ਪੈਂਡਿੰਗ ਫਾਈਲਾਂ ਦਾ ਹੋਵੇਗਾ ਤੁਰੰਤ ਨਿਪਟਾਰਾ, ਵਿਸ਼ੇਸ ਸੁਵਿਧਾ ਕੈਂਪ ਅੱਜ
ਪੈਂਡਿੰਗ ਫਾਈਲਾਂ ਦਾ ਹੋਵੇਗਾ ਤੁਰੰਤ ਨਿਪਟਾਰਾ: ਵਿਸ਼ੇਸ ਸੁਵਿਧਾ ਕੈਂਪ ਅੱਜ
Publish Date: Thu, 25 Jun 2026 06:04 PM (IST)
Updated Date: Fri, 26 Jun 2026 04:07 AM (IST)

ਮੇਅਰ ਨੇ ਬਿਲਡਿੰਗ ਅਤੇ ਹੈਲਥ ਸ਼ਾਖਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਐੱਨਓਸੀ ਤੇ ਸਰਟੀਫਿਕੇਟ ਆਦਿ ਦੀਆਂ ਫਾਇਲਾਂ ਨਾਲ ਨਿਕਲਣ ਕਰਕੇ ਲੋਕਾਂ ਨੂੰ ਉਢੀਕ ਕਰਨੀ ਪੈ ਰਹੀ ਹੈ। ਇਸਦਾ ਹੱਲ ਕਰਨ ਲਈ ਨਗਰ ਨਿਗਮ ਵਿਸ਼ੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਕੈਂਪ ਵਿਚ ਲੋਕ ਸਮੱਸਿਆਵਾਂ ਨੂੰ ਇਕ ਛੱਤ ਹੇਠਾਂ ਹੱਲ ਕੀਤਾ ਜਾਵੇਗਾ। ਇਸ ਸਬੰਧੀ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਬਿਲਡਿੰਗ ਸ਼ਾਖਾ ਅਤੇ ਹੈਲਥ ਸ਼ਾਖਾ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ, ਪੈਂਡਿੰਗ ਫਾਈਲਾਂ ਅਤੇ ਸਰਟੀਫਿਕੇਟਾਂ ਦੇ ਨਿਪਟਾਰੇ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਮੁਕਾਬਲੇ ਫਾਈਲਾਂ ਦੀ ਪੈਂਡੈਂਸੀ ਵਿੱਚ ਕਾਫ਼ੀ ਕਮੀ ਆਈ ਹੈ। ਐੱਨ.ਓ.ਸੀ., ਰਿਹਾਇਸ਼ੀ ਨਕਸ਼ਿਆਂ ਅਤੇ ਹੋਰ ਬਿਲਡਿੰਗ ਸਬੰਧੀ ਅਰਜ਼ੀਆਂ ਦਾ ਨਿਪਟਾਰਾ ਤਰਜੀਹੀ ਅਧਾਰ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਡੱਬੀ ਜਨਮ ਸਰਟੀਫਿਕੇਟ ਜਾਰੀ ਕਰਨ ’ਚ ਨਹੀਂ ਹੋਵੇਗੀ ਦੇਰੀ ਹੈਲਥ ਸ਼ਾਖਾ ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਪੋਰਟਲ ਵਿੱਚ ਤਕਨੀਕੀ ਸਮੱਸਿਆ ਆਉਣ ਕਾਰਨ ਜਨਮ ਅਤੇ ਮੌਤ ਸਰਟੀਫਿਕੇਟਾਂ ਦੀਆਂ ਕੁਝ ਅਰਜ਼ੀਆਂ ਲੰਬਿਤ ਹੋ ਗਈਆਂ ਸਨ। ਇਸ ਪੈਂਡੈਂਸੀ ਨੂੰ ਜਲਦੀ ਖਤਮ ਕਰਨ ਲਈ ਦਫ਼ਤਰ ਵੱਲੋਂ ਵਾਧੂ ਸਟਾਫ ਤੈਨਾਤ ਕੀਤਾ ਗਿਆ ਹੈ ਅਤੇ ਸਰਟੀਫਿਕੇਟਾਂ ਦੇ ਕੰਮ ਨੂੰ ਤੇਜ਼ੀ ਨਾਲ ਨਿਪਟਾਇਆ ਜਾ ਰਿਹਾ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਪਾਰਦਰਸ਼ੀ, ਤੇਜ਼ ਅਤੇ ਸੁਚੱਜੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਨਾਗਰਿਕ ਦੀ ਜਾਇਜ਼ ਅਰਜ਼ੀ ਬਿਨਾਂ ਕਾਰਨ ਲੰਬਿਤ ਨਾ ਰਹੇ ਅਤੇ ਹਰ ਮਾਮਲੇ ਦਾ ਸਮੇਂਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇ। ਡੱਬੀ ਅੱਜ ਲੱਗੇਗਾ ਕੈਂਪ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਅਰ ਵੱਲੋਂ 26 ਜੂਨ 2026, ਦਿਨ ਸ਼ੁੱਕਰਵਾਰ, ਸਵੇਰੇ 8:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਵਿਸ਼ੇਸ਼ ਸੁਵਿਧਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਬਿਲਡਿੰਗ ਸ਼ਾਖਾ ਨਾਲ ਸਬੰਧਤ ਪੈਂਡਿੰਗ ਐਨ.ਓ.ਸੀ., ਰਿਹਾਇਸ਼ੀ ਨਕਸ਼ਿਆਂ ਅਤੇ ਹੋਰ ਫਾਈਲਾਂ ਲਈ ਕੈਂਪ ਡਾ. ਅੰਬੇਡਕਰ ਹਾਲ ਵਿਖੇ ਲਗਾਇਆ ਜਾਵੇਗਾ। ਜਦਕਿ ਜਨਮ ਅਤੇ ਮੌਤ ਸਰਟੀਫਿਕੇਟਾਂ ਦੀ ਪੈਂਡੈਂਸੀ ਸਬੰਧੀ ਕੈਂਪ ਨਗਰ ਨਿਗਮ ਪਟਿਆਲਾ ਦੀ ਜਨਮ-ਮੌਤ ਸ਼ਾਖਾ ਵਿਖੇ ਲਗਾਇਆ ਜਾਵੇਗਾ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀਆਂ ਅਰਜ਼ੀਆਂ ਜਾਂ ਫਾਈਲਾਂ ਪੈਂਡਿੰਗ ਹਨ, ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਇਸ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ।