ਸੂਆ ਟੁੱਟਣ ਨਾਲ ਡੁੱਬੀਆਂ ਝੋਨੇ ਦੀਆਂ ਫਸਲਾਂ ਸੂਆ ਟੁੱਟਣ ਨਾਲ ਡੁੱਬੀਆਂ ਝੋਨੇ ਦੀਆਂ ਫਸਲਾਂ
Publish Date: Sat, 11 Jul 2026 04:06 PM (IST)
Updated Date: Sun, 12 Jul 2026 04:00 AM (IST)
ਕਿਸਾਨਾਂ ਨੇ ਪ੍ਰਸ਼ਾਸਨ ਦੀ ਅਣਗਹਿਲੀ ’ਤੇ ਚੁੱਕੇ ਸਵਾਲ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਕੰਗਣਵਾਲ ਰਜਵਾਹਾ ਫਤਿਹਗੜ੍ਹ ਪੰਜਗਰਾਈਆਂ ਦੀ ਟੇਲ ਨੇੜੇ ਸੂਆ ਟੁੱਟਣ ਕਾਰਨ ਆਲੇ-ਦੁਆਲੇ ਦੇ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤੇਜ਼ ਮੀਂਹ ਮਗਰੋਂ ਸੂਏ ’ਚ ਪਾਣੀ ਓਵਰਫਲੋ ਹੋ ਗਿਆ, ਜਿਸ ਨਾਲ ਤਿੰਨ ਥਾਵਾਂ ਤੋਂ ਪਾੜ ਪੈ ਗਿਆ ਤੇ ਪਾਣੀ ਖੇਤਾਂ ’ਚ ਦਾਖਲ ਹੋ ਗਿਆ। ਕਈ ਏਕੜ ਰਕਬੇ ’ਚ ਖੜ੍ਹੀ ਝੋਨੇ ਦੀ ਫਸਲ ਪਾਣੀ ਹੇਠ ਆ ਗਈ, ਜਦਕਿ ਨਾਲ ਆਈ ਰੇਤ ਤੇ ਮਿੱਟੀ ਨੇ ਵੀ ਫਸਲ ਨੂੰ ਦੱਬ ਦਿੱਤਾ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ’ਚ ਕਿਸਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਨੂੰ ਸੂਏ ਦੀ ਮਾੜੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਠੇਕੇਦਾਰ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਮਗਰਲੀਆਂ ਪਾਈਪਾਂ ਪਾਉਣ ਤੋਂ ਪਹਿਲਾਂ ਟੇਲ ਤੱਕ ਮੁੱਖ ਪਾਈਪ ਵਿਛਾਈ ਜਾਵੇ, ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਸੂਆ ਨਾ ਟੁੱਟੇ। ਪਰ ਸਮੇਂ ਸਿਰ ਧਿਆਨ ਨਾ ਦੇਣ ਕਾਰਨ ਇਹ ਹਾਦਸਾ ਵਾਪਰਿਆ। ਕਿਸਾਨ ਜੋਗਿੰਦਰ ਸਿੰਘ, ਸੰਗਾਰਾ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਸੂਆ ਤਿੰਨ ਥਾਵਾਂ ਤੋਂ ਟੁੱਟਣ ਕਾਰਨ ਲਗਭਗ ਤਿੰਨ ਕਿੱਲੇ ਰਕਬੇ ਵਿੱਚ ਝੋਨਾ ਪੂਰੀ ਤਰ੍ਹਾਂ ਡੁੱਬ ਗਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਅੱਗੇ ਬੰਨ੍ਹ ਲਾਉਣ ਕਾਰਨ ਪਾਣੀ ਦਾ ਦਬਾਅ ਵਧਿਆ ਅਤੇ ਸੂਆ ਟੁੱਟ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਪੰਜ ਮੋਗਿਆਂ ਦੀ ਗੱਲ ਕਰਦੀ ਹੈ, ਪਰ ਇਸ ਟੇਲ ਤੇ ਇੱਕ ਵੀ ਮੋਗਾ ਢੰਗ ਨਾਲ ਚਾਲੂ ਨਹੀਂ ਅਤੇ ਨਾ ਹੀ ਲੋੜ ਅਨੁਸਾਰ ਪਾਈਪਾਂ ਵਿਛਾਈਆਂ ਗਈਆਂ ਹਨ। ਜੇਕਰ ਵਿਛੀ ਹੈ ਤਾਂ ਉਹ 12 ਇੰਚੀ ਪਾਇਪ ਹੈ ਜੋ ਪਾਣੀ ਨੂੰ ਕੱਢਣ ਵਿੱਚ ਸਮਰਥ ਨਹੀਂ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ਤੇ ਲਈ ਹੋਈ ਹੈ। ਸੂਆ ਟੁੱਟਣ ਨਾਲ ਉਸ ਦੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਜਿਸ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਇਸੇ ਤਰ੍ਹਾਂ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਵਿੱਚ ਵੀ ਪਾਣੀ ਭਰਨ ਕਾਰਨ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਝੋਨੇ ਦੀ ਲਵਾਈ ਤੇ ਭਾਰੀ ਖਰਚ ਹੋ ਚੁੱਕਾ ਹੈ ਅਤੇ ਹੁਣ ਇਸ ਤਰ੍ਹਾਂ ਦੇ ਨੁਕਸਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੂਏ ਦਾ ਜਲਦੀ ਅਤੇ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਬਰਸਾਤ ਦੌਰਾਨ ਕਿਸਾਨਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਮੀਂਹ ਦੇ ਪਾਣੀ ਕਾਰਨ ਆਈ ਸਮੱਸਿਆ : ਜੇਈ ਸਿੰਚਾਈ ਵਿਭਾਗ ਦੇ ਜੇਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੂਆ ਕਰੀਬ 23 ਕਿਲੋਮੀਟਰ ਲੰਬਾ ਹੈ ਅਤੇ ਟੇਲ ਤੱਕ ਪਾਣੀ ਪਹੁੰਚਣ ਵਿੱਚ ਲਗਭਗ 12 ਘੰਟੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦਾ ਪਾਣੀ ਇਕੱਠਾ ਹੋਣ ਕਾਰਨ ਕੁਝ ਕਿਸਾਨਾਂ ਨੇ ਮੋਗੇ ਬੰਦ ਕਰ ਦਿੱਤੇ ਸਨ, ਜਿਸ ਨਾਲ ਪਾਣੀ ਓਵਰਫਲੋ ਹੋ ਗਿਆ ਅਤੇ ਇਹ ਸਥਿਤੀ ਬਣੀ। ਉਨ੍ਹਾਂ ਦੱਸਿਆ ਕਿ ਜਿੱਥੇ-ਜਿੱਥੇ ਸੂਇਆਂ ਵਿੱਚ ਸਮੱਸਿਆ ਆ ਰਹੀ ਹੈ, ਉੱਥੇ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।