ਅਦਾਲਤ ਬਾਜ਼ਾਰ ਤੋਂ ਧਰਮਪੁਰਾ ਬਾਜ਼ਾਰ ਤੱਕ ਹਟਾਏ ਨਾਜਾਇਜ਼ ਕਬਜ਼ੇ
ਅਦਾਲਤ ਬਾਜ਼ਾਰ ਤੋਂ ਧਰਮਪੁਰਾ ਬਾਜ਼ਾਰ ਤੱਕ ਹਟਾਏ ਨਜਾਇਜ਼ ਕਬਜ਼ੇ
Publish Date: Thu, 25 Jun 2026 08:21 PM (IST)
Updated Date: Fri, 26 Jun 2026 04:13 AM (IST)

ਵਪਾਰੀਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਨਿਗਮ ਨੇ ਕੀਤੀ ਤੁਰੰਤ ਕਾਰਵਾਈ ਵਪਾਰੀਆਂ ਦੀ ਮੰਗ ’ਤੇ ਨਿਗਮ ਅਤੇ ਟ੍ਰੈਫਿਕ ਪੁਲਿਸ ਦੀ ਸਾਂਝੀ ਕਾਰਵਾਈ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸ਼ਾਹੀ ਸ਼ਹਿਰ ਦੇ ਸਭ ਤੋਂ ਵਿਅਸਤ ਵਪਾਰਕ ਖੇਤਰ ਅਦਾਲਤ ਬਾਜ਼ਾਰ ਤੋਂ ਲੈ ਕੇ ਧਰਮਪੁਰਾ ਬਾਜ਼ਾਰ ਤੱਕ ਨਜਾਇਜ਼ ਕਬਜ਼ਿਆਂ ਅਤੇ ਟ੍ਰੈਫਿਕ ਜਾਮ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਅੱਜ ਨਗਰ ਨਿਗਮ ਵੱਲੋਂ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਦਰਅਸਲ, ਬਾਜ਼ਾਰ ਵਿੱਚ ਵਪਾਰੀਆਂ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਸੀ, ਜਿਸ ਦੌਰਾਨ ਵਪਾਰੀਆਂ ਨੇ ਬਾਜ਼ਾਰਾਂ ਵਿੱਚ ਲੱਗਣ ਵਾਲੇ ਜਾਮ ਅਤੇ ਨਜਾਇਜ਼ ਕਬਜ਼ਿਆਂ ਕਾਰਨ ਹੋ ਰਹੀ ਭਾਰੀ ਤੰਗੀ ਦਾ ਮੁੱਦਾ ਚੁੱਕਿਆ। ਮੀਟਿੰਗ ਦੌਰਾਨ ਹੀ ਸਮੂਹ ਵਪਾਰੀਆਂ ਨੇ ਇੱਕਸੁਰ ਹੁੰਦਿਆਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਤੁਰੰਤ ਠੋਸ ਕਾਰਵਾਈ ਕਰੇ। ਵਪਾਰੀਆਂ ਦੀ ਇਸ ਮੰਗ ਅਤੇ ਤੰਗੀ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਨੇ ਬਿਨਾਂ ਕੋਈ ਦੇਰੀ ਕੀਤੇ ਮੀਟਿੰਗ ਦੌਰਾਨ ਹੀ ਇੱਕ ਵੱਡਾ ਐਕਸ਼ਨ ਉਲੀਕਿਆ। ਮੇਅਰ ਕੁੰਦਨ ਗੋਗੀਆ ਦੇ ਆਦੇਸ਼ਾਂ ਅਨੁਸਾਰ ਲੈਂਡ ਸ਼ਾਖਾ ਦੇ ਇੰਸਪੈਕਟਰ ਸ਼੍ਰੀ ਵਿਸ਼ਾਲ ਵਰਮਾ ਤੇ ਨਿਗਮ ਟੀਮ ਸਮੇਤ ਟਰੈਫਿਕ ਪੁਲਿਸ ਪਟਿਆਲਾ ਸਿਟੀ ਦੇ ਇੰਚਾਰਜ ਸ਼੍ਰੀ ਜਪਨਾਮ ਸਿੰਘ ਅਤੇ ਸ਼੍ਰੀ ਰੁਪਿੰਦਰ ਪਾਲ ਸਿੰਘ ਨੇ ਸਾਂਝੇ ਤੌਰ ਤੇ ਅਦਾਲਤ ਬਾਜ਼ਾਰ ਤੋਂ ਲੈ ਕੇ ਧਰਮਪੁਰਾ ਬਾਜ਼ਾਰ ਤੱਕ ਵਿਸ਼ੇਸ਼ ਮੁਹਿੰਮ ਚਲਾ ਕੇ ਸੜਕਾਂ ਅਤੇ ਬਰਾਂਡਿਆਂ ਵਿੱਚ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਸਖ਼ਤੀ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ। ਨਿਗਮ ਦੀ ਇਸ ਤੁਰੰਤ ਕਾਰਵਾਈ ਨਾਲ ਬਾਜ਼ਾਰਾਂ ਦੇ ਰਸਤੇ ਖੁੱਲ੍ਹੇ ਹੋਏ, ਜਿਸ ਨਾਲ ਵਪਾਰੀਆਂ ਅਤੇ ਗਾਹਕਾਂ ਨੇ ਸੁੱਖ ਦਾ ਸਾਹ ਲਿਆ। ਇਸ ਸਾਂਝੀ ਮੁਹਿੰਮ ਦੌਰਾਨ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਬਾਜ਼ਾਰਾਂ ਦੀ ਖ਼ੂਬਸੂਰਤੀ ਅਤੇ ਟ੍ਰੈਫਿਕ ਵਿਵਸਥਾ ਨੂੰ ਬਣਾਈ ਰੱਖਣ ਲਈ ਆਪਣਾ ਸਾਰਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ। ਇੰਸਪੈਕਟਰ ਵਿਸ਼ਾਲ ਵਰਮਾ ਨੇ ਕਿਹਾ ਕਿ ਵਪਾਰੀਆਂ ਦੇ ਸਹਿਯੋਗ ਨਾਲ ਹੀ ਸ਼ਹਿਰ ਦੇ ਬਾਜ਼ਾਰਾਂ ਨੂੰ ਜਾਮ-ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਦੁਬਾਰਾ ਸੜਕਾਂ ਤੇ ਨਜਾਇਜ ਸਮਾਨ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਨਿਗਮ ਵੱਲੋਂ ਸਮਾਨ ਜ਼ਬਤ ਕਰਨ ਦੇ ਨਾਲ-ਨਾਲ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।