ਭਾਸ਼ਾਈ ਵਿਭਿੰਨਤਾ ਨੂੰ ਸੰਭਾਲਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ : ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ '53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ' ਆਰੰਭ
Publish Date: Thu, 18 Jun 2026 06:39 PM (IST)
Updated Date: Fri, 19 Jun 2026 04:10 AM (IST)

ਪੀਯੂ ਵਿਖੇ 53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ ਆਰੰਭ, ਵੱਖ-ਵੱਖ ਰਾਜਾਂ ਅਤੇ ਕੇਂਦਰੀ ਯੂਨੀਵਰਸਿਟੀਆਂ ਤੋਂ ਪੁੱਜੇ ਨਾਮਵਰ ਭਾਸ਼ਾ ਵਿਗਿਆਨੀ ਸੀਨੀਅਰ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਤਿੰਨ ਰੋਜ਼ਾ 53ਵੀਂ ਆਲ ਇੰਡੀਆ ਦ੍ਰਾਵਿੜੀਅਨ ਭਾਸ਼ਾ ਵਿਗਿਆਨੀ ਕਾਨਫ਼ਰੰਸ ਆਰੰਭ ਹੋ ਗਈ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ, ਦ੍ਰਾਵਿੜ ਲਿੰਗੁਇਸਟਿਕਸ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜ ਲਿੰਗੁਇਸਟਿਕਸ ਵੱਲੋਂ ਸੀ. ਆਈ.ਆਈ.ਐੱਲ. ਮੈਸੂਰ ਅਤੇ ਆਈ.ਸੀ.ਐੱਸ.ਐੱਸ.ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਸ਼ਾ ਦੀ ਮਹੱਤਤਾ ਨੂੰ ਬਹੁਤ ਹੀ ਗੰਭੀਰਤਾ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਆਪਸੀ ਸੰਚਾਰ ਜਾਂ ਰਾਬਤਾ ਕਾਇਮ ਕਰਨ ਦਾ ਸਾਧਨ ਨਹੀਂ ਹੈ, ਬਲਕਿ ਇਹ ਕਿਸੇ ਵੀ ਸਮਾਜ ਦੀ ਸੰਸਕ੍ਰਿਤੀ, ਅਮੀਰ ਵਿਰਾਸਤ ਅਤੇ ਉਸਦੀ ਹੋਂਦ ਦੀ ਪਛਾਣ ਦਾ ਪ੍ਰਤੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਭਾਸ਼ਾ ਅਲੋਪ ਹੁੰਦੀ ਹੈ, ਤਾਂ ਉਸ ਨਾਲ ਇੱਕ ਪੂਰਾ ਸੱਭਿਆਚਾਰ ਅਤੇ ਸਦੀਆਂ ਪੁਰਾਣਾ ਗਿਆਨ-ਵਿਗਿਆਨ ਵੀ ਖ਼ਤਮ ਹੋ ਜਾਂਦਾ ਹੈ। ਇਸ ਲਈ ਮੌਜੂਦਾ ਦੌਰ ਵਿੱਚ ਭਾਸ਼ਾਈ ਵਿਭਿੰਨਤਾ ਨੂੰ ਸੰਭਾਲਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮਕਸਦ ਹੀ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ। ਅਜਿਹੀਆਂ ਕਾਨਫ਼ਰੰਸਾਂ ਉੱਤਰ ਅਤੇ ਦੱਖਣ ਦੀਆਂ ਭਾਸ਼ਾਵਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਅਤੇ ਅਕਾਦਮਿਕ ਖੋਜ ਦੇ ਨਵੇਂ ਦਿਸਹੱਦੇ ਕਾਇਮ ਕਰਨ ਵਿੱਚ ਮੀਲ ਪੱਥਰ ਸਾਬਤ ਹੁੰਦੀਆਂ ਹਨ। ਤਾਮਿਲ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਅਤੇ ਐੱਲ.ਐੱਸ.ਆਈ. ਪੂਨਾ ਦੇ ਪ੍ਰਧਾਨ ਪ੍ਰੋ. ਕੇ. ਕਰੁਣਾਕਰਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਉੱਚ ਸਿੱਖਿਆ ਨੂੰ ਸਿਰਫ਼ ਅਕਾਦਮਿਕ ਸਿਧਾਂਤਾਂ ਅਤੇ ਡਿਗਰੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਇਸ ਨੂੰ ਸਮਾਜ ਦੀਆਂ ਵਿਆਪਕ ਲੋੜਾਂ ਪੂਰੀਆਂ ਕਰਨ ਵਾਲਾ ਹੋਣਾ ਚਾਹੀਦਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਆਏ ਭਾਸ਼ਾ ਵਿਗਿਆਨ ਦੇ ਉੱਘੇ ਮਾਹਰ ਪ੍ਰੋ. ਐਮ. ਜੇ. ਵਾਰਸੀ ਨੇ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਭਾਰਤ ਦੀ ਭਾਸ਼ਾਈ ਵਿਰਾਸਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੁਮੇਲ ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਏ.ਆਈ. ਤਕਨਾਲੋਜੀ ਨੂੰ ਭਾਸ਼ਾ ਵਿਗਿਆਨੀਆਂ ਦੀ ਸਹੀ ਅਗਵਾਈ ਮਿਲੇ, ਤਾਂ ਇਹ ਰਾਸ਼ਟਰੀ ਏਕਤਾ ਅਤੇ ਸਿੱਖਿਆ ਦੇ ਪਾਸਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਬਣ ਸਕਦੀ ਹੈ। ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ, ਡੀ.ਐੱਲ.ਏ. ਦੇ ਵਾਈਸ-ਪ੍ਰੈਜੀਡੈਂਟ ਅਤੇ ਸਾਬਕਾ ਡੀਨ ਭਾਸ਼ਾਵਾਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ਕਾਨਫ਼ਰੰਸ ਦੀ ਇਤਿਹਾਸਕ ਮਹੱਤਤਾ ਤੇ ਰੌਸ਼ਨੀ ਪਾਉਂਦਿਆਂ ਦ੍ਰਾਵਿੜ ਅਤੇ ਇੰਡੋ-ਆਰੀਅਨ ਭਾਸ਼ਾ ਪਰਿਵਾਰਾਂ ਦੇ ਆਪਸੀ ਸਬੰਧਾਂ, ਭਾਸ਼ਾਈ ਤਾਣੇ-ਬਾਣੇ ਅਤੇ ਇਸ ਤਿੰਨ-ਰੋਜ਼ਾ ਸਮਾਗਮ ਦੇ ਮੁੱਖ ਅਕਾਦਮਿਕ ਏਜੰਡੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਪੰਜਾਬੀ ਵਿਭਾਗ ਦੇ ਮੁਖੀ ਅਤੇ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ ਨੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਰੂਪ-ਰੇਖਾ ਸਾਂਝੀ ਕੀਤੀ। ਡੀ.ਐੱਲ.ਏ. ਦੇ ਡੀਨ ਅਤੇ ਆਈ.ਐੱਸ.ਡੀ.ਐੱਲ. ਦੇ ਡਾਇਰੈਕਟਰ, ਪ੍ਰੋ. ਜੀ. ਕੇ. ਪਨੀਕਰ ਨੇ ਸੰਸਥਾ ਦੇ ਮੋਢੀ ਵਿਦਵਾਨਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰੀ ਯੂਨੀਵਰਸਿਟੀਆਂ ਤੋਂ ਨਾਮਵਰ ਭਾਸ਼ਾ ਵਿਗਿਆਨੀ, ਉੱਘੇ ਵਿਦਵਾਨ ਅਤੇ ਨੌਜਵਾਨ ਖੋਜਾਰਥੀ ਪਟਿਆਲਾ ਵਿਖੇ ਪਹੁੰਚੇ ਹਨ।