ਨਾਜ਼ੀਆ ਇਲਾਹੀ ਖਾਨ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਲੇਰਕੋਟਲਾ ’ਚ ਰੋਸ ਪ੍ਰਦਰਸ਼ਨ ਨਾਜ਼ੀਆ ਇਲਾਹੀ ਖਾਨ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਲੇਰਕੋਟਲਾ 'ਚ ਰੋਸ ਪ੍ਰਦਰਸ਼ਨ
Publish Date: Fri, 03 Jul 2026 06:03 PM (IST)
Updated Date: Sat, 04 Jul 2026 04:05 AM (IST)
ਨਾਜ਼ੀਆ ਇਲਾਹੀ ਖਾਨ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦਾ ਵਿਰੋਧ ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਮਾਲੇਰਕੋਟਲਾ ਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਭਾਜਪਾ ਘੱਟ ਗਿਣਤੀ ਮੋਰਚਾ ਦੀ ਆਗੂ ਨਾਜ਼ੀਆ ਇਲਾਹੀ ਖਾਨ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਾਮ ਸਹਾਇਕ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਨਾਜ਼ੀਆ ਇਲਾਹੀ ਖਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਕਥਿਤ ਟਿੱਪਣੀਆਂ ਨਾਲ ਕਰੋੜਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਨਾਲ ਸਮਾਜਿਕ ਸਦਭਾਵਨਾ ਤੇ ਭਾਈਚਾਰਕ ਏਕਤਾ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹਰ ਧਰਮ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ, ਇਸ ਲਈ ਅਜਿਹੇ ਮਾਮਲਿਆਂ ’ਚ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਭਾਈਚਾਰੇ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਨਾਜ਼ੀਆ ਇਲਾਹੀ ਖਾਨ ਵਿਰੁੱਧ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪਹਿਲਾਂ ਹੀ ਮਾਮਲੇ ਦਰਜ ਹਨ। ਉਨ੍ਹਾਂ ਮੰਗ ਕੀਤੀ ਕਿ ਦਰਜ ਮਾਮਲਿਆਂ ਦੇ ਆਧਾਰ ’ਤੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ, ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਮਾਲੇਰਕੋਟਲਾ ਵਿੱਚ ਵੀ ਕਾਨੂੰਨ ਅਨੁਸਾਰ ਕੇਸ ਦਰਜ ਕੀਤਾ ਜਾਵੇ। ਰੋਸ ਪ੍ਰਦਰਸ਼ਨ ਨੂੰ ਮੌਲਾਨਾ ਮੁਫ਼ਤੀ ਇਰਤਕਾ ਉੱਲ ਹਸਨ ਕੰਧਾਲਵੀ (ਮੁਫ਼ਤੀ-ਏ-ਆਜ਼ਮ ਪੰਜਾਬ), ਮੁਫ਼ਤੀ ਦਿਲਸ਼ਾਦ, ਮੁਫ਼ਤੀ ਅਬਦੁਲ ਮਲਿਕ ਤੇ ਮੌਲਾਨਾ ਮੁਹੰਮਦ ਆਜ਼ਮ ਨੇ ਸੰਬੋਧਨ ਕਰਦਿਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਬਣਾਈ ਰੱਖਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਡੀਸੀ ਵੱਲੋਂ ਮੰਗ ਪੱਤਰ ਨਾ ਲੈਣ ਕਾਰਨ ਪ੍ਰਦਰਸ਼ਨਕਾਰੀਆਂ ’ਚ ਰੋਸ ਇਸ ਦੌਰਾਨ ਡੀਸੀ ਵੱਲੋਂ ਮੌਕੇ ’ਤੇ ਪਹੁੰਚ ਕੇ ਮੰਗ ਪੱਤਰ ਨਾ ਲੈਣ ਕਾਰਨ ਪ੍ਰਦਰਸ਼ਨਕਾਰੀਆਂ ਵਿੱਚ ਰੋਸ ਪਾਇਆ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤੁਰੰਤ ਤਬਾਦਲੇ ਦੀ ਮੰਗ ਵੀ ਕੀਤੀ। ਹਾਲਾਤ ਨੂੰ ਦੇਖਦਿਆਂ ਆਖ਼ਰਕਾਰ ਸਹਾਇਕ ਡਿਪਟੀ ਕਮਿਸ਼ਨਰ ਮੌਕੇ ਤੇ ਪੁੱਜੇ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਪ੍ਰਾਪਤ ਕੀਤਾ। ਭਾਈਚਾਰੇ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਪ੍ਰਸ਼ਾਸਨ ਤੇ ਪੁਲਿਸ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕਰੇਗੀ।