ਭਾਜਪਾ ਨੇ ਨਾਭਾ ਨਗਰ ਕੌਂਸਲ 'ਚ ਵਲੋਂ ਕੀਤੇ ਕਾਰਜਾਂ ਦੀ ਵਿਜੀਲੈਂਸ ਜਾਂਚ ਮੰਗੀ
ਭਾਜਪਾ ਨੇ ਨਾਭਾ ਨਗਰ ਕੌਂਸਲ 'ਚ ਵਲੋਂ ਕੀਤੇ ਕਾਰਜਾਂ ਦੀ ਵਿਜੀਲੈਂਸ ਜਾਂਚ ਮੰਗੀ
Publish Date: Thu, 25 Jun 2026 08:20 PM (IST)
Updated Date: Fri, 26 Jun 2026 04:13 AM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਨਾਭਾ ਸ਼ਹਿਰ ਵਿੱਚ ਨਾਲਿਆਂ ਦੀ ਅਧੂਰੀ ਸਫਾਈ, ਜਾਮ ਡਰੇਨੇਜ ਪ੍ਰਬੰਧਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਉੱਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਵਿਕਾਸ ਦੇ ਦਾਅਵੇ ਸਿਰਫ਼ ਸਰਕਾਰੀ ਕਾਗਜ਼ਾਂ ਤੱਕ ਸੀਮਿਤ ਹਨ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਨਗਰ ਕੌਂਸਲ ਵਿੱਚ ਹੋਈਆਂ ਕਥਿਤ ਧਾਂਦਲੀਆਂ ਅਤੇ ਬਣਾਏ ਗਏ ਝੂਠੇ ਬਿਲਾਂ ਦੀ ਤੁਰੰਤ ਵਿਜੀਲੈਂਸ ਅਤੇ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਕੈਂਥ ਨੇ ਦੱਸਿਆ ਕਿ ਨਗਰ ਕੌਂਸਲ ਨਾਭਾ ਵੱਲੋਂ ਜਾਰੀ ਅਧਿਕਾਰਕ ਪੱਤਰ ਤੋਂ ਸਪੱਸ਼ਟ ਹੈ ਕਿ ਸ਼ਹਿਰ ਦੇ ਕਈ ਮੁੱਖ ਨਾਲਿਆਂ ਦੀ ਸਫਾਈ ਅਜੇ ਤੱਕ ਮੁਕੰਮਲ ਨਹੀਂ ਹੋਈ। ਸਥਾਨਕ ਨਿਵਾਸੀਆਂ ਦੀਆਂ ਸ਼ਿਕਾਇਤਾਂ ਅਤੇ ਮੌਕੇ ਦੇ ਨਿਰੀਖਣ ਅਨੁਸਾਰ ਸ਼ਹਿਰ ਦੇ ਵੱਡੇ ਹਿੱਸੇ ਗੰਭੀਰ ਡਰੇਨੇਜ ਸਮੱਸਿਆ ਨਾਲ ਜੂਝ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਟਿਆਲਾ ਗੇਟ, ਆਰੀਆ ਸਕੂਲ ਇਲਾਕਾ, ਬਠੀਂਡੀਆ ਮੁਹੱਲਾ ਅਤੇ ਨਿਊ ਪਟੇਲ ਨਗਰ, ਹੀਰਾ ਮਹਿਲ, ਅਕਾਲਗੜ੍ਹ ਗੁਰੂਦੁਆਰਾ ਸਾਹਿਬ, ਭੱਟਾ ਮੁਹੱਲਾ ਅਤੇ ਮੈਹਸ ਗੇਟ, ਹਕੀਮਾ ਮੁਹੱਲਾ, ਸਿਨੇਮਾ ਰੋਡ, ਬਸੰਤਪੁਰਾ ਮੁਹੱਲਾ ਅਤੇ ਨਵੀਂ ਬਸਤੀ,ਜੱਟਾਂ ਵਾਲਾ ਬਾਸ, ਵਰਿਆਮ ਸਿੰਘ ਸਟਰੀਟ, ਡਾ. ਰਾਮ ਕਿਸ਼ੋਰ ਸਟਰੀਟ ਅਤੇ ਨਿਆਸਾ ਵਾਲੀ ਦਰਗਾਹ, ਭਿੱਖੀ ਮੋੜ ਮਾਰਕੀਟ, ਸਦਰ ਥਾਣਾ, ਤੁਲਸੀ ਚੌਕ, ਅਜੀਤ ਨਗਰ ਅਤੇ ਕ੍ਰਿਸ਼ਨਾ ਪੁਰੀ, ਜੇ.ਡੀ. ਜਿਮ ਤੋਂ ਸੱਜੂ ਭੱਟ ਰਾਹੀਂ ਮੁੰਨਾ ਲਾਲ ਦੇ ਧਰਮ ਕੰਡੇ ਤੱਕ ਦਾ ਮੁੱਖ ਮਾਰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੰਨਾ ਲਾਲ ਦੇ ਧਰਮ ਕੰਡੇ ਵਾਲੇ ਮੁੱਖ ਨਾਲੇ ਵਿੱਚ ਵੱਡੀ ਮਾਤਰਾ ਵਿੱਚ ਗਾਦ, ਕੂੜਾ-ਕਰਕਟ ਅਤੇ ਜੰਗਲੀ ਬੂਟੇ ਜਮੇ ਹੋਏ ਹਨ। ਬਰਸਾਤੀ ਮੌਸਮ ਸਿਰ ’ਤੇ ਹੋਣ ਦੇ ਬਾਵਜੂਦ ਸਫਾਈ ਨਾ ਹੋਣਾ ਪ੍ਰਸ਼ਾਸਨਿਕ ਨਾਕਾਮੀ ਅਤੇ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ।ਭਾਜਪਾ ਆਗੂ ਨੇ ਸਵਾਲ ਉਠਾਇਆ ਕਿ ਜੇਕਰ ਹਰ ਸਾਲ ਨਾਲਿਆਂ ਦੀ ਸਫਾਈ ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਤਾਂ ਜ਼ਮੀਨ ਤੇ ਨਤੀਜੇ ਕਿਉਂ ਨਹੀਂ ਦਿਖਦੇ? ਟੈਕਸਦਾਤਾਵਾਂ ਦਾ ਪੈਸਾ ਲੁੱਟ ਕੇ ਕੁਝ ਲੋਕ ਆਪਣੇ ਘਰ ਭਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਾਮ ਨਾਲਿਆਂ ਕਾਰਨ ਡੇਂਗੂ, ਮਲੇਰੀਆ, ਟਾਈਫਾਇਡ ਅਤੇ ਹੋਰ ਸੰਕਰਾਮਕ ਬਿਮਾਰੀਆਂ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਪਰਮਜੀਤ ਸਿੰਘ ਕੈਂਥ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸ਼ਿਕਾਇਤ ਭੇਜ ਕੇ ਪਿਛਲੇ ਸਾਲਾਂ ਦੌਰਾਨ ਹੋਏ ਖ਼ਰਚੇ ਦੀ ਵਿਸ਼ੇਸ਼ ਆਡਿਟ, ਵਿਜੀਲੈਂਸ ਜਾਂਚ ਅਤੇ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਲਾਪਰਵਾਹ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਭਾਜਪਾ ਜਨ ਅੰਦੋਲਨ ਤੇਜ਼ ਕਰਕੇ ਇਸ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਅਤੇ ਵਿਜੀਲੈਂਸ ਬਿਊਰੋ ਕੋਲ ਉਠਾਏਗੀ। ਇਸ ਮੌਕੇ ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਰਾਮਗੜ੍ਹੀਆ, ਜਸਪ੍ਰੀਤ ਸਿੰਘ, ਬੌਬੀ ਗੋਇਲ ਅਤੇ ਰਣਜੀਤ ਰਾਣਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਨਾਭਾ ਦੀ ਬਦਹਾਲੀ ਤੇ ਗੰਭੀਰ ਚਿੰਤਾ ਪ੍ਰਗਟਾਈ।