- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਹਨਤ ਤੇ ਸ਼ਾਹਾਨਾ ਜਿੰਦਗੀ ਦਾ ਸੁਮੇਲ ਸਨ ਕਰਮਯੋਗੀ ਕਿਸਾਨ ਬਘੇਲ ਸਿੰਘ ਖਹਿਰਾ

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਦ੍ਰਿੜ੍ਹ ਇਰਾਦੇ ਨਾਲ ਸ਼ਖਤ ਮੇਹਨਤ, ਅਸੂਲ-ਪਸੰਦੀ ਤੇ ਸਮਾਜਸੇਵਾ ਦੇ ਰਾਹ ’ਤੇ ਚਲਦਿਆਂ ਮਿੱਟੀ ਨੂੰ ਵੀ ਸੋਨਾ ਬਨਾਉਣ ਦੀ ਕਲਾ ਦੀ ਮੁਹਾਰਤ ਰੱਖਣ ਵਾਲੇ ਕਿਸਾਨ ਬਘੇਲ ਸਿੰਘ ਖਹਿਰਾ ਦਾ ਜਨਮ 27 ਮਾਰਚ 1957 ਨੂੰ ਹਲਕਾ ਨਾਭਾ ਦੇ ਪਿੰਡ ਜਾਤੀਵਾਲ ਵਿਖੇ ਪਾਕਿਸਤਾਨੋਂ ਆ ਕੇ ਵੱਸੇ ਇਲਾਕੇ ਦੇ ਸਰਦੇ ਪੁੱਜਦੇ ਕਿਸਾਨ ਕਸ਼ਮੀਰਾ ਸਿੰਘ ਖਹਿਰਾ ਦੇ ਘਰ ਮਾਤਾ ਗੁਰਚਰਨ ਕੌਰ ਦੀ ਕੁੱਖੋਂ ਹੋਇਆ। ਪਿੰਡ ਰਾਇਮਲਮਾਜਰੀ ਤੇ ਭਾਦਸੋਂ ਦੇ ਸਕੂਲਾਂ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਹ 1973 ਤੋਂ 1977 ਤੱਕ ਸਰਕਾਰੀ ਰਿਪੁਦਮਨ ਕਾਲਜ ਨਾਭਾ ਤੋਂ ਉੱਚ ਵਿਦਿਆ ਲੈਣ ਦੇ ਨਾਲ ਨਾਲ ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ। ਪੜ੍ਹਾਈ ਉਪਰੰਤ ਉਨ੍ਹਾਂ ਨਾ ਸਿਰਫ਼ ਜੱਦੀ ਪੁਸ਼ਤੀ ਖੇਤੀਬਾੜੀ ਕਿੱਤੇ ਨੂੰ ਅਪਣਾ ਕੇ ਉਸ ਨੂੰ ਆਧੁਨਿਕ ਰੰਗ ’ਚ ਰੰਗਦਿਆਂ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਬਲਕਿ ਨਾਲੋ-ਨਾਲ ਅਨੇਕਾਂ ਕਾਰੋਬਾਰਾਂ ਵਿਚ ਸਫਲਤਾ ਪ੍ਰਾਪਤ ਕਰਕੇ ਅਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਵੱਡੇ ਭਰਾ ਸ਼ੁਬੇਗ ਸਿੰਘ ਤੇ ਚਾਰ ਭੈਣਾਂ ’ਚੋਂ ਸਭ ਤੋਂ ਨਿੱਕੇ ਬਘੇਲ ਸਿੰਘ ਨੇ ਅਪਣੇ ਸਮਾਜਿਕ ਕੱਦ ਨੂੰ ਦਿਨਾਂ ਵਿਚ ਹੀ ਏਨਾ ਵੱਡਾ ਕਰ ਲਿਆ ਸੀ ਕਿ ਨਾਮਵਰ ਖਹਿਰਾ ਪਰਿਵਾਰ ਦੇ ਮੁਖੀ ਵਜੋਂ ਉਨ੍ਹਾਂ ਦੀ ਪਹਿਚਾਣ ਬਣੀ। 1990 ਵਿਚ ਸ.ਬਘੇਲ ਸਿੰਘ ਦਾ ਵਿਆਹ ਜ਼ਿਲ੍ਹਾ ਜੀਂਦ ਦੇ ਪਿੰਡ ਰਸੀਦਾਂ ਦੀ ਬੀਬੀ ਰਾਜਵੰਤ ਕੌਰ ਖਹਿਰਾ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਕਾਕਾ ਰਿਪੁਦਮਨ ਸਿੰਘ ਨੇ ਜਨਮ ਲਿਆ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਉਹ ਬਹੁਤ ਕਰੀਬੀ ਸਾਥੀ ਮੰਨੇ ਜਾਂਦੇ ਸਨ । ਜਿੱਥੇ ਹਰੇਕ ਸਿਆਸੀ ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਉਨ੍ਹਾਂ ਦੇ ਨਿੱਜੀ ਤਾਅਲੁਕਾਤ ਸਨ ਉੱਥੇ ਅਨੇਕਾਂ ਆਹਲਾ ਤਰੀਨ ਪੁਲਿਸ ਅਧਿਕਾਰੀਆਂ ਨਾਲ ਕਰੀਬੀ ਰਿਸ਼ਤੇਦਾਰੀਆਂ ਤੇ ਦੋਸਤਾਨਾ ਸੀ। ਲੰਮਾ ਸਮਾਂ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਰਹਿੰਦੇ ਹੋਏ ਉਨ੍ਹਾਂ ਨਾ ਸਿਰਫ਼ ਪਿੰਡ ਜਾਤੀਵਾਲ ਦਾ ਸਰਵਪੱਖੀ ਵਿਕਾਸ ਕਰਵਾਇਆ ਸਗੋਂ ਜਾਤ-ਪਾਤ, ਦਹੇਜ ਪ੍ਰਥਾ ਵਰਗੀਆਂ ਅਲਾਮਤਾਂ ਖ਼ਿਲਾਫ਼ ਆਵਾਜ਼ ਚੁੱਕਦੇ ਹੋਏ ਪੇਂਡੂ ਜੀਵਨ ਨੂੰ ਸਹਿਰਾਂ ਤੋਂ ਬੇਹਤਰ ਦਿਖਾਉਣ ਲਈ ਹਰ ਹੀਲਾ ਵਸੀਲਾ ਵਰਤਿਆ। ਉੱਘੇ ਖੇਡ ਪ੍ਰੋਮੋਟਰ ਵਜੋਂ ਦਰਜਨਾਂ ਨਾਮਵਰ ਕਬੱਡੀ ਕੱਪਾਂ ਦੇ ਸਰਪ੍ਰਸਤ ਹੋਣ ਤੋਂ ਇਲਾਵਾ ਉਹ ਇਲਾਕੇ ਦੇ ਹਰੇਕ ਖੇਡ ਮੁਕਾਬਲੇ ਲਈ ਖੁੱਲ੍ਹ ਕੇ ਯੋਗਦਾਨ ਦਿੰਦੇ ਸਨ । ਪੁੱਤਰ ਰਿਪੁਦਮਨ ਸਿੰਘ ,ਨੂੰਹ ਜਪਨੀਤ ਕੌਰ, ਪੋਤਰੇ ਜੁਝਾਰ ਸਿੰਘ ਤੇ ਪੋਤਰੀ ਅਸੀਸ ਕੌਰ ਦੇ ਰੂਪ ’ਚ ਭਰੀ ਪੂਰੀ ਬਗੀਚੀ ਛੱਡ ਕੇ ਅਗਲੇ ਸਫਰਾਂ ਲਈ ਤੁਰ ਗਏ ਅਪਣੇ ਰੰਗਲ਼ੇ ਸੱਜਣ ਬਘੇਲ ਸਿੰਘ ਨੂੰ ਅੱਜ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਹਜ਼ਾਰਾਂ ਸਨੇਹੀ, ਮਿੱਤਰ ਤੇ ਰਿਸ਼ਤੇਦਾਰ ਵਿਸ਼ਵਕਰਮਾ ਭਵਨ ਨਾਭਾ ਵਿੱਖੇ ਸਰਧਾ ਦੇ ਫੁੱਲ ਭੇਂਟ ਕਰਨਗੇ।