- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਖੇਤਰ ਦਾ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 210 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦਾ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ 660 ਮੈਗਾਵਾਟ ਵਾਲਾ ਇੱਕ ਯੂਨਿਟ ਵੀ ਠੱਪ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ’ਚ ਮੁੜ ਬਿਜਲੀ ਸੰਕਟ ਸਿਰ ਚੁੱਕਣ ਲੱਗਾ ਹੈ। ਬਿਜਲੀ ਦੀ ਭਾਰੀ ਮੰਗ ਦਰਮਿਆਨ ਦੋ ਵੱਡੇ ਥਰਮਲ ਪਾਵਰ ਯੂਨਿਟਾਂ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਉਤਪਾਦਨ ਪ੍ਰਭਾਵਿਤ ਹੋ ਗਿਆ ਹੈ। ਇਨ੍ਹਾਂ ਯੂਨਿਟਾਂ ਦੇ ਅਚਾਨਕ ਬੰਦ ਹੋਣ ਨਾਲ ਸੂਬੇ ਨੂੰ 870 ਮੈਗਾਵਾਟ ਬਿਜਲੀ ਉਤਪਾਦਨ ਦਾ ਝਟਕਾ ਲੱਗਾ ਹੈ। ਇਸ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ’ਤੇ ਵਿੱਤੀ ਤੇ ਸੰਚਾਲਨ ਦੋਵਾਂ ਪੱਖਾਂ ਤੋਂ ਬੋਝ ਵਧ ਗਿਆ ਹੈ।
ਸਰਕਾਰੀ ਖੇਤਰ ਦਾ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 210 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਦਾ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ 660 ਮੈਗਾਵਾਟ ਵਾਲਾ ਇੱਕ ਯੂਨਿਟ ਵੀ ਠੱਪ ਹੈ। ਇਨ੍ਹਾਂ ਦੋਵਾਂ ਯੂਨਿਟਾਂ ਦੇ ਬੰਦ ਹੋਣ ਨਾਲ ਕੁੱਲ 870 ਮੈਗਾਵਾਟ ਬਿਜਲੀ ਗਰਿੱਡ ਤੋਂ ਬਾਹਰ ਹੋ ਗਈ ਹੈ। ਐਤਵਾਰ ਨੂੰ ਪੰਜਾਬ ’ਚ ਬਿਜਲੀ ਦੀ ਪੀਕ ਮੰਗ ਵਧ ਕੇ 15,701 ਮੈਗਾਵਾਟ ਤੱਕ ਪਹੁੰਚ ਗਈ ਜਦਕਿ ਸੋਮਵਾਰ ਨੂੰ ਇਹ ਅੰਕੜਾ 16 ਹਜ਼ਾਰ ਮੈਗਾਵਾਟ ਟੱਪ ਗਿਆ। ਅਜਿਹੇ ਸਮੇਂ ਘਰੇਲੂ ਉਤਪਾਦਨ ’ਚ ਕਮੀ ਆਉਣ ਕਾਰਨ ਪੀਐੱਸਪੀਸੀਐੱਲ ਨੂੰ ਖ਼ਾਸ ਕਰਕੇ ਸ਼ਾਮ ਦੇ ਪੀਕ ਸਮੇਂ ਦੌਰਾਨ ਖੁੱਲੇ ਬਜਾਰ ਤੋਂ ਮਹਿੰਗੇ ਭਾਅ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਾਹਿਰਾਂ ਮੁਤਾਬਕ ਸਰਕਾਰੀ ਥਰਮਲ ਪਲਾਂਟਾਂ ’ਚ ਬਿਜਲੀ ਉਤਪਾਦਨ ਦੀ ਲਾਗਤ ਲਗਭਗ 3.50 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ, ਜਦਕਿ ਐਕਸਚੇਂਜ ਤੋਂ ਮੰਗ ਵਾਲੇ ਸਮੇਂ ਬਿਜਲੀ ਇਸ ਤੋਂ ਕਾਫ਼ੀ ਜ਼ਿਆਦਾ ਦਰਾਂ ’ਤੇ ਮਿਲਦੀ ਹੈ। 870 ਮੈਗਾਵਾਟ ਸਮਰੱਥਾ ਨਾਲ ਪ੍ਰਤੀ ਘੰਟਾ ਲਗਭਗ 8.70 ਲੱਖ ਯੂਨਿਟ ਬਿਜਲੀ ਪੈਦਾ ਹੁੰਦੀ ਹੈ। ਇਨ੍ਹਾਂ ਯੂਨਿਟਾਂ ਦੇ ਕਈ ਦਿਨ ਬੰਦ ਰਹਿਣ ਕਾਰਨ ਬਾਹਰੋਂ ਮਹਿੰਗੀ ਬਿਜਲੀ ਖਰੀਦਣ ਨਾਲ ਪਾਵਰਕਾਮ 'ਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪਵੇਗਾ। ਦੱਸਣਾ ਬਣਦਾ ਹੈ ਕਿ ਸਬਸਿਡੀ ਦੇ ਬਕਾਏ, ਘੱਟ ਮਾਲੀਆ ਅਤੇ ਹੋਰ ਦੇਣਦਾਰੀਆਂ ਦਾ ਸਾਹਮਣਾ ਕਰ ਰਹੇ ਪੀਐਸਪੀਸੀਐਲ. ਲਈ ਇਹ ਤਕਨੀਕੀ ਨੁਕਸ ਇੱਕ ਵੱਡੀ ਵਿੱਤੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਫਿਲਹਾਲ ਪੀਐੱਸਪੀਸੀਐੱਲ ਅਧਿਕਾਰੀ ਬੰਦ ਪਏ ਯੂਨਿਟਾਂ ਨੂੰ ਜਲਦ ਚਾਲੂ ਕਰਨ ਦੀ ਕੋਸ਼ਿਸ਼ ’ਚ ਜੁਟੇ ਹੋਏ ਹਨ।