- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਢਲੀ ਜਾਂਚ ਦੌਰਾਨ ਜਦੋਂ ਕਾਲਜ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ, ਤਾਂ ਉਨ੍ਹਾਂ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਬਿਲਕੁਲ ਵੀ ਸੰਤੁਸ਼ਟ ਨਜ਼ਰ ਨਹੀਂ ਆਇਆ। ਮਾਮਲੇ ਦੀ ਤਹਿ ਤੱਕ ਜਾਣ ਲਈ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਮਾਲੇਰਕੋਟਲਾ ਦੇ ਇੱਕ ਕਾਲਜ ਵਿੱਚ ਪ੍ਰੀਖਿਆ ਦੌਰਾਨ ਸ਼ਰੇਆਮ ਨਕਲ ਚੱਲਣ ਅਤੇ ਨਿਯਮਾਂ ਦੇ ਉਲਟ ਜਾ ਕੇ ਦੋਬਾਰਾ ਪ੍ਰੀਖਿਆ ਕਰਵਾਉਣ ਦੇ ਗੰਭੀਰ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਯੂਨੀਵਰਸਿਟੀ ਨੇ ਇਸ ਪੂਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਦੌਰਾਨ ਜਦੋਂ ਕਾਲਜ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ, ਤਾਂ ਉਨ੍ਹਾਂ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਬਿਲਕੁਲ ਵੀ ਸੰਤੁਸ਼ਟ ਨਜ਼ਰ ਨਹੀਂ ਆਇਆ। ਮਾਮਲੇ ਦੀ ਤਹਿ ਤੱਕ ਜਾਣ ਲਈ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਫ਼ਿਲਹਾਲ, ਇਸ ਸੰਵੇਦਨਸ਼ੀਲ ਮਾਮਲੇ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਸੌਂਪੀ ਗਈ ਹੈ, ਜੋ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਜਾਣਕਾਰੀ ਅਨੁਸਾਰ, 30 ਜੂਨ 2026 ਨੂੰ ਮਲੇਰਕੋਟਲਾ ਦੇ ਸਬੰਧਤ ਕਾਲਜ ਦੇ ਕਮਰਾ ਨੰਬਰ 29 ਵਿੱਚ ਐਮ.ਏ. ਅੰਗਰੇਜ਼ੀ ਸਮੈਸਟਰ ਦੂਜਾ ਦੇ 'ਪੰਜਾਬੀ ਭਾਸ਼ਾ ਮੁਢਲਾ ਗਿਆਨ' (ਕੁਆਲੀਫਾਈਂਗ) ਵਿਸ਼ੇ ਦਾ ਪੇਪਰ ਲਿਆ ਜਾ ਰਿਹਾ ਸੀ। ਇਸ ਪ੍ਰੀਖਿਆ ਦੌਰਾਨ ਨਿਗਰਾਨ ਅਮਲੇ (ਇਨਵਿਜੀਲੇਟਰਸ) ਦੀ ਕਥਿਤ ਮਿਲੀਭੁਗਤ ਜਾਂ ਵੱਡੀ ਲਾਪਰਵਾਹੀ ਸਪੱਸ਼ਟ ਰੂਪ ਵਿੱਚ ਦੇਖਣ ਨੂੰ ਮਿਲੀ। ਪ੍ਰੀਖਿਆ ਹਾਲ ਦੇ ਅੰਦਰ ਵਿਦਿਆਰਥੀ ਆਪਣੇ ਡੈਸਕਾਂ 'ਤੇ ਮੋਬਾਈਲ ਫੋਨ ਖੋਲ੍ਹ ਕੇ ਬਿਨਾਂ ਕਿਸੇ ਡਰ ਜਾਂ ਭੈਅ ਦੇ ਸ਼ਰੇਆਮ ਨਕਲ ਮਾਰ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਮੰਜ਼ਰ ਅਤੇ ਨਕਲ ਦੀ ਖੇਡ ਉੱਥੇ ਮੌਜੂਦ ਤਸਵੀਰਾਂ ਵਿੱਚ ਸਾਫ਼ ਕੈਦ ਹੋ ਗਈ, ਜਿਸ ਨੇ ਕਾਲਜ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਇਲਾਵਾ, ਇੱਕ ਹੋਰ ਵੱਡੀ ਗੜਬੜੀ ਇਹ ਸਾਹਮਣੇ ਆਈ ਹੈ ਕਿ ਕਾਲਜ ਵੱਲੋਂ 30 ਮਈ ਨੂੰ ਆਪਣੇ ਪੱਧਰ ’ਤੇ ਇਸ ਵਿਸ਼ੇ ਦੀ ਪ੍ਰੀਖਿਆ ਪਹਿਲਾਂ ਹੀ ਕਰਵਾ ਲਈ ਗਈ ਸੀ। ਪਰ ਯੂਨੀਵਰਸਿਟੀ ਦੇ ਨਿਯਮਾਂ ਦੇ ਉਲਟ ਜਾਂਦੇ ਹੋਏ, ਕਾਲਜ ਪ੍ਰਸ਼ਾਸਨ ਵੱਲੋਂ 30 ਜੂਨ ਨੂੰ ਇਸ ਵਿਸ਼ੇ ਦੀ ਮੁੜ-ਪ੍ਰੀਖਿਆ ਕਰਵਾਈ ਗਈ, ਜਿਸ ਨੇ ਮਾਮਲੇ ਨੂੰ ਹੋਰ ਸ਼ੱਕੀ ਬਣਾ ਦਿੱਤਾ ਹੈ।
ਹੋਵੇਗੀ ਨਿਰਪੱਖ ਜਾਂਚ : ਕੰਟਰੋਲਰ
ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਮਨੀਸ਼ ਕਪੂਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੇਪਰ ਵਿੱਚ ਸ਼ਰੇਆਮ ਚੱਲ ਰਹੀ ਨਕਲ ਦੀਆਂ ਤਸਵੀਰਾਂ ਅਤੇ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਮੰਗਲਵਾਰ ਨੂੰ ਯੂਨੀਵਰਸਿਟੀ ਕੋਲ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਸਲਾ ਹੈ। ਯੂਨੀਵਰਸਿਟੀ ਦੀ ਸਾਖ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਅਧਿਕਾਰੀ, ਕਰਮਚਾਰੀ ਜਾਂ ਨਿਗਰਾਨ ਅਮਲਾ ਇਸ ਵਿੱਚ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਨਿਯਮਾਂ ਅਧੀਨ ਸਖਤ ਤੋਂ ਸਖਤ ਸਜਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਪੰਜਾਬੀ ਯੂਨੀਵਰਸਿਟੀ ਦਾ ਅਕਸ ਖਰਾਬ ਨਾ ਹੋ ਸਕੇ।