ਪਟਿਆਲਾ ਨਿਗਮ ਚੋਣਾਂ 'ਚ ਟਿਕਟਾਂ ਦਾ ਪੇਚ! ਕਾਂਗਰਸ ਤੇ 'ਆਪ' ਦੀਆਂ ਸੂਚੀਆਂ ਅੰਦਰੂਨੀ ਖਿੱਚੋਤਾਣ ਕਾਰਨ ਲਟਕੀਆਂ
Patiala MC Election : ਪਟਿਆਲਾ ਨਿਗਮ ਦੇ 30 ਵਾਰਡਾਂ 'ਚ 28 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਭਾਜਪਾ ਤੇ ਅਕਾਲੀ ਦਲ ਨੇ ਉਮੀਦਵਾਰ ਐਲਾਨੇ, ਪਰ ਕਾਂਗਰਸ ਤੇ 'ਆਪ' ਅੰਦਰੂਨੀ ਖਿੱਚੋਤਾਣ 'ਚ ਉਲਝੀਆਂ।
Publish Date: Tue, 17 Nov 2026 01:51 PM (IST)
Updated Date: Tue, 17 Nov 2026 02:10 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਿਆਲਾ ਨਗਰ ਨਿਗਮ ਦੇ 60 ਵਿੱਚੋਂ 30 ਵਾਰਡਾਂ 'ਚ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿੱਥੇ ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ 30 ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਮੈਦਾਨ 'ਚ ਛਾਲ ਮਾਰ ਦਿੱਤੀ ਹੈ, ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਤੇ ਮੁੱਖ ਵਿਰੋਧੀ ਧਿਰ ਕਾਂਗਰਸ ਅੰਦਰੂਨੀ ਖਿੱਚੋਤਾਣ ਕਾਰਨ ਆਪਣੀਆਂ ਸੂਚੀਆਂ ਨੂੰ ਅੰਤਿਮ ਰੂਪ ਦੇਣ 'ਚ ਪੱਛੜਦੀਆਂ ਨਜ਼ਰ ਆ ਰਹੀਆਂ ਹਨ।
ਸਿਆਸੀ ਸੂਤਰਾਂ ਅਨੁਸਾਰ, ਭਾਜਪਾ ਨੇ ਸੋਮਵਾਰ ਰਾਤ ਨੂੰ ਹੀ ਆਪਣੇ 30 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਰੇ 30 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਗਾ ਦਿੱਤੀ। ਦੂਜੇ ਪਾਸੇ, ਕਾਂਗਰਸ ਪਾਰਟੀ ਮੰਗਲਵਾਰ ਦੁਪਹਿਰ ਤਕ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ 'ਚ ਅਸਫਲ ਰਹੀ ਹੈ।
ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕਾਂਗਰਸ ਦੀ ਸੂਚੀ ਰੁਕਣ ਦਾ ਮੁੱਖ ਕਾਰਨ ਹਲਕਾ ਪਟਿਆਲਾ ਦਿਹਾਤੀ 'ਚ ਚੱਲ ਰਿਹਾ ਅੰਦਰੂਨੀ ਰੇੜਕਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿਤ ਮੋਹਿੰਦਰਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ (ਕਾਲੂ) ਵਿਚਕਾਰ ਆਪੋ-ਆਪਣੇ ਚਹੇਤਿਆਂ ਨੂੰ ਟਿਕਟਾਂ ਦਿਵਾਉਣ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾ ਰਹੀ ਹੈ। ਦੋਵਾਂ ਆਗੂਆਂ ਵੱਲੋਂ ਆਪਣੇ ਸਮਰਥਕਾਂ ਲਈ ਟਿਕਟਾਂ ਦੀ ਦਾਅਵੇਦਾਰੀ ਪੇਸ਼ ਕੀਤੇ ਜਾਣ ਕਾਰਨ ਹਾਈਕਮਾਨ ਲਈ ਸਾਂਝੀ ਸੂਚੀ 'ਤੇ ਮੋਹਰ ਲਗਾਉਣਾ ਔਖਾ ਹੋ ਗਿਆ ਹੈ।
ਇਸੇ ਤਰ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਥਿਤੀ ਵੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕੀ ਹੈ। 'ਆਪ' ਵੱਲੋਂ ਸਭ ਤੋਂ ਪਹਿਲਾਂ ਪਹਿਲਕਦਮੀ ਕਰਦਿਆਂ ਉਮੀਦਵਾਰਾਂ ਦੀ ਪਹਿਲੀ ਸੂਚੀ ਤਾਂ ਜਾਰੀ ਕੀਤੀ ਗਈ ਸੀ, ਪਰ ਉਸ ਵਿੱਚ ਸਿਰਫ਼ 9 ਉਮੀਦਵਾਰਾਂ ਦੇ ਨਾਮ ਹੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 8 ਵਾਰਡ ਹਲਕਾ ਦਿਹਾਤੀ ਨਾਲ ਸਬੰਧਤ ਹਨ। ਬਾਕੀ ਰਹਿੰਦੇ 21 ਵਾਰਡਾਂ ਦੀ ਸੂਚੀ ਹਾਲੇ ਤੱਕ ਲਟਕੀ ਹੋਈ ਹੈ।
ਸੂਤਰਾਂ ਅਨੁਸਾਰ, 'ਆਪ' ਦੀ ਬਾਕੀ ਸੂਚੀ ਹਲਕਾ ਪਟਿਆਲਾ ਸ਼ਹਿਰੀ ਦੇ ਪੇਚ ਕਾਰਨ ਫਸੀ ਹੋਈ ਹੈ। ਮੰਗਲਵਾਰ ਦੁਪਹਿਰ ਦੋ ਵਜੇ ਤੱਕ ਵੀ ਸ਼ਹਿਰੀ ਹਲਕੇ ਦੇ ਉਮੀਦਵਾਰਾਂ ਬਾਰੇ ਸਥਿਤੀ ਸਾਫ਼ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਦੂਜੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂ ਵਿਨੋਦ ਅਰੋੜਾ ਨੂੰ ਟਿਕਟ ਦੇਣ ਜਾਂ ਨਾ ਦੇਣ ਦੇ ਮੁੱਦੇ 'ਤੇ ਪਾਰਟੀ ਅੰਦਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਜਿਸ ਕਾਰਨ ਅੰਤਿਮ ਐਲਾਨ ਵਿੱਚ ਦੇਰੀ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਣੀ ਅੰਦਰੂਨੀ ਸਹਿਮਤੀ ਬਣਾ ਕੇ ਕਦੋਂ ਤੱਕ ਬਾਕੀ ਉਮੀਦਵਾਰਾਂ ਦਾ ਐਲਾਨ ਕਰਦੀਆਂ ਹਨ।