ਪੈਨਸ਼ਨਰਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਪੈਨਸ਼ਨਰਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
Publish Date: Sat, 13 Jun 2026 05:57 PM (IST)
Updated Date: Sun, 14 Jun 2026 04:03 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਤਹਿਸੀਲ ਕੰਪਲੈਕਸ ਵਿੱਚ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਅਤੇ ਪਿਛਲੇ ਦਿਨੀ ਪਟਿਆਲਾ ਪੁਲਿਸ ਪ੍ਰਸ਼ਾਸਨ ਵਲੋਂ ਆਪਣੇ ਹੱਕਾਂ ਦੀ ਰਾਖੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਬਿਜਲੀ ਬੋਰਡ ਦੇ ਸਹਾਇਕ ਲਾਈਨਮੈਨਾਂ ਤੇ ਕੀਤੇ ਲਾਠੀਚਾਰਜ ਅਤੇ ਅਣਮਨੁੱਖੀ ਵਰਤਾਰੇ ਦੀ ਘੋਰ ਨਿੰਦਾ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਯੁਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜੰਟ ਸਿੰਘ ਸੋਹੀ ਚੇਅਰਮੈਨ ਨੇ ਕਰਦਿਆਂ ਕਿਹਾ ਕਿ ਆਪਣੇ ਹੱਕ ਮੰਗਦੇ ਲੋਕਾਂ ਤੇ ਲਾਠੀਚਾਰਜ ਕਰਨਾ ਬੇਹੱਦ ਨਿੰਦਣਯੋਗ ਹੈ, ਜਿਸਨੂੰ ਸਹਿਣ ਨਹੀ ਕੀਤਾ ਜਾ ਸਕਦਾ ਅਤੇ ਇਸਦਾ ਡਟਕੇ ਵਿਰੋਧ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੀ ਬਜਾਏ ਡੰਡਿਆਂ ਨਾਲ ਕੁੱਟ ਰਹੀ ਹੈ। ਜਦਕਿ ਸੱਤਾ ਵਿੱਚ ਆਉਣ ਤੋ ਪਹਿਲਾਂ ਇਨ੍ਹਾਂ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੇ ਵਾਅਦੇ ਕਰਕੇ ਸਰਕਾਰ ਸੱਤਾ ਵਿੱਚ ਆਈ ਸੀ। ਅਵਿਨਾਸ਼ ਸ਼ਰਮਾ, ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਰਵਿੰਦਰ ਸਿੰਘ ਗੁੱਡੂ ਸਰਪ੍ਰਸਤ, ਪ੍ਰਿੰਸੀਪਲ ਹਰਵਿੰਦਰ ਸਿੰਘ ਭੱਠਲ, ਸਤਪਾਲ ਸਿੰਗਲਾ ਨੇ ਕਿਹਾ ਕਿ ਆਪਣੀ ਸਰਵਿਸ ਨੂੰ ਰੈਗੂਲਰ ਕਰਵਾਉਣ ਲਈ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਡੰਡਾ ਤੰਤਰ ਵਰਤ ਕੇ ਮਾਸੂਮਾਂ ਨੂੰ ਛੱਲੀਆਂ ਵਾਂਗ ਕੁੱਟਿਆ ਅਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਸ਼ੰਘਰਸਸ਼ੀਲ ਨੌਜਵਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵਿਚ ਮੁਲਾਜ਼ਮ ਸਰਕਾਰ ਵਿਰੁੱਧ ਭੁਗਤਣਗੇ। ਪੈਨਸ਼ਨਰਾਂ ਨੇ ਮੰਗ ਕੀਤੀ 2.59 ਦਾ ਗੁਣਾਂਕ ਦਿੱਤਾ ਜਾਵੇ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ 8 ਅਪ੍ਰੈਲ ਨੂੰ ਸਿਵਲ ਰਿੱਟ ਦੇ ਕੀਤੇ ਫੈਸਲੇ ਅਨੁਸਾਰ 1 ਜਨਵਰੀ 16 ਤੋ 30 ਜੂਨ 2021 ਤੱਕ ਛੇਵੇ ਪੇਅ ਕਮੀਸ਼ਨ ਅਨੁਸਾਰ ਫਿਕਸ ਹੋਈ ਪੈਨਸ਼ਨ ਦਾ ਏਰੀਅਰ ਜਾਰੀ ਕੀਤਾ ਜਾਵੇ। ਕੇਦਰ ਸਰਕਾਰ ਦੇ ਬਰਾਬਰ ਡੀਏ ਜੋ ਕਿ 60 ਫੀਸਦੀ ਹੈ, ਜਦੋਕਿ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ 42 ਪ੍ਰਤੀਸ਼ਤ ਦਿੱਤਾ ਜਾ ਰਿਹਾ ਹੈ। ਬਾਕੀ 18 ਫੀਸਦੀ ਡੀੇ ਸਮੇਤ ਏਰੀਅਰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਹੱਲ ਕਰਨ ਲਈ 17 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਨੰਦ ਲਾਲ ਮਲਹੋਤਰਾ, ਲਾਭ ਸਿੰਘ ਦੇਵਿੰਦਰ ਜਿੰਦਲ, ਸੁਖਦੇਵ ਸਿੰਘ ਜੱਸੀ, ਓਮ ਪ੍ਰਕਾਸ਼ ਸ਼ਰਮਾ, ਗੁਰਦੇਵ ਸਿੰਘ ਲੂੰਬਾ, ਸੁਰਿੰਦਰ ਪਾਲ ਸਿੰਘ ਸਿਦਕੀ, ਪੀਸੀ ਬਾਘਾ, ਹਰਪਾਲ ਸਿੰਘ ਸੰਗਰੂਰਵੀ, ਜਰਨੈਲ ਸਿੰਘ ਲੁਬਾਣਾ, ਸੁਰਿੰਦਰ ਸਿੰਘ ਸੋਢੀ, ਮਨਮੋਹਨ ਸਿੰਘ, ਮਲਕੀਤ ਸਿੰਘ ਸਕਰੌਦੀ ਹਾਜ਼ਰ ਸਨ।