ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰਾਂ ਨੇ ਕੀਤੀ ਰੋਸ ਰੈਲੀ
ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰਾਂ ਨੇ ਕੀਤੀ ਰੋਸ ਰੈਲੀ
Publish Date: Sun, 28 Jun 2026 06:34 PM (IST)
Updated Date: Mon, 29 Jun 2026 04:05 AM (IST)

ਤਨਖਾਹਾਂ ਚ ਵਾਧਾ, ਠੇਕੇਦਾਰੀ ਪ੍ਰਥਾ ਅਤੇ ਨਾਜਾਇਜ਼ ਸਰਵਿਸ ਬ੍ਰੇਕ ਸਿਸਟਮ ਖਤਮ ਕਰਨ ਦੀ ਕੀਤੀ ਮੰਗ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨੇੜਲੇ ਕਾਲਾਝਾੜ ਟੋਲ ਪਲਾਜ਼ਾ ਵਿਖੇ ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰਾਂ ਨੇ ਕੰਪਨੀ ਪ੍ਰਬੰਧਕਾਂ, ਠੇਕੇਦਾਰਾਂ ਤੇ ਸਥਾਨਕ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੁਝ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਤੇ ਕਾਮਿਆਂ ਵੱਲੋਂ ਦਿੱਤਾ ਗਿਆ। ਇਤਰਾਜ਼ ਨੋਟਿਸ ਵੀ ਪ੍ਰਾਪਤ ਨਾ ਕਰਨ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਤੇ ਮੈਨੇਜਮੈਂਟ, ਪ੍ਰਬੰਧਕਾਂ ਅਤੇ ਠੇਕੇਦਾਰਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੈਪਸੀਕੋ ਇੰਡੀਆ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਅਤੇ ਮੀਤ ਪ੍ਰਧਾਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ, ਸਮੂਹ ਠੇਕੇਦਾਰਾਂ ਅਤੇ ਸਥਾਨਕ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ 13 ਮੰਗਾਂ ਵਿੱਚੋਂ ਕੁਝ ਮੰਗਾਂ ਤੇ ਸਹਿਮਤੀ ਬਣੀ ਸੀ। ਇਸ ਅਨੁਸਾਰ ਕਾਮਿਆਂ ਨੂੰ 26 ਦਿਨ ਕੰਮ ਦੇਣਾ, ਵਰਕ ਲੋਡ ਘਟਾਉਣਾ ਆਦਿ ਮੰਗਾਂ ਮੰਨੀਆਂ ਗਈਆਂ ਸਨ, ਜਦਕਿ ਮੁੱਖ ਮੰਗਾਂ ਮਹਿੰਗਾਈ ਦੇ ਮੁਤਾਬਕ ਤਨਖਾਹਾਂ ਵਿੱਚ ਵਾਧਾ, ਸਰਵਿਸ ਵਿੱਚ ਬ੍ਰੇਕ ਸਿਸਟਮ ਖਤਮ ਕਰਨਾ ਅਤੇ ਡਿਊਟੀ ਲਈ ਟਰਾਂਸਪੋਰਟ ਦੀ ਸਹੂਲਤ ਦੇਣ ਸਬੰਧੀ 30 ਜੂਨ ਨੂੰ ਸਾਂਝੀ ਮੀਟਿੰਗ ਵਿੱਚ ਵਿਚਾਰ ਕਰਕੇ ਹੱਲ ਕਰਨ ਦਾ ਸਮਝੌਤਾ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਪ੍ਰਬੰਧਕਾਂ ਅਤੇ ਠੇਕੇਦਾਰਾਂ ਨੇ ਇਸ ਦੇ ਉਲਟ ਅਮਲ ਕਰਦਿਆਂ ਡਿਊਟੀ ਕਰ ਰਹੇ ਕਾਮਿਆਂ ਨੂੰ ਜਬਰੀ ਰੈਸਟ ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਨਵੀਂ ਭਰਤੀ ਕਰਕੇ ਪਹਿਲਾਂ ਤੋਂ ਕੰਮ ਕਰ ਰਹੇ ਕੰਟਰੈਕਟ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮਜ਼ਦੂਰ ਆਗੂਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਦਿੱਤਾ ਗਿਆ ਲਿਖਤੀ ਇਤਰਾਜ਼ ਪੱਤਰ ਵੀ ਕੰਪਨੀ ਪ੍ਰਬੰਧਕਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਕੰਟਰੈਕਟ ਮਜ਼ਦੂਰਾਂ ਦੀ ਕਮੇਟੀ ਦੇ ਪ੍ਰਧਾਨ ਕਸ਼ਮੀਰ ਸਿੰਘ, ਮੀਤ ਪ੍ਰਧਾਨ ਪ੍ਰਦੀਪ ਸਿੰਘ ਨੇ ਮੈਨੇਜਮੈਂਟ, ਪ੍ਰਬੰਧਕਾਂ ਅਤੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਗੈਰਕਾਨੂੰਨੀ ਲੁੱਟ ਨੂੰ ਖਤਮ ਕਰਨ, ਸਾਲਾਨਾ ਛੁੱਟੀਆਂ (ਲੀਵ) ਅਤੇ ਮਈ ਦਿਵਸ ਦੀ ਤਨਖਾਹ ਦੀ ਕਟੌਤੀ ਤੁਰੰਤ ਜਾਰੀ ਕਰਨ, ਮਜ਼ਦੂਰ ਵਿਰੋਧੀ ਸਾਰੇ ਕਦਮ ਵਾਪਸ ਲੈਣ ਅਤੇ 1 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਰਹਿੰਦੀਆਂ ਮੁੱਖ ਮੰਗਾਂ ਤਨਖਾਹਾਂ ਵਿੱਚ ਵਾਧਾ, ਸਰਵਿਸ ਬ੍ਰੇਕ ਸਿਸਟਮ ਬੰਦ ਕਰਨਾ ਅਤੇ ਕੰਟਰੈਕਟ ਵਰਕਰਾਂ ਨੂੰ ਵੀ ਡਿਊਟੀ ਲਈ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਉਣ ਨੂੰ ਪ੍ਰਵਾਨ ਕਰਕੇ ਸੁਖਾਵਾਂ ਮਾਹੌਲ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਜੀਤ ਸਿੰਘ ਮਹਿਲਾਂ, ਬਲਵਿੰਦਰ ਸਿੰਘ ਘਨੌੜ ਜੱਟਾਂ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.) ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਲੌਂਗੋਵਾਲ ਅਤੇ ਟੋਲ ਪਲਾਜ਼ਾ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਮੌਜੂਦ ਸਨ।