ਸੇਵਾ ਕੇਂਦਰਾਂ ਦੀ ਹੜਤਾਲ ਕਾਰਨ ਲੋਕ ਪਰੇਸ਼ਾਨ
ਸੇਵਾ ਕੇਂਦਰਾਂ ਦੀ ਹੜਤਾਲ ਕਾਰਨ ਲੋਕਾਂ ਦੀ ਵਧੀਆ ਪ੍ਰੇਸ਼ਾਨੀਆਂ
Publish Date: Tue, 09 Jun 2026 04:08 PM (IST)
Updated Date: Wed, 10 Jun 2026 04:03 AM (IST)

-ਕੰਮ ਕਾਜ ਨੂੰ ਲੈ ਕੇ ਲੋਕ ਸੇਵਾ ਕੇਂਦਰਾਂ ਅੱਗੇ ਹੋਣ ਰਹੇ ਖੱਜਲ-ਖੁਆਰ ਜਥੇਬੰਦੀ ਵੱਲੋਂ 10 ਦਿਨਾਂ ਲਈ ਹੋਰ ਹੜਤਾਲ ਜਾਰੀ ਰੱਖਣ ਦਾ ਐਲਾਨ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਭਰ ’ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੀ ਹੜਤਾਲ ਅੱਜ 15ਵੇਂ ਦਿਨ ’ਚ ਸ਼ਾਮਲ ਹੋ ਗਈ ਹੈ। ਮੁਲਾਜ਼ਮਾਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਸ਼ੇਰਪੁਰ ਦੇ ਸੇਵਾ ਕੇਂਦਰ ਇਲਾਕੇ ਦੇ 15 ਤੋਂ 20 ਪਿੰਡਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਇਥੇ ਹਰ ਰੋਜ਼ ਆਪਣਾ ਕੰਮ ਕਾਜ ਕਰਵਾਉਣ ਆਉਂਦੇ ਬਜ਼ੁਰਗ ਤੇ ਨੌਜਵਾਨ ਅਕਸਰ ਹੀ ਸੇਵਾ ਕੇਂਦਰ ਦੇ ਲੱਗੇ ਜਿੰਦਰੇ ਨੂੰ ਵੇਖ ਕੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜਥੇਬੰਦੀ ਇਸ ਹੜਤਾਲ ਨੂੰ 10 ਦਿਨਾਂ ਲਈ ਹੋਰ ਜਾਰੀ ਰੱਖੇ ਜਾਣ ਦਾ ਐਲਾਨ ਕਰ ਰਹੀ ਹੈ। ਗੱਲਬਾਤ ਕਰਦਿਆਂ ਵਿਦਿਆਰਥੀ ਨਵਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਆਪਣਾ ਵਜ਼ੀਫਾ ਅਪਲਾਈ ਕਰਨ ਲਈ ਪਿਛਲੇ 12-13 ਦਿਨਾਂ ਤੋਂ ਸੇਵਾ ਕੇਂਦਰ ਦੇ ਅੱਗੇ ਚੱਕਰ ਕੱਟ ਰਹੇ ਹਨ, ਪ੍ਰੰਤੂ ਸੇਵਾ ਕੇਂਦਰਾਂ ਦੀ ਚੱਲ ਰਹੀ ਹੜਤਾਲ ਕਾਰਨ ਉਹ ਆਪਣਾ ਵਜੀਫਾ ਅਪਲਾਈ ਨਹੀਂ ਕਰ ਸਕੇ। ਸਰਕਾਰੀ ਕੰਮਾਂ ਲਈ ਸੇਵਾ ਕੇਂਦਰਾਂ ਦਾ ਰੁਖ ਕਰਨ ਵਾਲੇ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ, ਜਦਕਿ ਘੱਟ ਤਨਖਾਹਾਂ ਤੇ ਵਧਦੇ ਕੰਮ ਦੇ ਬੋਝ ਕਾਰਨ ਕਰਮਚਾਰੀ ਵੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਸੇਵਾ ਕੇਂਦਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਕੰਮ ਜ਼ਿਆਦਾ ਤੇ ਤਨਖਾਹਾਂ ਘੱਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2018 ’ਚ ਸੇਵਾ ਕੇਂਦਰਾਂ ਦੀ ਗਿਣਤੀ ਘਟਾਏ ਜਾਣ ਤੋਂ ਬਾਅਦ ਸੇਵਾਵਾਂ ਦਾ ਦਾਇਰਾ ਤਾਂ ਲਗਾਤਾਰ ਵਧਾਇਆ ਗਿਆ, ਪਰ ਸੇਵਾ ਕੇਂਦਰਾਂ ਤੇ ਕਰਮਚਾਰੀਆਂ ਦੀ ਗਿਣਤੀ ’ਚ ਲੋੜੀਂਦਾ ਵਾਧਾ ਨਹੀਂ ਕੀਤਾ ਗਿਆ। ਨਤੀਜੇ ਵਜੋਂ ਮੌਜੂਦਾ ਸੇਵਾ ਕੇਂਦਰਾਂ ’ਤੇ ਲੋਕਾਂ ਦੀ ਭੀੜ ਦਿਨੋਂ-ਦਿਨ ਵਧਦੀ ਜਾ ਰਹੀ ਹੈ ਤੇ ਕਰਮਚਾਰੀ ਭਾਰੀ ਕੰਮ ਦੇ ਬੋਝ ਹੇਠ ਕੰਮ ਕਰਨ ਲਈ ਮਜ਼ਬੂਰ ਹਨ। ਇਸ ਲਈ ਮਜ਼ਬੂਰਨ ਬਸ ਪੰਜਾਬ ਦੇ ਕਈ ਸੇਵਾ ਕੇਂਦਰਾਂ ’ਚ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ, ਜਿਸ ਕਾਰਨ ਸਰਕਾਰੀ ਸੇਵਾਵਾਂ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ। ਡੱਬੀ ਜਿੰਨੀ ਦੇਰ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਨੀ ਦੇਰ ਸੰਘਰਸ਼ ਜਾਰੀ ਰਹੇਗਾ ਦੂਜੇ ਪਾਸੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਮਾਝਾ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਨੀ ਦੇਰ ਤੱਕ ਇਹ ਸੰਘਰਸ਼ ਖਤਮ ਨਹੀਂ ਹੋਣਗੇ। ਉਹਨਾਂ ਇਹ ਵੀ ਦੱਸਿਆ ਕਿ ਭਾਵੇਂ ਸੂਬੇ ਦੇ ਕੁਝ ਸੇਵਾ ਕੇਂਦਰਾਂ ਵਿੱਚ ਸਰਕਾਰ ਨੇ ਨਵੀਂ ਭਰਤੀ ਕਰ ਲਈ ਸੀ, ਪ੍ਰੰਤੂ ਨਵੇਂ ਮੁਲਾਜ਼ਮਾਂ ਨੂੰ ਕੰਮ ਨਾ ਆਉਣ ਕਰਕੇ ਆਮ ਲੋਕ ਖੱਜਲ ਖੁਆਰ ਹੋ ਰਹੇ।