ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ 'ਚ ਦੰਗਲ ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ 'ਚ ਦੰਗਲ
Publish Date: Tue, 07 Jul 2026 05:51 PM (IST)
Updated Date: Tue, 07 Jul 2026 05:54 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਰਸਮੀ ਘੋਸ਼ਣਾਵਾਂ ਹੋਣ ਵਿਚ ਭਾਵੇਂ ਅਜੇ ਸਮਾਂ ਬਾਕੀ ਹੈ, ਪਰ ਸੂਬੇ ਦੀ ਸਿਆਸਤ ਵਿਚ ਅਹਿਮ ਅਤੇ ਵੱਕਾਰੀ ਸਥਾਨ ਰੱਖਣ ਵਾਲੇ ਹਲਕਾ ਪਟਿਆਲਾ ਸ਼ਹਿਰੀ ਵਿਚ ਸਿਆਸੀ ਹਲਚਲ ਹੁਣੇ ਤੋਂ ਸਿਖਰਾਂ ’ਤੇ ਪਹੁੰਚ ਗਈ ਹੈ। ਸ਼ਾਹੀ ਸ਼ਹਿਰ ਦੀ ਇਸ ਅਹਿਮ ਸੀਟ ’ਤੇ ਕਾਬਜ਼ ਹੋਣ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਦਾਅਵੇਦਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਮੌਜੂਦਾ ਸਿਆਸੀ ਸਮੀਕਰਨਾਂ ਮੁਤਾਬਕ, ਹਲਕੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਵਿਚ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਅੰਦਰੂਨੀ ‘ਕਾਟੋ-ਕਲੇਸ਼’ ਸ਼ੁਰੂ ਹੋ ਚੁੱਕਾ ਹੈ, ਜਦੋਂਕਿ ਬਾਕੀ ਦੋ ਪਾਰਟੀਆਂ ਵਿਚ ਫਿਲਹਾਲ ਸ਼ਾਂਤੀ ਦਿਖਾਈ ਦੇ ਰਹੀ ਹੈ। -‘ਆਪ’ ਵਿਚ ਟਿਕਟ ਦੇ ਚਾਹਵਾਨਾਂ ਦੀ ਸਭ ਤੋਂ ਲੰਮੀ ਕਤਾਰ ਸੱਤਾਧਾਰੀ ਆਮ ਆਦਮੀ ਪਾਰਟੀ ’ਚ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨ ਵਾਲੇ ਚਿਹਰਿਆਂ ਦੀ ਦੌੜ ਸਭ ਤੋਂ ਵੱਧ ਦੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਚੋਣ ਮੈਦਾਨ ਵਿਚ ਉਤਰਨ ਦਾ ਸਪੱਸ਼ਟ ਬਿਗਲ ਵਜਾਉਣ ਤੋਂ ਬਾਅਦ, ਪਾਰਟੀ ਦੇ ਕਈ ਹੋਰ ਆਗੂ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਪਟਿਆਲਾ ਸ਼ਹਿਰੀ ਤੋਂ ਚੋਣ ਲੜਨ ਦੀ ਆਪਣੀ ਇੱਛਾ ਜ਼ਾਹਿਰ ਕਰਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। ਦੂਜੇ ਪਾਸੇ, ਸਾਲ 2022 ਦੀਆਂ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਮਾਤ ਦੇ ਕੇ ਵਿਧਾਇਕ ਬਣੇ ਅਜੀਤਪਾਲ ਸਿੰਘ ਕੋਹਲੀ ਪਹਿਲਾਂ ਹੀ ਮੈਦਾਨ ਵਿਚ ਡਟੇ ਹੋਏ ਹਨ, ਜਿਸ ਕਾਰਨ ਪਾਰਟੀ ਅੰਦਰ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਥਿਤੀ ਕਾਫ਼ੀ ਗੁੰਝਲਦਾਰ ਬਣਦੀ ਜਾ ਰਹੀ ਹੈ। -ਕਾਂਗਰਸ ’ਚ ਸਾਬਕਾ ਮੇਅਰਾਂ ਦੀਆਂ ਨਿਗ੍ਹਾਂ ਵਿਧਾਇਕ ਦੀ ਕੁਰਸੀ ’ਤੇ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵਿੱਚ ਵੀ ਅੰਦਰੂਨੀ ਖਿੱਚੋਤਾਣ ਸਾਫ਼ ਨਜ਼ਰ ਆ ਰਹੀ ਹੈ। ਪਾਰਟੀ ਦੇ ਦੋ ਸਾਬਕਾ ਮੇਅਰ ਵਿਧਾਇਕ ਦੀ ਕੁਰਸੀ ’ਤੇ ਬੈਠਣ ਲਈ ਪੂਰੇ ਤਾਣ ਲਗਾ ਰਹੇ ਹਨ। ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਪੈਦਲ ਮਾਰਚ ਅਤੇ ਪ੍ਰਚਾਰ ਮੁਹਿੰਮ ਸ਼ੁਰੂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਵੀ ਚੋਣ ਮੈਦਾਨ ਵਿੱਚ ਨਿੱਤਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਸਾਬਕਾ ਏ.ਡੀ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ ਵੀ ਲੋਕ ਸੰਪਰਕ ਮੁਹਿੰਮ ਤਹਿਤ ਸ਼ਹਿਰੀ ਹਲਕੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ। -ਅਕਾਲੀ ਦਲ ਅਤੇ ਭਾਜਪਾ ਦੇ ਖੇਮੇ ’ਚ ਫਿਲਹਾਲ ਸ਼ਾਂਤੀ ਦੂਜੇ ਪਾਸੇ, ਸ਼ਿਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਖੇਮਿਆਂ ਵਿਚ ਫਿਲਹਾਲ ਬਹੁਤੀ ਹਲਚਲ ਜਾਂ ਖਿੱਚੋਤਾਣ ਨਜ਼ਰ ਨਹੀਂ ਆ ਰਹੀ। ਅਕਾਲੀ ਦਲ ਵੱਲੋਂ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਸ਼ਹਿਰੀ ਹਲਕੇ ਤੋਂ ਮਜ਼ਬੂਤ ਉਮੀਦਵਾਰ ਵਜੋਂ ਉੱਭਰ ਸਕਦੇ ਹਨ। ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ, ਤਾਂ ਇੱਥੇ ਸ਼ਾਹੀ ਪਰਿਵਾਰ ਦਾ ਦਬਦਬਾ ਕਾਇਮ ਹੈ। ਭਾਜਪਾ ਵੱਲੋਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਜਾਂ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਸਭ ਤੋਂ ਵੱਡੇ ਚਿਹਰੇ ਹਨ। ਹਾਲਾਂਕਿ, ਪਾਰਟੀ ਦੇ ਟਕਸਾਲੀ ਅਤੇ ਨੌਜਵਾਨ ਆਗੂ ਵਰੁਣ ਜਿੰਦਲ ਅਤੇ ਭੁਪੇਸ਼ ਅਗਰਵਾਲ ਨੇ ਵੀ ਹਲਕੇ ਵਿਚ ਆਪਣੀਆਂ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਇੱਥੇ ਵੀ ਮੁਕਾਬਲਾ ਰੋਚਕ ਹੋਣ ਦੀ ਉਮੀਦ ਹੈ।