- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਜੂਦਾ ਹਾਲਾਤ ਅਜਿਹੇ ਹਨ ਕਿ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ’ਚ ਜਿੱਥੇ ਛੇ ਦਿਨਾਂ ਜੋਗਾ ਕੋਲਾ ਬਚਿਆ ਹੈ, ਉੱਥੇ ਹੀ ਤਲਵੰਡੀ ਸਾਬੋ ’ਚ ਇਹ ਸਿਰਫ਼ ਪੰਜ ਦਿਨਾਂ ਦਾ ਹੀ ਹੈ। ਨਿਯਮਾਂ ਅਨੁਸਾਰ ਥਰਮਲ ਪਲਾਂਟਾਂ ’ਚ ਕਰੀਬ ਤਿੰਨ ਹਫ਼ਤਿਆਂ ਦਾ ਕੋਲੇ ਦਾ ਸਟਾਕ ਬਣਿਆ ਰਹਿਣਾ ਚਾਹੀਦਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਇਕ ਪਾਸੇ ਕਮਜ਼ੋਰ ਮਾਨਸੂਨ ਦੇ ਨਾਲ ਥਰਮਲ ਪਲਾਂਟਾਂ ’ਚ ਕੋਲੇ ਦੀ ਘਾਟ ਵੀ ਮੁਸੀਬਤ ਬਣ ਗਈ ਹੈ। ਇਸ ਕਾਰਨ ਸੂਬੇ ’ਚ ਅੱਜ-ਕੱਲ੍ਹ ਪਾਵਰਕਾਮ ਨੂੰ ਲੋੜ ਮੁਤਾਬਕ ਬਿਜਲੀ ਸਪਲਾਈ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਚਾਹੇ ਕਿਸਾਨ ਹੋਣ ਜਾਂ ਇੰਡਸਟਰੀ, ਇਹ ਵਰਗ ਲੰਬੇ ਪਾਵਰ ਕੱਟ ਲੱਗਣ ਦਾ ਮੁੱਦਾ ਲਗਾਤਾਰ ਚੁੱਕ ਰਹੇ ਹਨ। ਮੌਜੂਦਾ ਹਾਲਾਤ ਅਜਿਹੇ ਹਨ ਕਿ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ’ਚ ਜਿੱਥੇ ਛੇ ਦਿਨਾਂ ਜੋਗਾ ਕੋਲਾ ਬਚਿਆ ਹੈ, ਉੱਥੇ ਹੀ ਤਲਵੰਡੀ ਸਾਬੋ ’ਚ ਇਹ ਸਿਰਫ਼ ਪੰਜ ਦਿਨਾਂ ਦਾ ਹੀ ਹੈ। ਨਿਯਮਾਂ ਅਨੁਸਾਰ ਥਰਮਲ ਪਲਾਂਟਾਂ ’ਚ ਕਰੀਬ ਤਿੰਨ ਹਫ਼ਤਿਆਂ ਦਾ ਕੋਲੇ ਦਾ ਸਟਾਕ ਬਣਿਆ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਸਰਕਾਰੀ ਖੇਤਰ ਦੇ ਥਰਮਲ ਪਲਾਂਟਾਂ ਰੋਪੜ, ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ’ਚ ਸਥਿਤੀ ਇਸ ਤੋਂ ਬਿਹਤਰ ਹੈ। ਰੋਪੜ ’ਚ 12 ਦਿਨ, ਗੋਇੰਦਵਾਲ ਸਾਹਿਬ ’ਚ 14 ਦਿਨ ਤੇ ਲਹਿਰਾ ਮੁਹੱਬਤ ’ਚ 29 ਦਿਨ ਦਾ ਕੋਲਾ ਉਪਲੱਬਧ ਹੈ। ਰਾਜਪੁਰਾ ਤੇ ਤਲਵੰਡੀ ਸਾਬੋ ’ਚ ਕੋਲੇ ਦੇ ਸਟਾਕ ਦੀ ਸਥਿਤੀ ਜੇਕਰ ਨਾ ਸੁਧਰੀ ਤਾਂ ਇਹ ਬੰਦ ਹੋ ਸਕਦੇ ਹਨ।
ਮੰਗ ਤੇ ਉਪਲੱਬਧਤਾ ’ਚ ਫਰਕ
ਸੂਬੇ ’ਚ ਇਨੀਂ ਦਿਨੀਂ ਬਿਜਲੀ ਦੀ ਮੰਗ ਕਰੀਬ ਸਾਢੇ 16 ਹਜ਼ਾਰ ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਇਸ ਦੇ ਉਲਟ ਪਾਵਰਕਾਮ ਦੇ ਸਰਕਾਰੀ ਖੇਤਰ ਦੇ ਤਿੰਨਾਂ ਥਰਮਲ ਪਲਾਂਟਾਂ ਤੋਂ ਜਿੱਥੇ ਬਿਜਲੀ ਉਤਪਾਦਨ 1202 ਮੈਗਾਵਾਟ ਹੈ, ਉੱਥੇ ਹੀ ਸੂਬੇ ’ਚ ਚੱਲ ਰਹੇ ਦੋ ਨਿੱਜੀ ਥਰਮਲ ਪਲਾਂਟਾਂ ਰਾਜਪੁਰਾ ਤੇ ਤਲਵੰਡੀ ਸਾਬੋ ਤੋਂ ਪਾਵਰਕਾਮ ਨੂੰ 2327 ਮੈਗਾਵਾਟ ਬਿਜਲੀ ਮਿਲ ਰਹੀ ਹੈ। ਅਜਿਹੇ ’ਚ ਬਿਜਲੀ ਦੀ ਉਪਲਬਧਤਾ ਤੇ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਮੁੱਖ ਤੌਰ 'ਤੇ ਉੱਤਰੀ ਗਰਿੱਡ ਤੋਂ ਬਿਜਲੀ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਾਵਰਕਾਮ ਉੱਤਰੀ ਗਰਿੱਡ ਤੋਂ ਕਰੀਬ ਸਾਢੇ 11 ਹਜ਼ਾਰ ਮੈਗਾਵਾਟ ਤੱਕ ਬਿਜਲੀ ਲੈ ਰਿਹਾ ਹੈ। ਇਸ ਦੌਰਾਨ ਹਾਲਾਤ ਉਦੋਂ ਹੋਰ ਵਿਗੜ ਜਾਂਦੇ ਹਨ ਜਦੋਂ ਪਾਵਰਕਾਮ ਨੂੰ ਇਕ ਪਾਸੇ ਮਹਿੰਗੇ ਭਾਅ 'ਤੇ ਬਿਜਲੀ ਖ਼ਰੀਦਣੀ ਪੈ ਰਹੀ ਹੈ ਅਤੇ ਦੂਜੇ ਪਾਸੇ ਉਦਯੋਗਿਕ ਖਪਤਕਾਰਾਂ ਦੇ ਵੱਖ-ਵੱਖ ਵਰਗਾਂ 'ਤੇ ਚਾਰ ਤੋਂ ਪੰਜ ਘੰਟੇ ਤੱਕ ਦੇ ਪਾਵਰ ਕੱਟ ਲਗਾਉਣੇ ਪੈ ਰਹੇ ਹਨ।
ਪੰਜਾਬ ’ਚ ਆਮ ਨਾਲੋਂ 36 ਫ਼ੀਸਦੀ ਘੱਟ ਮੀਂਹ
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮਾਨਸੂਨ ਕਮਜ਼ੋਰ ਰਿਹਾ ਹੈ। ਜੁਲਾਈ ਤੋਂ ਬਾਅਦ ਅਗਸਤ ’ਚ ਵੀ ਆਮ ਨਾਲੋਂ ਘੱਟ ਮੀਂਹ ਪਿਆ। ਇਸ ਵਾਰ ਅਗਸਤ ’ਚ ਸੂਬੇ ਵਿੱਚ 94.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਅਗਸਤ ’ਚ ਆਮ ਬਾਰਿਸ਼ 146.2 ਮਿਲੀਮੀਟਰ ਮੰਨੀ ਜਾਂਦੀ ਹੈ। ਇਸ ਵਾਰ ਅਗਸਤ ’ਚ ਆਮ ਨਾਲੋਂ 35 ਫ਼ੀਸਦੀ ਘੱਟ ਮੀਂਹ ਦਰਜ ਹੋਇਆ, ਜਦਕਿ ਪਿਛਲੇ ਸਾਲ ਅਗਸਤ ’ਚ 253.7 ਮਿਲੀਮੀਟਰ ਮੀਂਹ ਪਿਆ ਸੀ, ਜੋ ਕਿ ਆਮ ਨਾਲੋਂ 74 ਫ਼ੀਸਦੀ ਵੱਧ ਸੀ। ਇਸ ਸਾਲ 1 ਜੂਨ ਤੋਂ 31 ਅਗਸਤ ਤੱਕ ਮਾਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ 230.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਆਮ ਮੀਂਹ 362.1 ਮਿਲੀਮੀਟਰ ਹੋਣਾ ਚਾਹੀਦਾ ਸੀ। ਇਸ ਸਾਲ ਹੁਣ ਤੱਕ ਦੇ ਮਾਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ ਆਮ ਨਾਲੋਂ 36 ਫ਼ੀਸਦੀ ਘੱਟ ਮੀਂਹ ਪਿਆ। ਦੂਜੇ ਪਾਸੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜੂਨ ਤੋਂ ਅਗਸਤ ਤੱਕ 470.3 ਮਿਲੀਮੀਟਰ ਮੀਂਹ ਪਿਆ ਸੀ, ਜੋ ਕਿ ਆਮ ਨਾਲੋਂ 32 ਫ਼ੀਸਦੀ ਵੱਧ ਸੀ।
ਜ਼ਿਲ੍ਹੇਵਾਰ ਅੰਕੜਿਆਂ ਵਿੱਚ ਇਸ ਸਾਲ ਜੂਨ ਤੋਂ ਅਗਸਤ ਦੌਰਾਨ ਹੋਈ ਬਾਰਿਸ਼ ਦੀ ਗੱਲ ਕਰੀਏ, ਤਾਂ ਪਠਾਨਕੋਟ ਅਤੇ ਗੁਰਦਾਸਪੁਰ ਨੂੰ ਛੱਡ ਕੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਆਮ ਨਾਲੋਂ ਘੱਟ ਰਿਹਾ। ਪਠਾਨਕੋਟ ’ਚ ਆਮ ਨਾਲੋਂ 30 ਫ਼ੀਸਦੀ ਅਤੇ ਗੁਰਦਾਸਪੁਰ ਵਿੱਚ 38 ਫ਼ੀਸਦੀ ਵੱਧ ਮੀਂਹ ਦਰਜ ਕੀਤਾ ਗਿਆ।