ਪਾਵਰਕੋਮ ਮੁੱਖ ਦਫਤਰ ਅੱਗੇ ਧਰਨਾ, ਅਮਨ ਕਾਨੂੰਨ ਦੀ ਸਥਿਤੀ ਵਿਗੜਣ ਦਾ ਖਦਸ਼ਾ
ਪਾਵਰਕੋਮ ਮੁੱਖ ਦਫਤਰ ਅੱਗੇ ਧਰਨਾ, ਅਮਨ ਕਾਨੂੰਨ ਦੀ ਸਥਿਤੀ ਵਿਗੜਣ ਦਾ ਖਦਸ਼ਾ
Publish Date: Thu, 25 Jun 2026 08:17 PM (IST)
Updated Date: Fri, 26 Jun 2026 04:13 AM (IST)

ਡਾਇਰੈਕਟਰ ਨੇ ਐਸਐਸਪੀ ਨੂੰ ਲਿਖਿਆ ਪੱਤਰ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫ਼ਤਰ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਆਊਟਸੋਰਸ ਮੁਲਾਜ਼ਮਾਂ ਦਾ ਧਰਨਾ ਪ੍ਰਦਰਸ਼ਨ ਹੁਣ ਗੰਭੀਰ ਰੂਪ ਧਾਰਨ ਕਰ ਗਿਆ ਹੈ। ਦਫ਼ਤਰ ਦੇ ਮੁੱਖ ਗੇਟਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤੇ ਜਾਣ ਕਾਰਨ ਪੈਦਾ ਹੋਏ ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਪਾਵਰਕਾਮ ਦੇ ਡਾਇਰੈਕਟਰ (ਵੰਡ) ਨੇ ਐਸ.ਐਸ.ਪੀ. ਪਟਿਆਲਾ ਨੂੰ ਇੱਕ ਅਰਧ-ਸਰਕਾਰੀ ਪੱਤਰ ਲਿਖ ਕੇ ਤੁਰੰਤ ਭਾਰੀ ਪੁਲਿਸ ਫੋਰਸ ਤਾਇਨਾਤ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਡਾਇਰੈਕਟਰ ਨੇ ਐਸ.ਐਸ.ਪੀ. ਦਾ ਧਿਆਨ ਮੁੱਖ ਦਫ਼ਤਰ ਵਿੱਚ ਵਿਗੜ ਰਹੇ ਹਾਲਾਤ ਵੱਲ ਦਿਵਾਉਂਦਿਆਂ ਲਿਖਿਆ ਹੈ ਕਿ ਆਊਟਸੋਰਸਿੰਗ ਕੰਪਨੀਆਂ ਦੇ ਕਰਮਚਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੁੱਖ ਗੇਟ ਅੱਗੇ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਕਰਮਚਾਰੀਆਂ ਨੂੰ ਸਿੱਧੇ ਇਕਰਾਰਨਾਮੇ ਤੇ ਲੈਣ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ, ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਜਨਤਕ ਅਸੁਵਿਧਾ ਪੈਦਾ ਕੀਤੀ ਜਾ ਰਹੀ ਹੈ। ਮੁੱਖ ਗੇਟ ਬੰਦ ਹੋਣ ਕਾਰਨ ਪਾਵਰਕਾਮ ਦੇ ਨਿਯਮਤ ਮੁਲਾਜ਼ਮ ਦੂਜੇ ਗੇਟ ਰਾਹੀਂ ਆ-ਜਾ ਰਹੇ ਸਨ, ਪਰ ਹੁਣ ਪ੍ਰਦਰਸ਼ਨਕਾਰੀਆਂ ਨੇ ਉਸ ਗੇਟ ਨੂੰ ਵੀ ਰੋਕਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਮੁਲਾਜ਼ਮਾਂ ਦੀ ਸਵੇਰ ਦੀ ਆਮਦ ਅਤੇ ਦੁਪਹਿਰ ਦੀ ਛੁੱਟੀ ਵੇਲੇ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ। ਡੱਬੀ ਬੰਧਕ ਬਣਾਏ ਜਾਣ ਵਰਗਾ ਮਾਹੌਲ, ਸੜਕਾਂ ਤੇ ਜਾਮ ਪੱਤਰ ਅਨੁਸਾਰ ਬੀਤੇ ਦਿਨ ਸਥਿਤੀ ਉਸ ਵੇਲੇ ਬੇਹੱਦ ਖ਼ਤਰਨਾਕ ਹੋ ਗਈ ਜਦੋਂ ਪ੍ਰਦਰਸ਼ਨਕਾਰੀਆਂ ਨੇ ਦੁਪਹਿਰ 1:30 ਵਜੇ ਡਿਊਟੀ ਖ਼ਤਮ ਹੋਣ ਤੋਂ ਬਾਅਦ ਬਾਹਰ ਨਿਕਲ ਰਹੇ ਮੁਲਾਜ਼ਮਾਂ ਦਾ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਹ ਨਾਕਾਬੰਦੀ ਕਰੀਬ ਢਾਈ ਘੰਟੇ ਰਹੀ, ਜਿਸ ਕਾਰਨ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੰਦਰ ਫਸੇ ਕਰਮਚਾਰੀਆਂ ਵਿੱਚ ਕਈ ਬਿਮਾਰ ਅਤੇ ਗਰਭਵਤੀ ਮਹਿਲਾਵਾਂ ਵੀ ਸ਼ਾਮਲ ਸਨ, ਜੋ ਘੰਟਿਆਂ ਬੱਧੀ ਪ੍ਰੇਸ਼ਾਨ ਹੁੰਦੀਆਂ ਰਹੀਆਂ। ਇਹ ਹੰਗਾਮਾ ਇੱਥੇ ਹੀ ਨਹੀਂ ਰੁਕਿਆ, ਬਲਕਿ ਮੁੱਖ ਸੜਕ ਤੇ ਵੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡੱਬੀ ਮੁਲਾਜ਼ਮਾਂ ਦੀ ਸੁਰੱਖਿਆ ਲਈ ਮੰਗੀ ਪੁਲਿਸ ਫੋਰਸ ਪਾਵਰਕਾਮ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦਾ ਸਤਿਕਾਰ ਕਰਦੇ ਹਨ, ਪਰ ਪ੍ਰਦਰਸ਼ਨਕਾਰੀਆਂ ਦੀਆਂ ਮੌਜੂਦਾ ਗਤੀਵਿਧੀਆਂ ਦੂਜੇ ਮੁਲਾਜ਼ਮਾਂ ਦੇ ਕੰਮ ਕਰਨ ਅਤੇ ਆਜ਼ਾਦਾਨਾ ਘੁੰਮਣ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰ ਰਹੀਆਂ ਹਨ। ਡਾਇਰੈਕਟਰ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਦਫ਼ਤਰ ਦੇ ਗੇਟਾਂ ਤੇ ਪੁਲਿਸ ਤਾਇਨਾਤ ਕੀਤੀ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਸਰਕਾਰੀ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।