- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਲੁਆਈ ਦਾ ਸੀਜਨ ਭਖਿਆ- ਰੇਟ ਨੂੰ ਲੈ ਕੇ ਸਥਾਨਕ ਲੇਵਰ ਤੇ ਕਿਸਾਨਾਂ ’ਚ ਖਿਚੋਤਾਣ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਖੇਤਰ ’ਚ ਝੋਨਾ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਝੋਨੇ ਦੀ ਲੁਆਈ ਦਾ ਸੀਜ਼ਨ ਦਿਨੋਂ ਦਿਨ ਰਫ਼ਤਾਰ ਫੜਨ ਲੱਗਾ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਦੀ ਇਜਾਜ਼ਤ 9 ਜੂਨ ਤੋਂ ਦੇ ਦਿੱਤੀ ਸੀ ਪਰ ਕਿਸਾਨਾਂ ਵੱਲੋਂ ਵੱਡੀ ਗਿਣਤੀ ’ਚ ਝੋਨੇ ਦੀ ਪਨੀਰੀ ਲੇਟ ਬੀਜੀਆਂ ਹਨ, ਜੋ ਕਿ 20 ਜੂਨ ਦੇ ਲਗਪਗ ਲਾਉਣ ਲਈ ਤਿਆਰ ਹੋ ਰਹੀਆਂ ਹਨ। ਜ਼ਿਲ੍ਹੇ ’ਚ ਅਗੇਤੀਆਂ ਕਿਸਮਾਂ ਲਗਾਉਣ ਵਾਲੇ ਕਿਸਾਨਾਂ ਨੇ ਝੋਨੇ ਦੀ ਲੁਆਈ ਦਾ ਕੰਮ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈ, ਜਿਸ ਨਾਲ ਝੋਨੇ ਦੀ ਲੁਆਈ ਦਾ ਕੰਮ ਭਖ ਗਿਆ ਹੈ। ਜ਼ਿਲ੍ਹੇ ਦੇ ਕਈ ਖੇਤਰਾਂ ’ਚ ਝੋਨੇ ਦੀ ਲੁਆਈ ਦੇ ਰੇਟ ਨੂੰ ਲੈਕੇ ਸਥਾਨਕ ਲੇਬਰ ਤੇ ਕਿਸਾਨਾਂ ’ਚ ਕਸਮਕਸ (ਖਿੱਚੋਤਾਣ) ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੇਬਰ ਪਿਛਲੇ ਸਾਲ ਨਾਲੋਂ ਵੱਧ ਰੇਟ ’ਤੇ ਝੋਨਾ ਲਗਾਉਣ ਦੀ ਮੰਗ ਕਰ ਰਹੀ ਹੈ ਜਦੋਂ ਕਿ ਕਿਸਾਨਾਂ ਦਾ ਤਰਕ ਹੈ ਕਿ ਪਿਛਲੇ ਸਾਲ ਛੋਟੇ ਬੂਟਿਆਂ (ਝੋਨੇ ਦੇ ਮਧਰੇਪਣ ਦਾ ਰੋਗ) ਕਾਰਨ ਘਟੇ ਝਾੜ ਕਾਰਨ ਪਏ ਆਰਥਿਕ ਘਾਟੇ ਅਤੇ ਹੁਣ ਲਗਾਤਾਰ ਡੀਜ਼ਲ ਦੇ ਵਧ ਰਹੇ ਰੇਟਾਂ ਤੇ ਹੋਰ ਮਹਿੰਗਾਈ ਕਾਰਨ ਖੇਤੀ ਦੇ ਵਧੇ ਖਰਚਿਆ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ। ਸਥਾਨਕ ਲੇਬਰ ਕਈ ਪਿੰਡਾਂ ’ਚ ਪਿਛਲੇ ਸਾਲ ਨਾਲੋਂ 700 ਤੋਂ ਲੈ ਕੇ ਕੇ 1000 ਰੁਪਏ ਤੱਕ ਪ੍ਰਤੀ ਏਕੜ ਰੇਟ ਵਧਾਉਣ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ ਸਥਾਨਕ ਲੇਬਰ ਨਾਲ ਰੇਟ ਦੇ ਰੇੜਕੇ ਕਾਰਨ ਕਿਸਾਨ ਪ੍ਰਵਾਸੀ ਮਜ਼ਦੂਰਾਂ ਤੋਂ ਝੋਨਾ ਲਗਾਉਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਪ੍ਰਵਾਸੀ ਮਜ਼ਦੂਰ ਲਗਪਗ ਪਿਛਲੇ ਸਾਲ ਵਾਲੇ ਰੇਟ ’ਤੇ ਹੀ ਝੋਨਾ ਲਗਾਉਣ ਲਈ ਸਹਿਮਤ ਹਨ ਤੇ ਜਿਲ੍ਹੇ ’ਚ ਵੱਡੀ ਗਿਣਤੀ ’ਚ ਪੁੱਜੇ ਪ੍ਰਵਾਸੀ ਮਜ਼ਦੂਰ ਝੋਨਾ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਕਰ ਰਹੇ ਹਨ। ਆਉਣ ਵਾਲੇ ਦਿਨਾਂ ’ਚ ਜਦੋਂ ਝੋਨੇ ਦੀ ਲੁਆਈ ਪੀਕ ’ਤੇ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਸਥਾਨਕ ਲੇਵਰ ਮੰਗ ਰਹੇ ਰੇਟ ’ਤੇ ਕੰਮ ਕਰੇਗੀ ਜਾਂ ਆਪਸੀ ਸਹਿਮਤੀ ਨਾਲ ਰੇਟ ਤਹਿ ਹੋਵੇਗਾ। ਇਸ ਸਬੰਧੀ ਕਿਸਾਨ ਗੁਰਜੀਤ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸੀਜ਼ਨ ’ਚ ਉਨ੍ਹਾਂ ਦੇ ਪਿੰਡ ’ਚ ਝੋਨੇ ਦੀ ਲੁਆਈ ਦਾ ਰੇਟ ਪ੍ਰਤੀ ਏਕੜ 4 ਹਜ਼ਾਰ ਤੋਂ ਲੈ ਕੇ 4300 ਰੁਪਏ ਤੱਕ ਸੀ ਪਰ ਇਸ ਵਾਰ ਸਥਾਨਕ ਲੇਵਰ 5000 ਰੁਪਏ ਪ੍ਰਤੀ ਏਕੜ ਰੇਟ ਮੰਗ ਰਹੀ ਹੈ। ਉਨ੍ਹਾਂ ਦੱਸਿਆ ਕਿ ਲੇਬਰ ਦਾ ਕਹਿਣਾ ਹੈ ਕਿ ਉਹ ਇਸ ਰੇਟ ’ਤੇ ਹੀ ਝੋਨਾ ਲਾਉਣਗੇ ਤੇ ਜਦੋਂ ਤੱਕ ਰੇਟ ਨਹੀਂ ਖੁਲਦਾ ਓਦੋ ਤੱਕ ਉਹ ਕੰਮ ’ਤੇ ਨਹੀਂ ਜਾਣਗੇ।