- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਮਬੱਤੀਆਂ ਜਗਾਉਣ, ਦੀਵੇ ਬਾਲਣ ਅਤੇ ਪਟਾਕੇ ਚਲਾਉਣ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਹਿਨੇ ਜਾਣ ਅਤੇ ਨਾ ਹੀ ਹੱਥ ਵਿੱਚ ਪਟਾਕੇ ਫੜ ਕੇ ਚਲਾਏ ਜਾਣ।

ਪੱਤਰ ਪ੍ਰੇਰਕ•ਪੰਜਾਬੀ ਜਾਗਰਣ•ਪਟਿਆਲਾ - ਸਿਵਲ ਸਰਜਨ ਪਟਿਆਲਾ ਡਾ. ਸੈਲੀ ਜੇਤਲੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਪਟਾਕਿਆਂ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਣ ਵਧਦਾ ਹੈ, ਉੱਥੇ ਹੀ ਇਸ ਦਾ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।
ਹਵਾ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਤੋਂ ਹੀ ਮਾੜਾ ਚੱਲ ਰਿਹਾ ਹੈ, ਇਸ ਲਈ ਸਮੂਹ ਜ਼ਿਲ੍ਹਾ ਨਿਵਾਸੀ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਟਾਕਿਆਂ ਰਹਿਤ ਮਨਾਉਣ ਨੂੰ ਤਰਜੀਹ ਦੇਣ। ਫਿਰ ਵੀ ਜੇਕਰ ਬੱਚਿਆਂ ਨੇ ਪਟਾਕੇ ਚਲਾਉਣੇ ਹੀ ਹਨ ਤਾਂ ਗਰੀਨ ਪਟਾਕੇ ਚਲਾਉਣ ਅਤੇ ਪ੍ਰਸ਼ਾਸਨ ਵੱਲੋਂ ਨਿਰਧਾਰਤ ਸਮੇਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਪਟਾਕੇ ਹਮੇਸ਼ਾ ਵੱਡਿਆਂ ਦੀ ਨਿਗਰਾਨੀ ਹੇਠ ਖੁੱਲ੍ਹੀ ਥਾਂ 'ਤੇ ਚਲਾਏ ਜਾਣ। ਮੋਮਬੱਤੀਆਂ ਜਗਾਉਣ, ਦੀਵੇ ਬਾਲਣ ਅਤੇ ਪਟਾਕੇ ਚਲਾਉਣ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਹਿਨੇ ਜਾਣ ਅਤੇ ਨਾ ਹੀ ਹੱਥ ਵਿੱਚ ਪਟਾਕੇ ਫੜ ਕੇ ਚਲਾਏ ਜਾਣ।
ਉਨ੍ਹਾਂ ਕਿਹਾ ਕਿ ਜੇਕਰ ਪਟਾਕਿਆਂ ਕਾਰਨ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਅੱਖਾਂ ਨੂੰ ਨਾ ਮਲੋ ਅਤੇ ਨਾ ਹੀ ਰਗੜੋ, ਸਗੋਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ 24 ਘੰਟੇ ਐਮਰਜੈਂਸੀ ਸੇਵਾਵਾਂ ਲਈ ਖੁੱਲ੍ਹੇ ਰਹਿਣਗੇ। ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਕਾਰਨ ਸਾਹ ਦੇ ਰੋਗੀਆਂ ਦੀ ਨਿਗਰਾਨੀ ਵਾਤਾਵਰਣ ਵਿੱਚ ਮੌਸਮੀ ਤਬਦੀਲੀ ਦੇ ਮਨੁੱਖੀ ਸਿਹਤ 'ਤੇ ਪ੍ਰਭਾਵਾਂ ਸਬੰਧੀ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮ ਅਧੀਨ ਕੀਤੀ ਜਾ ਰਹੀ ਹੈ।