਾ ਇਕ ਪਾਸਾ ਨਿੱਤ ਦਿਨ ਬੰਦ ਰਹਿੰਦਾ ਹੈ, ਜਿਸ ਦੀ ਸਾਰੀ ਟ੍ਰੈਫਿਕ ਸ਼ਹਿਰ ਦੇ ਅੰਦਰੂਨੀ ਹਿੱਸਿਆ ’ਚੋਂ ਦੀ ਹੋ ਕੇ ਗੁਜਰ ਰਹੀ ਹੈ ਅਤੇ ਸ਼ਹਿਰ ਦੇ ਬਾਜ਼ਾਰਾਂ ’ਚ ਲਗਾਤਾਰ ਲੱਗਦੇ ਜਾਮ ਨਾਲ ਆਮ ਸ਼ਹਿਰ ਵਾਸੀ ਡਾਢੇ ਪਰੇਸ਼ਾਨ ਹੋ ਚੁੱਕੇ ਹਨ। ਇਨ੍ਹਾਂ ਧਰਨਿਆਂ ਦੌਰਾਨ ਪਾਵਰਕਾਮ ਦੇ ਮੁੱਖ ਦਫ਼ਤਰ ਅੰਦਰ ਕੰਮ ਕਰਨ ਵਾਲਾ ਸਟਾਫ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਗੇਟ ਬੰਦ ਕਰ ਦੇਣ ਕਾਰਨ ਪਰੇਸ਼ਾਨ ਹੈ।