ਜਗਾਉਣ ਦਾ ਕੰਮ ਕਰਦਾ ਹੈ 'ਜਾਗਰਣ': ਤੇਜਿੰਦਰ ਮਹਿਤਾ
ਨਵਦੀਪ ਢੀਂਗਰਾ, ਪੰਜਾਬੀ ਜਾਗਰਣ,
Publish Date: Thu, 18 Jun 2026 08:14 PM (IST)
Updated Date: Fri, 19 Jun 2026 04:13 AM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਅਤੇ ਜਾਗਰੂਕਤਾ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਆਪਣੇ ਨਾਮ ਵਾਂਗ ਹੀ ‘ਪੰਜਾਬੀ ਜਾਗਰਣ’ ਪਿਛਲੇ ਪੰਦਰਾਂ ਸਾਲਾਂ ਤੋਂ ਸਮਾਜ ਨੂੰ ਜਗਾਉਣ, ਸਹੀ ਦਿਸ਼ਾ ਦਿਖਾਉਣ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਕੰਮ ਕਰ ਰਿਹਾ ਹੈ। ਉਹ ਪੰਜਾਬੀ ਜਾਗਰਣ ਅਖ਼ਬਾਰ ਦੀ 15ਵੀਂ ਵਰੇਗੰਢ ਮੌਕੇ ਜਲੰਧਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਪੰਜਾਬੀ ਜਾਗਰਣ ਦੇ ਸਮੂਹ ਪ੍ਰਬੰਧਨ, ਸੰਪਾਦਕੀ ਟੀਮ ਅਤੇ ਪੱਤਰਕਾਰ ਭਾਈਚਾਰੇ ਨੂੰ ਇਸ ਮਹੱਤਵਪੂਰਨ ਮੀਲ ਪੱਥਰ ਲਈ ਵਧਾਈ ਦਿੰਦਿਆਂ ਕਿਹਾ ਕਿ ਪੱਤਰਕਾਰੀ ਸਿਰਫ਼ ਖ਼ਬਰਾਂ ਦੇਣ ਦਾ ਹੀ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ, ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਨ ਅਤੇ ਸੱਤਾ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦਾ ਵੀ ਇੱਕ ਵੱਡਾ ਮਾਧਿਅਮ ਹੈ। ਤੇਜਿੰਦਰ ਮਹਿਤਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਾਣਕਾਰੀ ਦੇ ਬੇਅੰਤ ਸਾਧਨ ਹੋਣ ਦੇ ਬਾਵਜੂਦ ਭਰੋਸੇਯੋਗ ਅਤੇ ਤੱਥਾਂ ’ਤੇ ਆਧਾਰਿਤ ਪੱਤਰਕਾਰੀ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਅਜਿਹੇ ਸਮੇਂ ਵਿੱਚ ਪੰਜਾਬੀ ਜਾਗਰਣ ਵਰਗੇ ਅਦਾਰੇ ਨਿਰਪੱਖਤਾ ਅਤੇ ਭਰੋਸੇਯੋਗਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਵਿਕਾਸ, ਰੁਜ਼ਗਾਰ, ਸਿੱਖਿਆ, ਸਿਹਤ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਮੁੱਦਿਆਂ ਦੇ ਹੱਲ ਲਈ ਸਰਕਾਰ, ਸਮਾਜਿਕ ਸੰਸਥਾਵਾਂ, ਬੁੱਧੀਜੀਵੀਆਂ ਅਤੇ ਮੀਡੀਆ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਮੀਡੀਆ ਜਦੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਂਦਾ ਹੈ ਤਾਂ ਨੀਤੀ ਨਿਰਧਾਰਕਾਂ ਤੱਕ ਆਮ ਲੋਕਾਂ ਦੀ ਆਵਾਜ਼ ਪਹੁੰਚਦੀ ਹੈ ਅਤੇ ਹੱਲ ਦੀ ਰਾਹ ਵੀ ਸੁਖਾਲੀ ਹੁੰਦੀ ਹੈ। ਮਹਿਤਾ ਨੇ ਕਿਹਾ ਕਿ ਪੰਜਾਬੀ ਜਾਗਰਣ ਨੇ ਹਮੇਸ਼ਾ ਲੋਕ ਹਿੱਤਾਂ, ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਨੂੰ ਪਹਿਲ ਦਿੱਤੀ ਹੈ। ਇਹੀ ਕਾਰਨ ਹੈ ਕਿ ਪਾਠਕਾਂ ਦਾ ਇਸ ਅਖ਼ਬਾਰ ਨਾਲ ਇੱਕ ਵਿਸ਼ੇਸ਼ ਭਾਵਨਾਤਮਕ ਰਿਸ਼ਤਾ ਬਣਿਆ ਹੋਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬੀ ਜਾਗਰਣ ਭਵਿੱਖ ਵਿੱਚ ਵੀ ਸੱਚ, ਨਿਰਪੱਖਤਾ ਅਤੇ ਲੋਕ ਹਿੱਤਾਂ ਦੀ ਪੱਤਰਕਾਰੀ ਦੇ ਆਪਣੇ ਮਿਸ਼ਨ ਨੂੰ ਇਸੇ ਤਰ੍ਹਾਂ ਅੱਗੇ ਵਧਾਉਂਦਾ ਰਹੇਗਾ। ਅਖੀਰ ਵਿੱਚ ਤੇਜਿੰਦਰ ਮਹਿਤਾ ਨੇ ਪੰਜਾਬੀ ਜਾਗਰਣ ਦੀ ਪੂਰੀ ਟੀਮ ਨੂੰ 15ਵੀਂ ਵਰੇਗੰਢ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਨਿਰੰਤਰ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।