ਚਾਰ ਥਰਮਲਾਂ ਦੇ 6 ਯੂਨਿਟ ਬੰਦ, 1810 ਮੈਗਾਵਾਟ ਉਤਪਾਦਨ ਪ੍ਰਭਾਵਿਤ
ਚਾਰ ਥਰਮਲਾਂ ਦੇ 6 ਯੂਨਿਟ ਬੰਦ, 1810 ਮੈਗਾਵਾਟ ਉਤਪਾਦਨ ਪ੍ਰਭਾਵਿਤ
Publish Date: Fri, 19 Jun 2026 07:24 PM (IST)
Updated Date: Fri, 19 Jun 2026 07:24 PM (IST)

ਬਿਜਲੀ ਮੰਗ 15,800 ਤੋਂ ਪਾਰ, ਸਰਕਾਰੀ ਥਰਮਲਾਂ ਦੇ ਪੰਜ ਤੇ ਨਿੱਜੀ ਦਾ ਇਕ ਯੂਨਿਟ ਬੰਦ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ’ਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਰਿਕਾਰਡ ਪੱਧਰ ਵੱਲ ਵੱਧ ਰਹੀ ਹੈ, ਪਰ ਦੂਜੇ ਪਾਸੇ ਸੂਬੇ ਦੇ ਥਰਮਲ ਪਾਵਰ ਪਲਾਂਟਾਂ ਵਿਚ ਇਕ ਤੋਂ ਬਾਅਦ ਇਕ 6 ਯੂਨਿਟ ਬੰਦ ਹੋਣ ਕਾਰਨ ਬਿਜਲੀ ਉਤਪਾਦਨ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਜਦੋਂ ਬਿਜਲੀ ਦੀ ਮੰਗ 15,800 ਮੈਗਾਵਾਟ ਤੋਂ ਪਾਰ ਦਰਜ ਕੀਤੀ ਗਈ ਹੈ, ਉੱਥੇ ਹੀ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦਾ ਕੁੱਲ 1810 ਮੈਗਾਵਾਟ ਉਤਪਾਦਨ ਬੰਦ ਰਿਹਾ। ਪੰਜਾਬ ਵਿੱਚ ਇਸ ਵੇਲੇ ਝੋਨੇ ਦੀ ਲਵਾਈ ਜ਼ੋਰਾਂ ’ਤੇ ਹੈ। ਖੇਤੀਬਾੜੀ ਮੋਟਰਾਂ ਤੇ ਘਰੇਲੂ ਵਰਤੋਂ ਕਾਰਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਅਜਿਹੇ ਸਮੇਂ ਵਿਚ 1810 ਮੈਗਾਵਾਟ ਸਮਰੱਥਾ ਦਾ ਬੰਦ ਹੋਣਾ ਪਾਵਰ ਮੈਨੇਜਮੈਂਟ ਲਈ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਜਦਕਿ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਦੇ ਨਜ਼ਦੀਕ ਚੱਲ ਰਹੀ ਹੈ ਅਤੇ ਕੇਂਦਰੀ ਪੂਲ ਤੋਂ ਵੀ 10 ਹਜ਼ਾਰ ਤੋਂ ਵੱਧ ਬਿਜਲੀ ਲਈ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮੰਗ ਹੋਰ ਵਧਦੀ ਹੈ ਅਤੇ ਬੰਦ ਯੂਨਿਟਾਂ ਜਲਦੀ ਬਹਾਲ ਨਹੀਂ ਹੁੰਦੀਆਂ ਤਾਂ ਪੰਜਾਬ ਨੂੰ ਬਿਜਲੀ ਐਕਸਚੇਂਜ ਤੋਂ ਉੱਚੇ ਰੇਟਾਂ ’ਤੇ ਬਿਜਲੀ ਖ਼ਰੀਦਣੀ ਪਵੇਗੀ। ਇਸ ਦਾ ਸਿੱਧਾ ਅਸਰ ਬਿਜਲੀ ਨਿਗਮ ਦੀ ਵਿੱਤੀ ਸਥਿਤੀ ’ਤੇ ਪੈ ਸਕਦਾ ਹੈ। ਜਾਣਕਾਰੀ ਮੁਤਾਬਕ, ਬਠਿੰਡਾ ਦੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਵਿਚ ਹਾਲਾਤ ਸਭ ਤੋਂ ਜ਼ਿਆਦਾ ਚਿੰਤਾਜਨਕ ਦੱਸੇ ਜਾ ਰਹੇ ਹਨ। ਪਲਾਂਟ ਦੀ 210 ਮੈਗਾਵਾਟ ਸਮਰੱਥਾ ਵਾਲੀ ਯੂਨਿਟ ਨੰਬਰ-1 ਐਸ਼ ਹੈਂਡਲਿੰਗ ਸਿਸਟਮ ਵਿਚ ਖ਼ਰਾਬੀ ਕਾਰਨ ਬੰਦ ਹੋਈ, ਜਦਕਿ 250 ਮੈਗਾਵਾਟ ਵਾਲੀ ਯੂਨਿਟ ਨੰਬਰ-3 ਵੀ ਇਸੇ ਤਰ੍ਹਾਂ ਦੀ ਸਮੱਸਿਆ ਕਾਰਨ ਠੱਪ ਹੋ ਗਈ। ਇਸ ਤੋਂ ਇਲਾਵਾ 210 ਮੈਗਾਵਾਟ ਦੀ ਯੂਨਿਟ ਨੰਬਰ-2 ਕਲਿੰਕਰ ਬਣਨ ਅਤੇ ਹੋਰ ਤਕਨੀਕੀ ਰੁਕਾਵਟਾਂ ਕਾਰਨ ਬੰਦ ਹੋ ਗਈ। ਇਹ ਪਲਾਂਟ ਪਹਿਲਾਂ ਹੀ ਕੋਲੇ ਦੀ ਉਪਲਬਧਤਾ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਤਪਾਦਨ ਘਟਣ ਕਾਰਨ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਨੂੰ ਖੁੱਲ੍ਹੇ ਬਾਜ਼ਾਰ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ ਜਿਸ ਨਾਲ ਲਗਭਗ 2 ਕਰੋੜ ਰੁਪਏ ਪ੍ਰਤੀ ਦਿਨ ਦਾ ਵਾਧੂ ਬੋਝ ਪੈਣ ਦੀ ਗੱਲ ਸਾਹਮਣੇ ਆ ਰਹੀ ਹੈ। ਤਲਵੰਡੀ ਸਾਬੋ ਦੀ 660 ਮੈਗਾਵਾਟ ਯੂਨਿਟ ਵੀ ਬੰਦ ਸੂਬੇ ਨੂੰ ਸਭ ਤੋਂ ਵੱਡਾ ਝਟਕਾ ਤਲਵੰਡੀ ਸਾਬੋ ਥਰਮਲ ਪਲਾਂਟ ਦੀ 660 ਮੈਗਾਵਾਟ ਸਮਰੱਥਾ ਵਾਲੀ ਯੂਨਿਟ ਬੰਦ ਹੋਣ ਨਾਲ ਲੱਗਾ ਹੈ। ਪਲਾਂਟ ਪ੍ਰਬੰਧਨ ਮੁਤਾਬਕ, ਬਾਇਲਰ ਵਿਚ ਅਸਧਾਰਣ ਆਵਾਜ਼ ਆਉਣ ਕਾਰਨ ਯੂਨਿਟ ਨੂੰ ਐਮਰਜੈਂਸੀ ਤੌਰ ’ਤੇ ਬੰਦ ਕਰਨਾ ਪਿਆ। ਇਹ ਇਕੱਲੀ ਯੂਨਿਟ ਹੀ ਪੰਜਾਬ ਦੀ ਕੁੱਲ ਬੰਦ ਸਮਰੱਥਾ ਦਾ ਤਕਰੀਬਨ ਇਕ-ਤਿਹਾਈ ਹਿੱਸਾ ਬਣਦੀ ਹੈ। ਗੋਇੰਦਵਾਲ ਥਰਮਲ ਪਲਾਂਟ ਦੀ 270 ਮੈਗਾਵਾਟ ਯੂਨਿਟ ਬਾਇਲਰ ਟਿਊਬ ਲੀਕੇਜ ਕਾਰਨ ਬੰਦ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਰੋਪੜ ਦੀ 210 ਮੈਗਾਵਾਟ ਯੂਨਿਟ ਫਲੇਮ ਫੇਲਿਅਰ ਕਾਰਨ ਟ੍ਰਿਪ ਹੋ ਗਈ, ਜਿਸ ਕਾਰਨ ਉਤਪਾਦਨ ਰੁਕ ਗਿਆ। ਇਨ੍ਹਾਂ ਦੋਵਾਂ ਪਲਾਂਟਾਂ ਦੀਆਂ ਸਮੱਸਿਆਵਾਂ ਨੇ ਵੀ ਸੂਬੇ ਦੀ ਉਪਲਬਧ ਬਿਜਲੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਬੰਦ ਯੂਨਿਟਾਂ ਦਾ ਵੇਰਵਾ ਪਲਾਂਟ ਯੂਨਿਟ ਨੰਬਰ ਸਮਰੱਥਾ ਰੋਪੜ 04 210 ਲਹਿਰਾ ਮੁਹੱਬਤ 01 210 ਲਹਿਰਾ ਮੁਹੱਬਤ 02 210 ਲਹਿਰਾ ਮੁਹੱਬਤ 03 210 ਗੋਇੰਦਵਾਲ ਸਾਹਿਬ 02 270 ਤਲਵੰਬੀ ਸਾਬੋ 01 660