ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਘਟੀ, ਕਿਸਾਨਾਂ ’ਚ ਹਾਹਾਕਾਰ
ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਘਟੀ, ਕਿਸਾਨਾਂ ਚ, ਹਾਹਾਕਾਰ
Publish Date: Sun, 28 Jun 2026 04:37 PM (IST)
Updated Date: Mon, 29 Jun 2026 04:02 AM (IST)

ਕਿਹਾ: ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਖੋਖਲੇ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਝੋਨੇ ਦੇ ਸੀਜ਼ਨ ਦੌਰਾਨ ਖੇਤੀ ਮੋਟਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਕਟੌਤੀ ਕੀਤੇ ਜਾਣ ਤੋਂ ਨਰਾਜ਼ ਕਿਸਾਨਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ ਬਿਜਲੀ ਗਰਿੱਡਾਂ ਮੂਹਰੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਐਤਵਾਰ ਨੂੰ ਸੁਨਾਮ ਨੇੜਲੇ ਪਿੰਡਾਂ ਛਾਜਲੀ ਅਤੇ ਕਣਕਵਾਲ ਭੰਗੂਆਂ ਵਿਖੇ ਸਥਿਤ ਬਿਜਲੀ ਗਰਿੱਡ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਬੀਕੇਯੂ ਡਕੌਂਦਾ ਦੇ ਝੰਡਿਆਂ ਹੇਠ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਗੁੱਸੇ ਵਿੱਚ ਆਏ ਕਿਸਾਨਾਂ ਨੇ ਛਾਜਲੀ ਵਿਖੇ ਸੁਨਾਮ ਲਹਿਰਾ ਸੜਕ ਤੇ ਧਰਨਾ ਦੇਕੇ ਆਵਾਜਾਈ ਰੋਕੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਮੋਟਰਾਂ ਨੂੰ ਸਿਰਫ਼ ਚਾਰ ਤੋਂ ਪੰਜ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਜਦਕਿ ਸਰਕਾਰ ਅੱਠ ਘੰਟਿਆਂ ਦੇ ਦਾਅਵੇ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਸੰਤ ਰਾਮ ਛਾਜਲੀ, ਭੋਲਾ ਸਿੰਘ, ਨੇਕ ਸਿੰਘ, ਮਨਜੀਤ ਸਿੰਘ, ਗੁਰਤੇਜ ਸਿੰਘ, ਬੀਕੇਯੂ ਡਕੌਂਦਾ ਦੇ ਆਗੂ ਭੀਮ ਸਿੰਘ ਗੋਬਿੰਦਗੜ ਜੇਜੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਪਾਲ ਸਿੰਘ ਮਾਣਕ ਨੇ ਆਖਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਖੇਤੀ ਮੋਟਰਾਂ ਨੂੰ ਸਿਰਫ਼ ਚਾਰ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਜਿਹੀ ਅੱਤ ਦੀ ਗਰਮੀ ਵਿੱਚ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਘੱਟ ਆਉਣ ਕਾਰਨ ਪਾਣੀ ਨਾ ਮਿਲਣ ਕਰਕੇ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਅਜਿਹੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਖੇਤੀ ਸੈਕਟਰ ਨੂੰ ਬੇਰੋਕ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਵੇ, ਬਿਜਲੀ ਸਪਲਾਈ ਦੀ ਘਾਟ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ, ਖੇਤੀ ਦੇ ਲਾਗਤ ਖਰਚਿਆਂ ਵਿੱਚ ਹੋ ਰਹੇ ਵਾਧੇ ਕਰਕੇ ਕਿਸਾਨੀ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਸਰਕਾਰ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਧਿਆਨ ਕੇਂਦਰਿਤ ਕਰੇ।