ਲੱਗੇ
ਬਾਰਿਸ਼ ਤੋਂ 'ਬਾਅਦ ਝੋਨੇ ਦੀ ਬਿਜਾਈ ਨੇ ਫੜਿਆ ਜ਼ੋਰ
Publish Date: Sun, 14 Jun 2026 04:33 PM (IST)
Updated Date: Mon, 15 Jun 2026 04:00 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਝੋਨੇ ਦੀ ਲਵਾਈ ਨੇ ਭਾਵੇਂ ਢਿੱਲੀ ਰਫਤਾਰ ਹੋਈ ਸੀ। ਪਰ ਬੀਤੇ ਦਿਨਾਂ ਦੌਰਾਨ ਸ਼ਾਮ ਨੂੰ ਹੋਈ ਤੇਜ਼ ਮੋਹਲੇਧਾਰ ਬਾਰਿਸ਼ ਕਾਰਨ ਪਾਣੀ ਖੇਤਾਂ ਵਿੱਚ ਖੜ੍ਹਾ ਹੋਣ ਤੇ ਝੋਨੇ ਦੀ ਬਿਜਾਈ ਨੇ ਜ਼ੋਰ ਫੜ੍ਹ ਲਿਆ ਹੈ। ਇਥੋਂ ਤੱਕ ਕਿ ਮੌਸਮ ਠੰਢਾ ਹੋਣ ਕਾਰਨ ਔਰਤਾਂ ਅਤੇ ਬੱਚਿਆਂ ਵੱਲੋਂ ਵੀ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ। ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਵਾਰ ਸਰਹੱਦੀ ਜ਼ਿਲ੍ਹੇ ਅੰਦਰ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਵਾ ਦਿੱਤੀ ਗਈ ਸੀ ਪ੍ਰੰਤੂ ਅੱਤ ਦੀ ਪੈ ਰਹੀ ਗਰਮੀ ਕਾਰਨ ਕੇਵਲ ਬਾਹਰੀ ਰਾਜਾਂ ਤੋਂ ਆਏ ਮਜ਼ਦੂਰਾਂ ਵੱਲੋਂ ਵੀ ਸਵੇਰੇ ਅਤੇ ਸ਼ਾਮ ਨੂੰ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਸੀ । ਮੋਹਲੇਧਾਰ ਹੋਈ ਬਾਰਿਸ਼ ਤੋਂ ਬਾਅਦ ਝੋਨੇ ਦੀ ਬਿਜਾਈ ਲਈ ਖੇਤਾਂ ਵਿੱਚ ਕੱਦੂ ਕਰ ਰਹੇ ਸੁਖਜਿੰਦਰ ਸਿੰਘ, ਸੁਖਦੇਵ ਸਿੰਘ, ਚਮਕੌਰ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਲੇਬਰਾਂ ਗਰਮੀ ਵਿੱਚ ਝੋਨਾ ਲਾਉਣ ਤੋਂ ਗੁਰੇਜ਼ ਕਰ ਰਹੀਆਂ ਸਨ। ਇਸ ਤੋਂ ਇਲਾਵਾ ਕਈ ਕਿਸਾਨ ਝੋਨੇ ਦੀ ਲਵਾਈ ਲਈ ਬਾਰਿਸ਼ ਦੀ ਉਡੀਕ ਕਰ ਰਹੇ ਸਨ ਜਿਸ ਕਾਰਨ ਵੀਰਵਾਰ ਦੇ ਸ਼ਾਮ ਨੂੰ ਇਸ ਇਲਾਕੇ ਵਿੱਚ ਹੋਈ ਮੋਹਲੇਧਾਰ ਬਾਰਿਸ਼ ਕਾਰਨ ਖੇਤਾਂ ਵਿੱਚ ਬਰਸਾਤੀ ਪਾਣੀ ਖੜ੍ਹਾ ਹੋਣ ਤੇ ਕਿਸਾਨਾਂ ਵੱਲੋਂ ਬਰਸਾਤੀ ਪਾਣੀ ਦਾ ਲਾਹਾ ਲੈਂਦਿਆਂ ਹੋਇਆ ਝੋਨੇ ਦੇ ਕੱਦੂ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ 4 ਹਜ਼ਾਰ ਤੋਂ 4500 ਝੋਨੇ ਦੀ ਲਵਾਈ ਚੱਲ ਰਹੀ ਹੈ ਜਿਸ ਕਾਰਨ ਔਰਤਾਂ ਬੱਚੇ ਸਾਰੇ ਰਲ ਕੇ ਝੋਨੇ ਦੀ ਬਿਜਾਈ ਵਿੱਚ ਲੱਗੇ ਹੋਏ ਹਨ। ਬਾਰਿਸ਼ ਪੈਣ ਤੋਂ ਬਾਅਦ ਬਦਲੇ ਮੌਸਮ ਦੇ ਮਿਜਾਜ਼ ਕਾਰਨ ਜਿੱਥੇ ਬਾਜ਼ਾਰਾਂ ਦੀ ਆਵਾਜਾਈ ਵੀ ਵਧੀ ਹੈ ਅਤੇ ਲੋਕਾਂ ਨੇ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਕੀਤੀ ਹੈ। ਸਬਜ਼ੀ ਕਾਸ਼ਤਕਾਰਾਂ ਦਾ ਮੰਨਣਾ ਹੈ ਕਿ ਇੱਕੋ ਦਮ ਪੈ ਰਹੀ ਤਪਸ ਕਾਰਨ ਸਬਜ਼ੀਆਂ ਦੀਆਂ ਵੇਲਾਂ ਵੀ ਬਰਬਾਦ ਹੋਣ ਲੱਗ ਪਈਆਂ ਸਨ ਪਰੰਤੂ ਬਾਰਿਸ਼ ਪੈਣ ਤੋਂ ਬਾਅਦ ਗਰਮੀ ਚ ਆਏ ਬਦਲਾਅ ਨੇ ਸਬਜ਼ੀਆਂ ਦੀ ਬੇਲਾਂ ਨੂੰ ਵੀ ਰਾਹਤ ਮਿਲੇਗੀ ਹੈ। ਛੁੱਟੀਆਂ ਦਾ ਲਾਹਾ ਲੈਣ ਲੱਗੇ ਵਿਦਿਆਰਥੀ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਜਸਨਦੀਪ ਸਿੰਘ, ਰਾਜਵਿੰਦਰ ਸਿੰਘ, ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਛੁੱਟੀਆਂ ਦੌਰਾਨ ਝੋਨੇ ਦੀ ਲਵਾਈ ਵਿੱਚ ਆਪਣੇ ਮਾਤਾ ਪਿਤਾ ਦਾ ਹੱਥ ਵਟਾਉਂਦੇ ਹਨ। ਹੱਥੀ ਕੰਮ ਕਰਨਾ ਉਹਨਾਂ ਨੂੰ ਬੇਹੱਦ ਚੰਗਾ ਲੱਗਦਾ ਹੈ ਅਤੇ ਇਸ ਬਹਾਨੇ ਉਹ ਚਾਰ ਪੈਸੇ ਇਕੱਠੇ ਕਰ ਲੈਂਦੇ ਹਨ। ਇਸ ਖੇਤੀਬਾੜੀ ਮਾਹਿਰਾਂ ਅਨੁਸਾਰ ਬੀਤੀ ਦਿਨਾਂ ਦੌਰਾਨ ਰਾਤ ਸਮੇਂ ਹੋਈ ਬਾਰਿਸ਼ ਝੋਨੇ ਦੀ ਲਵਾਈ ਮੌਕੇ ਸੋਨੇ ਤੇ ਸੁਹਾਗਾ ਸਾਬਤ ਹੋਈ ਹੈ। ਉਹਨਾਂ ਦੱਸਿਆ ਕਿ ਬਾਰਿਸ਼ ਪੈਣ ਕਾਰਨ ਮੌਸਮ ਵੀ ਠੰਡਾ ਹੋ ਗਿਆ ਹੈ। ਇਸ ਤੋਂ ਇਲਾਵਾ ਬਾਰਿਸ਼ ਸਬਜ਼ੀਆਂ ਲਈ ਵੀ ਲਾਹੇਵੰਦ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਪੰਜ ਚਾਰ ਦਿਨ ਵਿੱਚ ਝੋਨੇ ਦੀ ਲਵਾਈ ਵੱਡੇ ਪੱਧਰ ਤੇ ਹੋ ਜਾਵੇਗੀ।