- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀਪੇਡ ਮੀਟਰ ਬਣੇ ਮੁਸੀਬਤ, ਸਕੂਲਾਂ ’ਚ ਬੱਤੀ ਹੋਈ ਗੁੱਲ

ਪਰਗਟ ਸਿੰਘ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਲਗਾਏ ਗਏ ਪ੍ਰੀਪੇਡ ਮੀਟਰ ਮੁਸੀਬਤ ਬਣ ਗਏ ਹਨ। ਜ਼ਿਲ੍ਹੇ ਦੇ ਕਈ ਸਕੂਲਾਂ ’ਚ ਲੱਗੇ ਪ੍ਰੀਪੇਡ ਮੀਟਰਾਂ ’ਚੋਂ ਰਿਚਾਰਜ ਖਤਮ ਹੋਣ ਦਾ ਸਿਗਨਲ ਦਿੰਦਿਆਂ ਬਿਜਲੀ ਸਪਲਾਈ ਬੰਦ ਹੋ ਗਈ ਤੇ ਸਕੂਲ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਛੱਡ ਕੇ ਬਿਜਲੀ ਬੋਰਡ (ਪਾਵਰਕਾਮ) ਦੇ ਦਫ਼ਤਰਾਂ ’ਚ ਗੇੜੇ ਲਗਾਉਣ ਲੱਗੇ ਹਨ ਜਦੋਂ ਕਿ ਸਕੂਲੀ ਬੱਚੇ ਹੁੰਮਸ਼ ਭਰੀ ਗਰਮੀ ਵਿਚ ਬੈਠ ਕੇ ਪੜ੍ਹਨ ਲਈ ਮਜਬੂਰ ਹੋ ਗਏ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜ਼ਿਲ੍ਹੇ ਦੇ ਅੱਧਾ ਦਰਜਨ ਦੇ ਕਰੀਬ ਸਰਕਾਰੀ ਸਕੂਲਾਂ ਵਿਚ ਪ੍ਰੀਪੇਡ ਮੀਟਰਾਂ ਦਾ ਰਿਚਾਰਜ ਖਤਮ ਹੋਣ ਕਾਰਨ ਬਿਜਲੀ ਬੰਦ ਹੋ ਗਈ, ਜਿਸ ਕਾਰਨ ਮੀਟਰ ਬਾਕਸ ਤੱਕ ਬਿਜਲੀ ਸਪਲਾਈ ਪਹੁੰਚ ਰਹੀ ਸੀ ਪਰ ਮੀਟਰ ਤੋਂ ਅੱਗੇ ਸਪਲਾਈ ਨਾ ਚੱਲਣ ਕਾਰਨ ਸਕੂਲ ਮੁਖੀ ਪਰੇਸ਼ਾਨ ਸਨ। ਉਨ੍ਹਾਂ ਵੱਲੋਂ ਸਬੰਧਤ ਗਰਿੱਡ ਦੇ ਅਧਿਕਾਰੀਆਂ ਕੋਲ ਪਹੁੰਚ ਕੇ ਆਪਣੇ ਸਕੂਲ ਦੇ ਮੀਟਰ ਦਾ ਖਾਤਾ ਚੈੱਕ ਕਰਵਾਇਆ ਗਿਆ, ਜਿਸ ’ਚ ਰਿਚਾਰਜ ਖਤਮ ਹੋਣਾ ਬਿਜਲੀ ਬੰਦ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਸੀ ਜਦੋਂ ਕਿ ਕੁਝ ਸਕੂਲਾਂ ਵੱਲੋਂ ਐਡਵਾਂਸ ਪੈਸੇ ਵੀ ਭਰੇ ਹੋਏ ਸਨ ਪਰ ਫਿਰ ਵੀ ਬਿਜਲੀ ਬੰਦ ਹੋ ਗਈ।
ਇਸ ਸਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਦੁਲਵਾ ਦੇ ਹੈੱਡ ਟੀਚਰ ਟਹਿਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਪ੍ਰੀਪੇਡ ਮੀਟਰ ਲੱਗਿਆ ਹੋਇਆ ਹੈ ਤੇ ਉਨ੍ਹਾਂ ਵੱਲੋਂ 45000 ਰੁਪਏ ਐਡਵਾਂਸ ਰਾਸ਼ੀ ਜਮਾਂ ਕਰਵਾ ਕੇ ਪ੍ਰੀਪੇਡ ਮੀਟਰ ਦਾ ਰਿਚਾਰਜ ਕਰਵਾਇਆ ਗਿਆ ਸੀ, ਜਿਸ ’ਚੋਂ ਹਾਲੇ ਵੀ ਲਗਪਗ 22000 ਰੁਪਏ ਉਨ੍ਹਾਂ ਦੇ ਖਾਤੇ ਵਿਚ ਪਏ ਹੋਣ ਦੇ ਬਾਵਜੂਦ ਵੀ ਅੱਜ ਰਿਚਾਰਜ ਖਤਮ ਹੋਣ ਦਾ ਸਿਗਨਲ ਆ ਰਿਹਾ ਹੈ ਤੇ ਸਕੂਲ ਦੀ ਬਿਜਲੀ ਬੰਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਹ ਸਬੰਧਤ ਬਿਜਲੀ ਗਰਿਡ ਦੇ ਅਧਿਕਾਰੀਆਂ ਕੋਲ ਵੀ ਪੁੱਜੇ ਸਨ, ਜਿਨ੍ਹਾਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਸਾਫਟਵੇਅਰ ਅਪਡੇਟ ਕਰਨ ਕਰਕੇ ਇਹ ਸਮੱਸਿਆ ਆਈ ਹੈ। ਅਧਿਆਪਕ ਨੇ ਆਖਿਆ ਕਿ ਖਾਤੇ ’ਚ 22000 ਰੁਪਏ ਪਏ ਹੋਣ ਦੇ ਬਾਅਦ ਵੀ ਬਿਜਲੀ ਬੰਦ ਹੋਣ ਕਾਰਨ ਵਿਦਿਆਰਥੀ ਤੇ ਸਟਾਫ ਨੂੰ ਗਰਮੀ ’ਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਬਿਜਲੀ ਅਧਿਕਾਰੀ ਕੁਝ ਪੈਸਿਆਂ ਦਾ ਰਿਚਾਰਜ ਹੋਰ ਕਰਵਾਉਣ ਦੀ ਸਲਾਹ ਦੇ ਰਹੇ ਹਨ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪਗੜ੍ਹ, ਸਰਕਾਰੀ ਸਕੂਲ ਮਜਾਲ ਖੁਰਦ,ਦਸ਼ਮੇਸ ਨਗਰ, ਸਮੇਤ ਹੋਰਨਾਂ ਸਕੂਲਾਂ ਵਿਚ ਵੀ ਰਿਚਾਰਜ ਖਤਮ ਹੋਣ ਕਾਰਨ ਪਾਵਰ ਸਪਲਾਈ ਬੰਦ ਹੋਣ ਦੀ ਸੂਚਨਾ ਹੈ। ਇਸ ਸਬੰਧੀ ਸਬ-ਡਵੀਜਨ ਅਧਿਕਾਰੀ ਨਾਲ ਰਾਬਤਾ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ’ਚ ਸਮੱਸਿਆ ਆਈ ਸੀ ਉਨ੍ਹਾਂ ਦੇ ਮੁਖੀਆਂ ਨੂੰ ਟੈਕਨੀਕਲ ਸਮਝਾ ਦਿੱਤਾ ਗਿਆ ਹੈ।
- ਚੈੱਕ ਕਰਵਾਇਆ ਜਾਵੇਗਾ : ਡਾਇਰੈਕਟਰ ਵੰਡ
ਇਸ ਸਬੰਧੀ ਡਾਇਰੈਕਟਰ ਵੰਡ ਇੰਜ. ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਹੋ ਨਹੀਂ ਸਕਦਾ ਪਰ ਜੇਕਰ ਕਿਤੇ ਅਜਿਹਾ ਕੁਝ ਹੋਇਆ ਹੈ ਤਾਂ ਸਬੰਧਿਤ ਅਧਿਕਾਰੀ ਤੋਂ ਚੈਕ ਕਰਵਾਇਆ ਜਾਵੇਗਾ ਤੇ ਅੱਗੇ ਤੋਂ ਅਜਿਹੀ ਸਮੱਸਿਆ ਨਾ ਆਵੇ, ਸਬੰਧੀ ਵੀ ਹੱਲ ਕੀਤਾ ਜਾਵੇਗਾ।
-ਪ੍ਰੀਪੇਡ ਮੀਟਰ ਅਧਿਆਪਕਾ ਲਈ ਸਿਰਦਰਦੀ : ਜੀਟੀਯੂ
ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਨੇ ਆਖਿਆ ਕਿ ਸਰਕਾਰੀ ਸਕੂਲਾਂ ’ਚ ਲਾਏ ਪ੍ਰੀਪੇਡ ਮੀਟਰ ਸਕੂਲ ਮੁਖੀਆਂ ਲਈ ਸਿਰਦਰਦੀ ਹਨ ਕਿਉਂਕਿ ਪ੍ਰਾਇਮਰੀ ਸਕੂਲਾਂ ਕੋਲ ਫੰਡ ਦੀ ਘਾਟ ਹੁੰਦੀ ਹੈ ਤੇ ਉਨ੍ਹਾਂ ਨੂੰ ਐਡਵਾਸ ਰਿਚਾਰਜ ਕਰਵਾਉਣਾ ਮੁਸ਼ਕਿਲ ਹੁੰਦਾ ਹੈ ਤੇ ਦੂਜਾ ਕਈ ਸਕੂਲਾਂ ’ਚ ਪੰਚਾਇਤਾਂ ਬਿਲ ਭਰਦੀਆਂ ਹਨ ਤੇ ਉਨ੍ਹਾਂ ਨੂੰ ਵੀ ਫੰਡ ਦੀ ਘਾਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਤੀ ਤਹਿਤ ਸਰਕਾਰੀ ਸਕੂਲਾਂ ’ਚ ਬਿਜਲੀ ਫਰੀ ਕਰੇ ਤਾ ਕਿ ਪੜਾਈ ਨਿਰੰਤਰ ਜਾਰੀ ਰਹਿ ਸਕੇ।