ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਦਾ : ਪੈਨਲ ਨੇ ਕੀਤਾ ਮ੍ਰਿਤਕ ਦਾ ਪੋਸਟਮਾਰਟਮ
ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਦਾ,
Publish Date: Thu, 18 Jun 2026 04:50 PM (IST)
Updated Date: Fri, 19 Jun 2026 04:04 AM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਬੁੱਧਵਾਰ ਨਜਦੀਕੀ ਪਿੰਡ ਕਮਾਲਪੁਰ ਕਾਲੇਕੀ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿੱਚ ਇਕ ਨੌਜਵਾਨ ਦੀ ਮੌਤ ਤੇ ਦੋ ਨੌਜਵਾਨ ਜ਼ਖ਼ਮੀ ਹੋ ਗਏ ਸਨ, ਦੇ ਮਾਮਲੇ ਵਿੱਚ ਦਿੜ੍ਹਬਾ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਦਿੜ੍ਹਬਾ ਥਾਣਾ ਮੁੱਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਕੁਮਾਰ (27) ਪੁੱਤਰ ਹਰਪਾਲ ਸਿੰਘ ਵਾਸੀ ਟਿੱਬੀ ਮੁਹੱਲਾ ਸਮਾਣਾ ਦੀ ਪਤਨੀ ਪਰੋਮੀਲਾ ਰਾਣੀ ਵੱਲੋਂ ਦਰਜ ਕਰਵਾਏ ਬਿਆਨਾ ਅਨੁਸਾਰ ਕੱਲ ਸਵੇਰੇ ਉਸਦੇ ਪਤੀ ਦਾ ਦੋਸਤ ਵਿਵੇਕ ਵਾਸੀ ਸਮਾਣਾ ਸਾਡੇ ਘਰ ਆਇਆ ਤੇ ਕਹਿਣ ਲੱਗਾ ਕਿ ਆਪਾ ਕੁਲਜੀਤ ਸਿੰਘ ਵਾਸੀ ਕਮਾਲਪੁਰ ਕਾਲੇਕੀ ਨਾਲ ਕਬਜੇ ਤੇ ਜਾਣਾ ਹੈ ਤੇ ਮੇਰਾ ਪਤੀ ਉਸ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਚਲਾ ਗਿਆ ਤੇ ਕਰੀਬ ਦੋ ਘੰਟੇ ਬਾਅਦ ਮੇਰੇ ਪਤੀ ਦੇ ਦੋਸਤ ਨੇ ਫੋਨ ਤੇ ਦੱਸਿਆ ਕਿ ਜਿੱਥੇ ਅਸੀ ਕੁਲਜੀਤ ਸਿੰਘ ਦੀ ਮਦਦ ਲਈ ਗਏ ਸੀ, ਉੱਥੇ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਜਮੀਨ ਤੇ ਕਬਜਾ ਕਰਨ ਲਈ ਸਾਡੇ ਤੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਖੁਦ ਮੇਰੇ, ਰੋਹਿਤ ਤੇ ਲਛਮਣ ਦੇ ਗੋਲੀਆ ਵੱਜੀਆ ਤੇ ਹਸਪਤਾਲ ਲਿਆਉਣ ਤੇ ਰੋਹਿਤ ਦੀ ਮੌਤ ਹੋ ਗਈ। ਉਨ੍ਹਾਂ ਦਰਜ ਕਰਵਾਏ ਬਿਆਨਾਂ ’ਚ ਇਹ ਵੀ ਕਿਹਾ ਹੈ ਕਿ ਕੁਲਜੀਤ ਸਿੰਘ ਦੀ ਵਿਰੋਧੀ ਧਿਰ ਰਾਜ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਤੁਰਬੰਨਜਾਰਾ, ਜਗਸੀਰ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਦਿੜ੍ਹਬਾ, ਹੈਪੀ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਿੜ੍ਹਬਾ ਅਤੇ ਢੰਡੋਲੀ ਪਿੰਡ ਦੇ ਲੜਕੇ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਆਪਣੇ ਹਥਿਆਰਾ ਨਾਲ ਫਾਇਰਿੰਗ ਕਰਕੇ ਮੇਰੇ ਪਤੀ ਰੋਹਿਤ ਕੁਮਾਰ ਦਾ ਕਤਲ ਕਰ ਦਿੱਤਾ ਹੈ। ਰੰਜਸ ਦੀ ਵਜ੍ਹਾ ਇਹ ਹੈ ਕਿ ਕੁਲਜੀਤ ਸਿੰਘ ਅਤੇ ਰਾਜ ਸਿੰਘ ਉਕਤਾਨ ਦਾ ਆਪਸ ਵਿੱਚ ਜਮੀਨੀ ਝਗੜਾ ਚਲਦਾ ਹੈ ਜਿਸ ਕਰਕੇ ਵਿਰੋਧੀ ਧਿਰ ਨੇ ਗੋਲੀ ਮਾਰ ਕੇ ਮੇਰੇ ਪਤੀ ਦਾ ਕਤਲ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਰਜ ਕਰਵਾਏ ਬਿਆਨਾ ਦੇ ਅਧਾਰ ਤੇ ਰਾਜ ਸਿੰਘ, ਜਗਸੀਰ ਸਿੰਘ, ਹੈਪੀ ਸਿੰਘ ਅਤੇ ਇਕ ਢਡੌਲੀ ਪਿੰਡ ਦੇ ਲੜਕੇ ਤੇ 4/5 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਵਾ ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਵਿੱਚ ਤਿੰਨ ਡਾਕਟਰਾ ਸਚਿਵ ਗਰਗ,ਜੋਯਤੀ ਪਰਮਾਰ ਤੇ ਸਰਬਜੀਤ ਕੌਰ ਦੇ ਪੈਨਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਤੇ ਵਿਸਰਾ ਜਾਂਚ ਲਈ ਲੈਬ ਭੇਜਿਆ ਜਾ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਚਾਰ ਸਲ ਦੀ ਲੜਕੀ ਨੂੰ ਛੱਡ ਗਿਆ।