- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਭਾ ਦੇ ਨੇੜਲੇ ਪਿੰਡ ਥੂਹੀ ਵਿਖੇ ਕਥਿਤ ਤੌਰ ’ਤੇ ਜ਼ਹਿਰੀਲੀ ਸਪਰਿਟ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ ਹਾਲਤ ਵਿੱਚ ਪੀੜਤ ਵਿਅਕਤੀ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਦੇ ਨੇੜਲੇ ਪਿੰਡ ਥੂਹੀ ਵਿਖੇ ਕਥਿਤ ਤੌਰ ’ਤੇ ਜ਼ਹਿਰੀਲੀ ਸਪਰਿਟ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ ਹਾਲਤ ਵਿੱਚ ਪੀੜਤ ਵਿਅਕਤੀ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਪਿਰਿਟ ਨੂੰ ਨਸ਼ੇ ਦੇ ਤੌਰ ’ਤੇ ਸ਼ਰੇਆਮ ਵੇਚਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ 70 ਸਾਲਾ ਬਜ਼ੁਰਗ ਮੇਵਾ ਸਿੰਘ ਨੇ ਬੀਤੇ ਸੋਮਵਾਰ ਨੂੰ ਪਿੰਡ ਦੇ ਹੀ ਮਲਕੀਤ ਸਿੰਘ ਨਾਂ ਦੇ ਵਿਅਕਤੀ ਕੋਲੋਂ ਸਪਰਿਟ ਲੈ ਕੇ ਪੀਤੀ ਸੀ। ਇਸ ਤੋਂ ਤੁਰੰਤ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਾਭਾ ਵਿਖੇ ਭਰਤੀ ਕਰਵਾਇਆ ਗਿਆ, ਪਰ ਮੰਗਲਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਮੇਵਾ ਸਿੰਘ ਦੇ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਜਿਸ ਮਲਕੀਤ ਸਿੰਘ ਵੱਲੋਂ ਇਹ ਨਸ਼ਾ ਵੇਚਿਆ ਜਾ ਰਿਹਾ ਸੀ, ਉਸ ਦੇ ਆਪਣੇ ਪੁੱਤਰ ਭਰਪੂਰ ਸਿੰਘ ਨੇ ਵੀ ਸੋਮਵਾਰ ਨੂੰ ਬਚੀ ਹੋਈ ਸਪਰਿਟ ਪੀ ਲਈ ਸੀ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਇਸੇ ਪਿੰਡ ਦਾ ਬਲਵਿੰਦਰ ਸਿੰਘ, ਜੋ ਰੇੜ੍ਹੀ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ, ਵੀ ਇਸ ਜ਼ਹਿਰੀਲੇ ਨਸ਼ੇ ਦਾ ਸ਼ਿਕਾਰ ਹੋ ਗਿਆ। ਬਲਵਿੰਦਰ ਸਿੰਘ ਦੀ ਪਤਨੀ ਅਤੇ ਬੇਟੀ ਨੇ ਦੱਸਿਆ ਕਿ ਸਸਤਾ ਨਸ਼ਾ ਹੋਣ ਕਰਕੇ ਬਲਵਿੰਦਰ ਪਿਛਲੇ ਕੁੱਝ ਸਮੇਂ ਤੋਂ ਇਹ ਸਪਿਰਿਟ ਪੀਣ ਦਾ ਆਦੀ ਸੀ। ਸੋਮਵਾਰ ਨੂੰ ਸਪਿਰਿਟ ਪੀਣ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਉਸ ਨੂੰ ਪਹਿਲਾਂ ਨਾਭਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਵਿਚ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਪੰਚਾਇਤਾਂ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਮ੍ਰਿਤਕ ਮੇਵਾ ਸਿੰਘ ਦੇ ਪੁੱਤਰ ਜਸਪਾਲ ਸਿੰਘ, ਭੈਣ ਅਤੇ ਹੋਰ ਰਿਸ਼ਤੇਦਾਰਾਂ ਨੇ ਪਿੰਡ ਦੀ ਪੰਚਾਇਤ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਰੇਆਮ ਵਿਕ ਰਹੇ ਅਜਿਹੇ ਘਾਤਕ ਨਸ਼ਿਆਂ ਨੂੰ ਰੋਕਣ ਲਈ ਪੰਚਾਇਤਾਂ ਨੂੰ ਮਤੇ ਪਾਸ ਕਰ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੀੜਤ ਪਰਿਵਾਰਾਂ ਨੇ ਨਸ਼ੇ ਦੀ ਸਪਲਾਈ ਕਰਨ ਵਾਲੇ ਮੁੱਖ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।
ਕੁਦਰਤੀ ਮੌਤ ਦੇ ਬਿਆਨ, ਪਰ ਜਾਂਚ ਜਾਰੀ : ਥਾਣਾ ਮੁਖੀ
ਦੂਜੇ ਪਾਸੇ, ਥਾਣਾ ਸਦਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਹਨ। ਜਦੋਂ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐਸ.ਐਚ.ਓ. ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੇ ਸ਼ੁਰੂਆਤੀ ਬਿਆਨਾਂ ਵਿੱਚ ਮੌਤ ਦਾ ਕਾਰਨ ਕੁਦਰਤੀ ਦੱਸਿਆ ਗਿਆ ਸੀ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਨਸ਼ੇ ਜਾਂ ਸਪਿਰਿਟ ਪੀਣ ਨਾਲ ਮੌਤ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।