- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਇਸ ਸਾਜ਼ਿਸ਼ ਬਾਰੇ ਚੰਡੀਗੜ੍ਹ ਦੇ ਇੱਕ ਉੱਚ ਸਰਕਾਰੀ ਸਰੋਤ ਤੋਂ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਨਿਸ਼ਾਨਾ ਬਣਾਉਣ ਦੇ ਅਸਾਰ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆ ਰਹੇ ਸਨ। ਉਨ੍ਹਾਂ ਨੇ ਨੌਕਰਸ਼ਾਹੀ ਦੇ ਅੜੀਅਲ ਵਤੀਰੇ ਨੂੰ ਜਨਤਕ ਕਰਦਿਆਂ 5 ਮੁੱਖ ਨੁਕਤੇ ਸਾਂਝੇ ਕੀਤੇ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਪ੍ਰਸਿੱਧ ਲੇਖਕ ਜਸਵੰਤ ਸਿੰਘ ਜ਼ਫ਼ਰ ਨੇ ਉੱਚ ਅਫ਼ਸਰਸ਼ਾਹੀ ਦੇ ਖ਼ਿਲਾਫ਼ ਸਿੱਧੇ ਤੌਰ 'ਤੇ ਮੋਰਚਾ ਖੋਲ੍ਹ ਦਿੱਤਾ। ਆਪਣੇ ਕਾਰਜਕਾਲ ਦੇ ਸਫ਼ਲਤਾਪੂਰਵਕ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਡਾਇਰੈਕਟਰ ਜ਼ਫ਼ਰ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਬੇਹੱਦ ਸਨਸਨੀਖੇਜ਼ ਪੱਤਰ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਚੰਡੀਗੜ੍ਹ ਵਿੱਚ ਬੈਠਾ ਨੌਕਰਸ਼ਾਹੀ ਦਾ ਇੱਕ ਖ਼ਾਸ ਗਰੁੱਪ ਪੰਜਾਬ ਦੇ ਵੱਕਾਰੀ 'ਭਾਸ਼ਾ ਵਿਭਾਗ ਦਾ ਭੋਗ ਪਾਉਣ' ਲਈ ਲਗਾਤਾਰ ਤਰਲੋ-ਮੱਛੀ ਹੋ ਰਿਹਾ ਹੈ। ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਇਸ ਸਾਜ਼ਿਸ਼ ਬਾਰੇ ਚੰਡੀਗੜ੍ਹ ਦੇ ਇੱਕ ਉੱਚ ਸਰਕਾਰੀ ਸਰੋਤ ਤੋਂ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਨਿਸ਼ਾਨਾ ਬਣਾਉਣ ਦੇ ਅਸਾਰ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆ ਰਹੇ ਸਨ। ਉਨ੍ਹਾਂ ਨੇ ਨੌਕਰਸ਼ਾਹੀ ਦੇ ਅੜੀਅਲ ਵਤੀਰੇ ਨੂੰ ਜਨਤਕ ਕਰਦਿਆਂ 5 ਮੁੱਖ ਨੁਕਤੇ ਸਾਂਝੇ ਕੀਤੇ ਹਨ।
ਸੂਬੇ ਦੇ ਮੁੱਖ ਮੰਤਰੀ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਕੋਲ ਛਪਾਈ ਲਈ ਤਿਆਰ ਪਈਆਂ ਵਿਭਾਗ ਦੀਆਂ ਲਗਭਗ 70 ਕਿਤਾਬਾਂ ਦੇ ਪ੍ਰਕਾਸ਼ਨ ਲਈ ਕੋਈ ਬੱਜਟ ਜਾਰੀ ਨਹੀਂ ਕੀਤਾ ਗਿਆ। ਪਿਛਲੇ ਤਿੰਨ ਮਹੀਨਿਆਂ ਦੌਰਾਨ ਕਰਵਾਏ ਗਏ 5-6 ਅਹਿਮ ਸਾਹਿਤਕ ਸਮਾਗਮਾਂ ਦੀਆਂ ਅਦਾਇਗੀਆਂ 'ਤੇ ਜਾਣਬੁੱਝ ਕੇ ਰੋਕ ਲਗਾ ਦਿੱਤੀ ਗਈ ਹੈ। ਸੇਵਾਦਾਰਾਂ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਖਾਲੀ ਪਈਆਂ 70 ਦੇ ਕਰੀਬ ਅਸਾਮੀਆਂ ਵਿਰੁੱਧ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ 1 ਅਪ੍ਰੈਲ ਤੋਂ ਬਾਅਦ ਕੰਮ 'ਤੇ ਰੱਖਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਜਾਇਜ਼ ਤਰੱਕੀਆਂ ਦੇਣ ਤੋਂ ਐਲਾਨੀਆ ਤੌਰ 'ਤੇ ਇਨਕਾਰ ਕਰ ਦਿੱਤਾ ਗਿਆ ਹੈ। ਲੇਖਕਾਂ ਦੇ ਠਹਿਰਨ ਲਈ ਬਣੇ ਭਾਸ਼ਾ ਵਿਭਾਗ ਦੇ 'ਸਾਹਿਤ ਸਦਨ' ਤੋਂ ਐਨ.ਸੀ.ਸੀ. ਦਾ ਕਬਜ਼ਾ ਹਟਾਉਣ ਲਈ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਰਗਰਮੀਆਂ ਤੋਂ ਖਿੱਝੀ ਅਫ਼ਸਰਸ਼ਾਹੀ, ਟੀਮ ਦੇ ਹੌਸਲੇ ਬੁਲੰਦ
ਡਾਇਰੈਕਟਰ ਜ਼ਫ਼ਰ ਨੇ ਤਨਜ਼ ਕਸਦਿਆਂ ਕਿਹਾ ਕਿ ਸ਼ਾਇਦ ਅਫ਼ਸਰਸ਼ਾਹੀ ਨੂੰ ਪਿਛਲੇ ਸਮੇਂ ਦੌਰਾਨ ਭਾਸ਼ਾ ਵਿਭਾਗ ਵੱਲੋਂ ਸਰਗਰਮੀ ਨਾਲ ਕੀਤੇ ਗਏ ਸ਼ਾਨਦਾਰ ਕੰਮ ਚੁੱਭ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਫ਼ਸਰਸ਼ਾਹੀ ਦੀ ਖਿੱਝ ਹੋਰ ਵਧ ਗਈ ਹੈ, ਕਿਉਂਕਿ ਫੰਡ ਨਾ ਮਿਲਣ ਦੇ ਬਾਵਜੂਦ ਵਿਭਾਗ ਦੀ ਟੀਮ ਨੇ ਕਾਫ਼ੀ ਸਮੇਂ ਤੋਂ ਲਟਕ ਰਹੇ ਵਿਭਾਗੀ ਰਸਾਲੇ ਆਪਣੇ ਪੱਧਰ 'ਤੇ ਛਾਪ ਕੇ ਤਿਆਰ ਕਰ ਦਿੱਤੇ ਹਨ। ਪੁਰਾਣੀਆਂ ਅਦਾਇਗੀਆਂ ਰੋਕੇ ਜਾਣ ਦੇ ਬਾਵਜੂਦ ਵਿਭਾਗ ਦੇ ਕਰਮਚਾਰੀ ਅਗਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਪੂਰੇ ਉਤਸ਼ਾਹ ਨਾਲ ਉਲੀਕ ਰਹੇ ਹਨ। ਕਰਮਚਾਰੀਆਂ ਦਾ ਮਨੋਬਲ ਡੇਗਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਾਰਾ ਸਟਾਫ਼ ਪੂਰੀ ਖੁਸ਼ੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ।
ਸਾਹਿਤਕ ਹਲਕਿਆਂ ’ਚ ਹਲਚਲ
ਜਸਵੰਤ ਸਿੰਘ ਜ਼ਫ਼ਰ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਅਤੇ ਕੀਤੇ ਗਏ ਵੱਡੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੇ ਸੱਭਿਆਚਾਰਕ, ਸਾਹਿਤਕ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਭਾਸ਼ਾ ਵਿਭਾਗ ਨੂੰ ਬਚਾਉਣ ਲਈ ਡਾਇਰੈਕਟਰ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਜਦਕਿ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਸਰਕਾਰ ਇਸ ਮਾਮਲੇ 'ਤੇ ਕੀ ਐਕਸ਼ਨ ਲੈਂਦੀ ਹੈ। ਲੇਖਕ ਸਤਪਾਲ ਭਿੱਖੀ ਨੇ ਕਿਹਾ ਕਿ ਇਹ ਬਹੁਤ ਮੰਦਭਾਵਾ ਹੈ, ਇਸ ਮਸਲੇ ’ਤੇ ਪੰਜਾਬੀ ਲੇਖਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਅਸੀ ਆਪਣੀ ਭਾਸ਼ਾ ਦੇ ਸਾਹਿਤ ਦਾ ਵੱਡਾ ਨੁਕਸਾਨ ਕਰ ਲਵਾਂਗੇ। ਸਾਬਕਾ ਆਈਏਐਸ ਜੀ.ਕੇ ਸਿੰਘ ਨੇ ਜਸਵੰਤ ਸਿੰਘ ਜ਼ਫ਼ਰ ਨੂੰ ਡਟੇ ਰਹਿਣ ਅਤੇ ਆਪਣੀ ਭਾਸ਼ਾ ਤੇ ਵਿਭਾਗ ਨੂੰ ਬਚਾਉਣ ਲਈ ਨਾਲ ਖੜਨ ਦਾ ਭਰੋਸਾ ਦਿੱਤਾ ਹੈ।