ਜੰਗਲਾਤ ਵਿਭਾਗ ਨੇ ਦਹਾਕਿਆਂ ਪੁਰਾਣਾ ਨਾਜਾਇਜ਼ ਕਬਜ਼ਾ ਛੁਡਵਾਇਆ ਜੰਗਲਾਤ ਵਿਭਾਗ ਨੇ ਦਹਾਕਿਆਂ ਪੁਰਾਣਾ ਨਾਜਾਇਜ਼ ਕਬਜ਼ਾ ਛੁਡਵਾਇਆ
Publish Date: Thu, 02 Jul 2026 05:13 PM (IST)
Updated Date: Fri, 03 Jul 2026 04:05 AM (IST)
ਟੋਏ ਪਟ ਕੇ ਵਿਭਾਗੀ ਜਮੀਨ ’ਤੇ ਲਗਾਏ ਬੂਟੇ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਅਤੇ ਜੰਗਲਾਤ ਵਿਭਾਗ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਰਾਜਪੁਰਾ ਵਿਖੇ ਇੱਕ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਇੱਕ ਇਤਿਹਾਸਕ ਕਾਰਵਾਈ ਕਰਦਿਆਂ ਰਾਜਪੁਰਾ-ਸਰਹੰਦ ਬਾਈਪਾਸ ’ਤੇ ਅਰਬਨ ਅਸਟੇਟ-2 ਦੇ ਬਿਲਕੁਲ ਸਾਹਮਣੇ ਸਥਿਤ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਨੂੰ ਦਹਾਕਿਆਂ ਬਾਅਦ ਨਾਜਾਇਜ਼ ਕਬਜ਼ਾਧਾਰੀਆਂ ਦੇ ਚੁੰਗਲ ਵਿੱਚੋਂ ਛੁਡਵਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਕੀਮਤੀ ਸਰਕਾਰੀ ਜ਼ਮੀਨ ’ਤੇ ਪਿਛਲੇ ਕਈ ਦਹਾਕਿਆਂ ਤੋਂ ਕੁੱਝ ਅਸਰਦਾਰ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਰੇਤ, ਬੱਜਰੀ ਅਤੇ ਮਿੱਟੀ ਦਾ ਵਪਾਰਕ ਧੰਦਾ ਚਲਾਇਆ ਜਾ ਰਿਹਾ ਸੀ। ਕਬਜ਼ਾਕਾਰਾਂ ਨੇ ਸੈਂਕੜੇ ਫੁੱਟ ਜਗ੍ਹਾ ਨੱਪੀ ਹੋਈ ਸੀ, ਜਿੱਥੇ ਦਿਨ-ਰਾਤ ਵੱਡੀ ਗਿਣਤੀ ਵਿੱਚ ਟਿੱਪਰ, ਟਰੈਕਟਰ-ਟਰਾਲੀਆਂ ਅਤੇ ਹੋਰ ਭਾਰੀ ਵਾਹਨ ਖੜ੍ਹੇ ਰਹਿੰਦੇ ਸਨ। ਇਸ ਨਾਜਾਇਜ਼ ਗਤੀਵਿਧੀ ਕਾਰਨ ਨਾ ਸਿਰਫ਼ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਸੀ, ਸਗੋਂ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਸੀ। ਮੰਤਰੀ ਦੇ ਦਖ਼ਲ ਤੋਂ ਬਾਅਦ 48 ਘੰਟਿਆਂ ’ਚ ਐਕਸ਼ਨ ਇਹ ਮਾਮਲਾ ਹਾਲ ਹੀ ਵਿੱਚ ਸਬੰਧਿਤ ਵਿਭਾਗੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੰਤਰੀ ਵੱਲੋਂ ਤੁਰੰਤ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਮੰਤਰੀ ਦੇ ਹੁਕਮਾਂ ਸਦਕਾ ਵਿਭਾਗ ਨੇ ਮੁਸਤੈਦੀ ਦਿਖਾਈ ਅਤੇ ਮਹਿਜ਼ ਦੋ ਦਿਨਾਂ 48 ਘੰਟਿਆਂ ਦੇ ਅੰਦਰ-ਅੰਦਰ ਭਾਰੀ ਪੁਲਿਸ ਫੋਰਸ ਅਤੇ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਸਾਰਾ ਨਾਜਾਇਜ਼ ਕਬਜ਼ਾ ਹਟਾ ਦਿੱਤਾ। ਜ਼ਮੀਨ ਨੂੰ ਖਾਲੀ ਕਰਵਾਉਣ ਦੇ ਨਾਲ ਹੀ ਵਿਭਾਗ ਨੇ ਭਵਿੱਖ ਵਿੱਚ ਮੁੜ ਕਬਜ਼ਾ ਰੋਕਣ ਲਈ ਉੱਥੇ ਤੁਰੰਤ ਬੂਟੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡੱਬੀ ਇਲਾਕਾ ਨਿਵਾਸੀਆਂ ਨੂੰ ਮਿਲੀ ਵੱਡੀ ਰਾਹਤ : ਕੌਂਸਲਰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੌਜੂਦ ਸਥਾਨਕ ਕੌਂਸਲਰ ਗੋਲਡੀ ਨੇ ਸਰਕਾਰ ਤੇ ਵਿਭਾਗ ਦੀ ਇਸ ਕਾਰਵਾਈ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਜਾਇਜ਼ ਕਬਜ਼ੇ ਅਤੇ ਰੇਤ-ਬੱਜਰੀ ਦੇ ਕਾਰੋਬਾਰ ਕਾਰਨ ਅਰਬਨ ਅਸਟੇਟ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦਿਨ-ਰਾਤ ਉੱਡਦੀ ਧੂੜ-ਮਿੱਟੀ ਅਤੇ ਭਾਰੀ ਵਾਹਨਾਂ ਦੇ ਸ਼ੋਰ ਨੇ ਸਥਾਨਕ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਸੀ। ਅੱਜ ਇਸ ਸਾਲਾਂ ਪੁਰਾਣੀ ਸਮੱਸਿਆ ਦਾ ਪੱਕਾ ਹੱਲ ਹੋ ਗਿਆ ਹੈ, ਜਿਸ ਲਈ ਅਸੀਂ ਪ੍ਰਸ਼ਾਸਨ ਦੇ ਧੰਨਵਾਦੀ ਹਾਂ। ਡੱਬੀ ਦੁਬਾਰਾ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਖਾਲੀ ਕਰਵਾਈ ਗਈ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਜੇ.ਸੀ.ਬੀ. ਰਾਹੀਂ ਟੋਏ ਪੁੱਟੇ ਜਾ ਰਹੇ ਹਨ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਡੇ ਪੱਧਰ ’ਤੇ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਬਜ਼ਾਧਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਵਿਭਾਗ ਦੀ ਜ਼ਮੀਨ ’ਤੇ ਲਗਾਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਜਾਂ ਮੁੜ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਫ਼ੌਜਦਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਭਾਗ ਹੁਣ ਇਸ ਜ਼ਮੀਨ ਦੀ ਨਿਰੰਤਰ ਨਿਗਰਾਨੀ ਰੱਖੇਗਾ।