- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਬਨੂੜ ਦੇ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਜੋਤ ਸਿੰਘ ਬਾਜਵਾ ਨੂੰ ਪੁਲਿਸ ਵੱਲੋਂ ਆਪਣੀ ਗ੍ਰਿਫ਼ਤ ਵਿਚ ਲੈਣ ਦੇ ਵਿਰੋਧ ਵਿਚ ਸੈਂਕੜੇ ਸ਼ਹਿਰ ਵਾਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਰਾਜਪੁਰਾ ਨੂੰ ਜਾਣ ਵਾਲੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ।

ਅਸ਼ਵਿੰਦਰ ਸਿੰਘ, ਬਨੂੜ : ਨਗਰ ਕੌਂਸਲ ਬਨੂੜ ਦੇ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਜੋਤ ਸਿੰਘ ਬਾਜਵਾ ਨੂੰ ਪੁਲਿਸ ਵੱਲੋਂ ਆਪਣੀ ਗ੍ਰਿਫ਼ਤ ਵਿਚ ਲੈਣ ਦੇ ਵਿਰੋਧ ਵਿਚ ਸੈਂਕੜੇ ਸ਼ਹਿਰ ਵਾਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਰਾਜਪੁਰਾ ਨੂੰ ਜਾਣ ਵਾਲੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਸ਼ਾਮੀਂ 7 ਵਜੇ ਤੋਂ ਲਗਾਇਆ ਜਾਮ ਇਹ ਖ਼ਬਰ ਲਿਖੇ ਜਾਣ ਤੱਕ 9 ਵਜੇ ਵੀ ਜਾਰੀ ਸੀ ਅਤੇ ਜਾਮ ਲਾਉਣ ਵਾਲੇ ਹਰਜੋਤ ਸਿੰਘ ਬਾਜਵਾ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਸਨ। ਉਨ੍ਹਾਂ ਵੱਲੋਂ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਕੌਂਸਲਰ ਹਰਜੋਤ ਬਾਜਵਾ ਦੇ ਜੀਜੇ ਕਮਲ ਸੰਧੂ ਨੇ ਦੱਸਿਆ ਅੱਜ ਬਾਅਦ ਦੁਪਹਿਰ ਪੌਣੇ ਪੰਜ ਵਜੇ ਦੇ ਕਰੀਬ ਉਹ ਕੌਂਸਲਰ ਸਮੇਤ ਦੋ ਗੱਡੀਆਂ ਵਿਚ ਸੰਗਰੂਰ ਤੋਂ ਬਨੂੜ ਵੱਲ ਆ ਰਹੇ ਸਨ। ਉਨ੍ਹਾਂ ਕਿਹਾ ਕਿ ਜਿਉਂ ਹੀ ਉਹ ਸੰਗਰੂਰ-ਪਟਿਆਲਾ ਸੜਕ ’ਤੇ ਟੋਲ ਪਲਾਜ਼ਾ ਕੋਲ ਪਹੁੰਚੇ ਤਾਂ ਸਿਵਲ ਵਰਦੀ ਵਿਚ ਚਾਰ ਸਕਾਰਪੀਓ ਗੱਡੀਆਂ ਵਿਚ ਮੌਜੂਦ ਦਰਜਨ ਤੋਂ ਵੱਧ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਕਿਹਾ ਥਾਣਾ ਬਨੂੜ ਦੇ ਮੁਖੀ ਅਰਸ਼ਦੀਪ ਸ਼ਰਮਾ ਅਤੇ ਥਾਣਾ ਰਾਜਪੁਰਾ ਦੇ ਮੁਖੀ ਗੁਰਸੇਵਕ ਸਿੰਘ ਨੂੰ ਉਨ੍ਹਾਂ ਪਛਾਣ ਲਿਆ ਤੇ ਉਹ ਧੱਕੇ ਨਾਲ ਉਨ੍ਹਾਂ ਕੋਲੋਂ ਹਰਜੋਤ ਬਾਜਵਾ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਏ।
ਹਰਜੋਤ ਬਾਜਵਾ ਦੀ ਭੈਣ ਸਵਰਨਜੀਤ ਕੌਰ ਅਤੇ ਮਾਂ ਚਰਨਜੀਤ ਕੌਰ ਨੇ ਕਿਹਾ ਹਰਜੋਤ ਬਾਜਵਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਦਾਅਵੇਦਾਰ ਹੈ। ਉਨ੍ਹਾਂ ਕਿਹਾ ਕਿ ਹਰਜੋਤ ਨਾਲ ਬਹੁਮਤ ਹੈ ਤੇ ਕੌਂਸਲ ਵਿਚ ਬਹੁਮਤ ਵਾਲਾ ਪ੍ਰਧਾਨ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਜੋਤ ਨੂੰ ਪ੍ਰਧਾਨ ਬਣਨ ਤੋਂ ਰੋਕਣ ਲਈ ਹੀ ਪੁਲਿਸ ਤੋਂ ਚੁਕਵਾਇਆ ਗਿਆ ਹੈ। ਸਾਬਕਾ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕਿਹਾ ਕਿ ਕੌਂਸਲਰ ਖ਼ਿਲਾਫ਼ ਕੋਈ ਕੇਸ ਨਹੀਂ ਹੈ। ਕੌਂਸਲਰ ਦੇ ਸਮਰਥਕਾਂ ਨੇ ਕਿਹਾ ਕਿ ਵਿਧਾਇਕਾ ਨੀਨਾ ਮਿੱਤਲ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਤੇ ਇਸੇ ਕਰਕੇ ਪੁਲਿਸ ਰਾਹੀਂ ਵਿਰੋਧੀ ਕੌਂਸਲਰਾਂ ਨੂੰ ਚੁਕਵਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਜੋਤ ਬਾਜਵਾ ਦੇ ਦੋ ਹਮਾਇਤੀ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਿਸ ਨੇ ਚੁੱਕਿਆ ਹੋਇਆ ਹੈ। ਉਨ੍ਹਾਂ ਕਿ ਆਪਣੀ ਹੀ ਪਾਰਟੀ ਦੇ ਵਰਕਰਾਂ ਪ੍ਰਤੀ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਤੁਰੰਤ ਮੱਖ ਮੰਤਰੀ ਭਗਵੰਤ ਮਾਨ ਨੂੰ ਦਖ਼ਲ ਦੇਣਾ ਚਾਹੀਦਾ ਹੈ।
ਜਾਮ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਬਨੂੜ ਸੁਖਦੇਵ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿ ਕਿਹਾ ਕਿ ਕੌਂਸਲਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਜਾਮ ਲਾਉਣ ਵਾਲਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਹਰਜੋਤ ਬਾਜਵਾ ਦੀ ਰਿਹਾਈ ’ਤੇ ਅੜੇ ਹੋਏ ਹਨ।
ਇਸ ਮਾਮਲੇ ਸਬੰਧੀ ਇੰਸਪੈਕਟਰ ਗੁਰਸੇਵਕ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਥਾਣਾ ਬਨੂੜ ਦੇ ਐੱਸਐੱਚਓ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਸੰਪਰਕ ਕਰਨ ’ਤੇ ਕੌਂਸਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕੀਤਾ ਗਿਆ।
ਮਾਮਲਾ ਮੇਰੇ ਧਿਆਨ ਵਿਚ ਨਹੀਂ: ਵਿਧਾਇਕਾ
ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜਦੋਂ ਉਨ੍ਹਾਂ ਨੂੰ ਲੋਕਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਹੀ ਕੌਂਸਲਰ ਨੂੰ ਕਿਉਂ ਗ੍ਰਿਫ਼ਤਾਰ ਕਰਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਤਾਂ ਹਾਊਸ ਨੇ ਚੁਣਨਾ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਤੋਂ ਮਾਮਲੇ ਬਾਰੇ ਪਤਾ ਕਰਨਗੇ।