- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਵੱਖ-ਵੱਖ ਬ੍ਰਾਂਚ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸੜਕਾਂ 'ਤੇ ਪਏ ਮਲਬੇ ਤੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਐਨਕਰੋਚਮੈਂਟ ਨੂੰ ਹਟਾਉਣ ਲਈ ਸਬੰਧਤ ਲੋਕਾਂ ਨੂੰ ਸਿਰਫ਼ 3 ਦਿਨਾਂ ਦਾ ਸਮਾਂ ਦਿੱਤਾ ਜਾਵੇ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਮੁਨਿਆਦੀ ਕਰਵਾਈ ਜਾਵੇ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼-ਸੁਥਰਾ, ਸੁੰਦਰ ਤੇ ਜਾਮ-ਮੁਕਤ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਨਿਗਮ ਦੀ ਹੈਲਥ ਸ਼ਾਖਾ, ਬਿਲਡਿੰਗ ਸ਼ਾਖਾ ਅਤੇ ਲੈਂਡ ਸ਼ਾਖਾ ਦੇ ਅਧਿਕਾਰੀਆਂ ਨਾਲ ਇਕ ਉੱਚ-ਪੱਧਰੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ, ਜਿਸ ਵਿਚ ਸੜਕਾਂ 'ਤੇ ਪਏ ਮਲਬੇ, ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਕੀਤੇ ਗਏ ਨਾਜਾਇਜ਼ ਕਬਜ਼ਿਆਂ, ਨਾਈਟ ਵੈਂਡਿੰਗ ਅਤੇ ਸ਼ਹਿਰ ਵਿਚ ਸਰਕਾਰੀ ਪ੍ਰਾਪਰਟੀਆਂ 'ਤੇ ਹੋ ਰਹੀ ਡਿਫ਼ੇਸਮੈਂਟ ਦੇ ਮੁੱਦਿਆਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਵੱਖ-ਵੱਖ ਬ੍ਰਾਂਚ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸੜਕਾਂ 'ਤੇ ਪਏ ਮਲਬੇ ਤੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਐਨਕਰੋਚਮੈਂਟ ਨੂੰ ਹਟਾਉਣ ਲਈ ਸਬੰਧਤ ਲੋਕਾਂ ਨੂੰ ਸਿਰਫ਼ 3 ਦਿਨਾਂ ਦਾ ਸਮਾਂ ਦਿੱਤਾ ਜਾਵੇ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਮੁਨਿਆਦੀ ਕਰਵਾਈ ਜਾਵੇ। ਮੇਅਰ ਨੇ ਸਪੱਸ਼ਟ ਕੀਤਾ ਕਿ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਵਿਚ ਕਾਫ਼ੀ ਵਿਘਨ ਪੈਂਦਾ ਹੈ ਅਤੇ ਸ਼ਹਿਰ ਵਿਚ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ 3 ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਕਾਨੂੰਨ ਅਨੁਸਾਰ ਚਲਾਨ ਕੱਟਣ ਦੀ ਕਾਰਵਾਈ ਆਰੰਭੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਜਿਹੜੀਆਂ ਫਰਮਾਂ ਵੱਲੋਂ ਸ਼ਹਿਰ ਦੀਆਂ ਉੱਘੀਆਂ ਥਾਵਾਂ 'ਤੇ ਪੋਸਟਰ ਜਾਂ ਪੇਂਟਿੰਗ ਕਰਕੇ ਸ਼ਹਿਰ ਦੀ ਦਿੱਖ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਵਿਰੁੱਧ 'ਪੰਜਾਬ ਪ੍ਰਾਪਰਟੀ ਡੀਫੇਸਮੈਂਟ ਰੋਕਥਾਮ ਐਕਟ' ਅਧੀਨ ਚਲਾਨ ਜਾਰੀ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ।
ਦੱਸ ਦੇਈਏ ਕਿ ਰਾਤ ਦੇ ਸਮੇਂ ਹੋਣ ਵਾਲੀ ਨਾਈਟ ਵੈਂਡਿੰਗ ਨੂੰ ਅਨੁਸ਼ਾਸਨ ’ਚ ਲਿਆਉਣ ਲਈ ਮੇਅਰ ਵੱਲੋਂ ਵਿਸ਼ੇਸ਼ ਨਿਰਦੇਸ਼ ਵੀ ਜਾਰੀ ਕੀਤੇ ਗਏ, ਜਿਸ ਤਹਿਤ ਵੈਂਡਿੰਗ ਲਾਇਸੈਂਸ ਚੈੱਕ ਕੀਤੇ ਜਾਣਗੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਹਰ ਰੇਹੜੀ ਦੇ ਅੱਗੇ ਡਸਟਬੀਨ ਲੱਗਿਆ ਹੋਵੇ। ਕੰਮ ਖ਼ਤਮ ਹੋਣ ਤੋਂ ਬਾਅਦ ਰੇਹੜੀਆਂ ਨੂੰ ਸੜਕ ਜਾਂ ਪਾਰਕਾਂ ਵਿੱਚ ਖੜ੍ਹਾ ਕਰਨ ਦੀ ਬਿਲਕੁਲ ਮਨਾਹੀ ਹੋਵੇਗੀ ਅਤੇ ਜੇਕਰ ਰੇਹੜੀਆਂ ਬੰਦ ਕਰਕੇ ਸੜਕ 'ਤੇ ਪਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ। ਮੀਟਿੰਗ ਦੇ ਅੰਤ ’ਚ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਨਿਰਦੇਸ਼ਾਂ ਤਹਿਤ ਨਿਗਮ ਪ੍ਰਸ਼ਾਸਨ ਨੇ ਪਟਿਆਲਾ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸ਼ਹਿਰ ਵਾਸੀਆਂ ਪਾਸੋਂ ਵੀ ਪੂਰਨ ਸਹਿਯੋਗ ਦੀ ਮੰਗ ਕੀਤੀ।