- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੁਪਿੰਦਰਾ ਰੋਡ ਸਥਿਤ ਜੱਗੀ ਸਵੀਟਸ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਆਪਣੇ ਸਾਥੀ ਕਰਮਚਾਰੀ ਦੀ ਦੋਸਤ ਲੜਕੀ ਨੂੰ ਮੈਸੇਜ ਕਰ ਦਿੱਤਾ। ਇਸ ਗੱਲ 'ਤੇ ਸਾਥੀ ਕਰਮਚਾਰੀ ਨੇ ਇਤਰਾਜ਼ ਜਤਾਇਆ ਪਰ ਮੈਸੇਜ ਕਰਨਾ ਬੰਦ ਨਾ ਹੋਣ ਕਾਰਨ ਰੰਜਿਸ਼ ਪੈਦਾ ਹੋ ਗਈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਭੁਪਿੰਦਰਾ ਰੋਡ ਸਥਿਤ ਜੱਗੀ ਸਵੀਟਸ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਆਪਣੇ ਸਾਥੀ ਕਰਮਚਾਰੀ ਦੀ ਦੋਸਤ ਲੜਕੀ ਨੂੰ ਮੈਸੇਜ ਕਰ ਦਿੱਤਾ। ਇਸ ਗੱਲ 'ਤੇ ਸਾਥੀ ਕਰਮਚਾਰੀ ਨੇ ਇਤਰਾਜ਼ ਜਤਾਇਆ ਪਰ ਮੈਸੇਜ ਕਰਨਾ ਬੰਦ ਨਾ ਹੋਣ ਕਾਰਨ ਰੰਜਿਸ਼ ਪੈਦਾ ਹੋ ਗਈ। ਜਿਸ ਕਾਰਨ ਸ਼ੁੱਕਰਵਾਰ ਰਾਤ ਡਿਊਟੀ ਖ਼ਤਮ ਹੋਣ ਤੋਂ ਬਾਅਦ ਨੌਜਵਾਨ ਨੂੰ ਘੇਰ ਕੇ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਛੁਰੇ ਨਾਲ ਵਾਰ ਕੀਤੇ ਜਾਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 17 ਸਾਲਾ ਮਯੰਕ ਵਾਸੀ ਨਰੂਗਪੁਰ, ਜ਼ਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਉਹ ਇਨੀਂ ਦਿਨੀਂ ਆਪਣੇ ਭਰਾ ਨਾਲ 22 ਨੰਬਰ ਫਾਟਕ ਨੇੜੇ ਅਜੀਤ ਨਗਰ ’ਚ ਕਿਰਾਏ 'ਤੇ ਰਹਿ ਰਿਹਾ ਸੀ। ਘਟਨਾ ਸ਼ਨਿਚਰਵਾਰ ਰਾਤ ਕਰੀਬ 12 ਵਜੇ ਵਾਪਰੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਰਾਜਿੰਦਰ ਕੁਮਾਰ ਦੇ ਬਿਆਨਾਂ 'ਤੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਚਾਰ ਦੀ ਪਛਾਣ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਮਯੰਕ ਤੇ ਮੁੱਖ ਦੋਸ਼ੀ ਜੱਗੀ ਸਵੀਟਸ ’ਚ ਇਕੱਠੇ ਕੰਮ ਕਰਦੇ ਸਨ। ਮੁਲਜ਼ਮ ਦੀ ਇਕ ਦੋਸਤ ਲੜਕੀ ਨਾਲ ਮਯੰਕ ਦੀ ਵੀ ਜਾਣ-ਪਛਾਣ ਹੋ ਗਈ ਸੀ ਤੇ ਉਹ ਆਪਸ ’ਚ ਗੱਲਬਾਤ ਕਰਦੇ ਰਹਿੰਦੇ ਸਨ। ਇਸ ਗੱਲ ਨੂੰ ਲੈ ਕੇ ਮੁਲਜ਼ਮ ਨੇ ਇਤਰਾਜ਼ ਕੀਤਾ ਸੀ, ਪਰ ਮਯੰਕ ਵੱਲੋਂ ਮੈਸੇਜ ਕਰਨਾ ਜਾਰੀ ਰੱਖਿਆ ਗਿਆ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਸ਼ੁੱਕਰਵਾਰ ਨੂੰ ਦੋਸ਼ੀ ਨੇ ਮਯੰਕ ਨੂੰ ਮਿਲ ਕੇ ਗੱਲ ਕਰਨ ਲਈ ਕਿਹਾ। ਰਾਤ 11 ਵਜੇ ਤੋਂ ਬਾਅਦ ਜਦੋਂ ਮਯੰਕ, ਉਸ ਦਾ ਭਰਾ ਗੋਲੂ ਤੇ ਹੋਰ ਕਰਮਚਾਰੀ ਪੈਦਲ ਆਪਣੇ ਕਮਰੇ ਵੱਲ ਜਾ ਰਹੇ ਸਨ ਤਾਂ ਮਲਜ਼ਮ ਕਰੀਬ 9 ਸਾਥੀਆਂ ਨਾਲ ਲਾਠੀਆਂ, ਤਲਵਾਰਾਂ ਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਮੋਟਰਸਾਈਕਲਾਂ 'ਤੇ ਉੱਥੇ ਪਹੁੰਚ ਗਿਆ। ਗੋਲੂ ਮੁਤਾਬਕ ਹਮਲਾਵਰਾਂ ਨੇ ਆਉਂਦੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਬਚਾਅ ਲਈ ਉਹ ਇਕ ਦੁਕਾਨ ’ਚ ਦਾਖ਼ਲ ਹੋ ਗਏ, ਪਰ ਹਮਲਾਵਰਾਂ ਨੇ ਦੁਕਾਨ ’ਚ ਵੀ ਭੰਨ-ਤੋੜ ਕੀਤੀ ਤੇ ਮਯੰਕ ਨੂੰ ਬਾਹਰ ਕੱਢ ਕੇ ਉਸ 'ਤੇ ਛੁਰੇ ਨਾਲ ਵਾਰ ਕਰ ਦਿੱਤਾ। ਢਿੱਡ ਤੇ ਛਾਤੀ ਵਿਚਕਾਰ ਲੱਗਾ ਛੁਰਾ ਆਰ-ਪਾਰ ਹੋ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਵੀ ਉਸ ਦੀ ਕੁੱਟਮਾਰ ਕੀਤੀ ਗਈ। ਹਮਲੇ ਦੌਰਾਨ ਮਯੰਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਉਸ ਦੇ ਭਰਾ ਗੋਲੂ ਨਾਲ ਵੀ ਕੁੱਟਮਾਰ ਕੀਤੀ ਗਈ। ਘਟਨਾ ਮਗਰੋਂ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਜਲਦ ਹੋਵੇਗੀ ਗ੍ਰਿਫ਼ਤਾਰੀ : ਐੱਸਐੱਚਓ
ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਮਹਿਲਾ ਮਿੱਤਰ ਨੂੰ ਮੈਸੇਜ ਕਰਨ ਦੇ ਵਿਵਾਦ ਕਾਰਨ ਵਾਪਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਮਾਡਲ ਟਾਊਨ ਚੌਕੀ ਇੰਚਾਰਜ ਐੱਸਆਈ ਲਵਦੀਪ ਸੰਧੂ ਦੀ ਅਗਵਾਈ ਹੇਠ ਟੀਮ ਛਾਪੇਮਾਰੀ ਕਰ ਰਹੀ ਹੈ। ਚਾਰ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।