ਪੀਲੀਆ ਦਾ ਕਹਿਰ ਜਾਰੀ : ਮਰੀਜ਼ਾਂ ਦੀ ਗਿਣਤੀ ਹੋਈ 27, ਪਾਣੀ ਦੇ ਪੰਜ ਸੈਂਪਲ ਹੋਰ ਭਰੇ
ਪੀਲੀਆ ਦਾ ਕਹਿਰ ਜਾਰੀ- ਮਰੀਜ਼ਾਂ ਦੀ ਗਿਣਤੀ ਹੋਈ 27, ਪਾਣੀ ਦੇ ਪੰਜ ਸੈਂਪਲ ਹੋਰ ਭਰੇ
Publish Date: Fri, 12 Jun 2026 07:11 PM (IST)
Updated Date: Fri, 12 Jun 2026 07:14 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਸ਼ਹਿਰ ਦੇ ਸਰਹਿੰਦੀ ਗੇਟ ਨੇੜੇ ਡੋਗਰਾ ਮੁਹੱਲੇ ’ਚ ਆਉਟਬਰੇਕ ਹੋਏ ਪੀਲੀਏ ( ਹੈਪੇਟਾਈਟਸ-ਏ ਤੇ ਈ) ਦਾ ਕਹਿਰ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਪੀਲੀਆ ਦੇ ਕੇਸ ਆਉਣੇ ਲਗਾਤਾਰ ਜਾਰੀ ਹਨ ਤੇ ਸ਼ੁੱਕਰਵਾਰ ਨੂੰ ਵੀ 11 ਨਵੇਂ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 27 ਹੋ ਗਈ ਹੈ। ਇਸ ਸਮੇਂ ਪੰਜ ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਪ੍ਰਭਾਵਿਤ ਮਰੀਜ਼ਾਂ ’ਚੋਂ ਹੁਣ ਤਕ 10 ਕੇਸਾਂ ਦੇ ਖੂਨ ਦੇ ਟੈਸਟਾਂ ਰਾਹੀਂ ਹੈਪੇਟਾਈਟਸ-ਏ ਦੀ ਪੁਸ਼ਟੀ ਹੋਣ ’ਤੇ ਸਿਹਤ ਵਿਭਾਗ ਨੇ ਇਸ ਨੂੰ ਹੈਪੇਟਾਈਟਸ ਆਓਟਬਰੇਕ ਮੰਨਦੇ ਹੋਏ ਜਾਂਚ ਜਾਰੀ ਹੈ। ਸਿਹਤ ਟੀਮਾਂ ਘਰੋਂ ਘਰ ਜਾ ਕੇ ਮਰੀਜ਼ਾਂ ਦੀ ਜਾਂਚ ਕਰ ਰਹੀਆਂ ਹਨ। ਪੀਲੀਆ ਪ੍ਰਭਾਵਿਤ ਮਰੀਜ਼ਾਂ ਦੀ ਉਮਰ ਸਮੂਹ 4 ਤੋਂ 48 ਸਾਲ ਤੱਕ ਹੈ। ਬਿਮਾਰੀ ਫੈਲਣ ਦਾ ਖਦਸ਼ਾ ਪਾਣੀ ਰਾਹੀਂ ਫੈਲਣ ਵਾਲੇ ਸੰਕਰਮਣ ਦੀ ਸੰਭਾਵਨਾ ਜਾਪਦੀ ਹੈ, ਜਿਸ ਦੀ ਪੁਸ਼ਟੀ ਲਈ ਖਰੜ ਲੈਬ ਤੋਂ ਰਿਪੋਰਟ ਆਉਣੀ ਬਾਕੀ ਹੈ। ਸਿਹਤ ਵਿਭਾਗ ਵੱਲੋਂ ਅੱਜ ਪਾਣੀ ਦੇ ਪੰਜ ਹੋਰ ਨਵੇਂ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ ਹਨ ਤੇ ਨਗਰ ਨਿਗਮ ਵੱਲੋਂ ਪਾਣੀ ਦੀ ਸਪਲਾਈ ਟੈਂਕਰਾਂ ਰਾਹੀ ਕੀਤੀ ਜਾ ਰਹੀ ਹੈ। ਨਿਗਮ ਦੀ ਪੀਡਬਲਯੂਡੀ ਸਾਖਾ ਵੱਲੋਂ ਇਲਾਕੇ ’ਚ ਸੀਵਰੇਜ ਤੇ ਪਾਣੀ ਦੀਆਂ ਲਾਈਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਇਲਾਕੇ ਦੀ ਆਬਾਦੀ ਲਗਪਗ 1,119 ਤੇ ਘਰਾਂ ਦੀ ਗਿਣਤੀ 243 ਹੈ। ਜਾਣਕਾਰੀ ਅਨੁਸਾਰ 10 ਜੂਨ ਨੂੰ ਆਈਡੀਐਸਪੀ ਲੈਬੋਰਟਰੀ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਡੋਗਰਾ ਮੁਹੱਲਾ ਦੇ ਦੋ ਮਰੀਜ਼ਾਂ ਵਿਚ ਹੈਪੇਟਾਈਟਸ ਏ ਅਤੇ ਇਕ ਮਰੀਜ਼ ਵਿਚ ਹੈਪੇਟਾਈਟਸ ਈ ਦੀ ਪੁਸ਼ਟੀ ਹੋਈ ਸੀ, ਜਿਸ ਉਪਰੰਤ ਸਿਹਤ ਵਿਭਾਗ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਸੀ ਅਤੇ ਅੱਜ ਤੀਜੇ ਦਿਨ ਪੀਲੀਆ ਦੇ 27 ਸੱਕੀ ਕੇਸ ਸਾਹਮਣੇ ਆਏ ਹਨ। ਪਹਿਲਾ ਲਏ ਦਸ ਪਾਣੀ ਦੇ ਨਮੂਨੇ ਜਾਂਚ ਲਈ ਇਕੱਤਰ ਕੀਤੇ ਸਨ ਅਤੇ ਅੱਜ ਹੋਰ 5 ਸੈਂਪਲ ਟੈਸਟ ਲਈ ਭਰ ਗਏ ਹਨ। ਪ੍ਰਭਾਵਿਤ ਖੇਤਰ ਵਿਚ ਆਸ਼ਾ ਅਤੇ ਏਐੱਨਐੱਮ ਟੀਮਾਂ ਰਾਹੀਂ ਘਰ-ਘਰ ਕਲੋਰੀਨ ਗੋਲੀਆਂ ਤੇ ਓਆਰਐੱਸ ਪੈਕਟ ਵੰਡੇ ਜਾ ਰਹੇ ਹਨ। ਮੁਹੱਲੇ ਵਿਚ ਹੀ ਮੈਡੀਕਲ ਕੈਂਪ ਵੀ ਜਾਰੀ ਹੈ। ਫੀਲਡ ਸਰਵੇ ਦੌਰਾਨ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਵਾਸੀਆਂ ਨੂੰ ਬੁਖਾਰ, ਪੀਲੀਆ, ਦਸਤ, ਉਲਟੀਆਂ, ਪੇਟ ਦਰਦ ਜਾਂ ਹੋਰ ਸਬੰਧਤ ਲੱਛਣ ਹੋਣ ਤੇ ਤੁਰੰਤ ਸਿਹਤ ਟੀਮ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ। -ਏਡੀਸੀ ਸ਼ਹਿਰੀ ਵਿਕਾਸ ਕਰਨਗੇ ਜਾਂਚ : ਡਿਪਟੀ ਕਮਿਸ਼ਨਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡੋਗਰਾ ਮੁਹੱਲਾ ਵਿਖੇ ਹੈਪੇਟਾਈਟਸ ਏ ਦੇ ਸਾਹਮਣੇ ਆਏ ਮਾਮਲਿਆਂ ਦੀ ਜਾਂਚ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਇਸ ਦੀ ਜਾਂਚ ਰਿਪੋਰਟ ਤੁਰੰਤ ਸੌਪਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਲਾਜ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਨਿਰਦੇਸ਼ ਦੇਣ ਦੇ ਨਾਲ-ਨਾਲ ਨਗਰ ਨਿਗਮ ਨੂੰ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ। -ਸਿਹਤ ਮੰਤਰੀ ਨੇ ਕੀਤਾ ਪ੍ਰਭਾਵਿਤ ਏਰੀਏ ਦਾ ਦੌਰਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡੋਗਰਾ ਮੁਹੱਲਾ ਵਿਖੇ ਪੀਲੀਆ (ਹੈਪੇਟਾਈਟਸ-ਏ) ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਸਮੁੱਚੀ ਟੀਮ ਸਮੇਤ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਬਿਮਾਰ ਹੋਏ ਲੋਕਾ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ. ਕੁਸ਼ਲਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਆਏ ਪੀਲੀਆ ਹੈਪੇਟਾਈਟਸ-ਏ) ਦੇ ਕੁੱਲ 27 ਮਾਮਲਿਆਂ ’ਚੋਂ 5 ਮਰੀਜ਼ ਹਸਪਤਾਲ ਵਿਚ ਦਾਖਲ ਹਨ ਜਦਕਿ ਬਾਕੀ ਮਰੀਜ਼ਾਂ ਦਾ ਘਰ ਵਿਚ ਹੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ, ਚਿਕਨਗੁਨੀਆ, ਡਾਇਰੀਆ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਹੋਰ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਪੰਜਾਬ ਸਰਕਾਰ ਵੱਲੋਂ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਬਹੁ-ਵਿਭਾਗੀ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਾਣੀ ਵਿਚ ਬਦਬੂ, ਰੰਗ ਵਿਚ ਤਬਦੀਲੀ ਜਾਂ ਕਿਸੇ ਤਰ੍ਹਾਂ ਦੀ ਗੜਬੜ ਮਹਿਸੂਸ ਹੋਵੇ ਤਾਂ ਤੁਰੰਤ ਸਿਹਤ ਵਿਭਾਗ ਜਾਂ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।