- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਮੇਰ ਔਲਖ ਦੀ ਬਰਸੀ ਮੌਕੇ ਰੰਗ-ਸੰਵਾਦ ਸਮਾਗਮ ਆਯੋਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਸਤੀਸ਼ ਕੁਮਾਰ ਵਰਮਾ ਖੋਜ-ਪਰਿਵਾਰ ਵੱਲੋਂ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਨੌਵੀਂ ਬਰਸੀ ਮੌਕੇ ‘ਅਜਮੇਰ ਸਿੰਘ ਔਲਖ : ਪਰਤਾਂ ਤੇ ਪਰਛਾਵੇਂ’ ਸਿਰਲੇਖ ਅਧੀਨ ‘ਰੰਗ-ਸੰਵਾਦ’ ਨਾਂ ਦਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਨੇ ਆਪਣੇ ਨਾਟਕਾਂ ਰਾਹੀਂ ਪੰਜਾਬੀ ਸਮਾਜ ਵਿਚ ਜੋ ਸੰਵੇਦਨਾ ਪੈਦਾ ਕੀਤੀ ਹੈ ਉਸ ਦਾ ਸਮਾਜ ’ਤੇ ਗਹਿਰਾ ਪ੍ਰਭਾਵ ਹੈ। ਅਜਮੇਰ ਸਿੰਘ ਔਲਖ ਦੇ ਨਾਟਕ ਗਰੀਬਾਂ, ਮਜ਼ਦੂਰਾਂ ਤੇ ਨਿਮਨ ਕਿਸਾਨੀ ਦੀ ਆਵਾਜ਼ ਬਣੇ ਹਨ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਦੇ ਪਾਤਰ ਸੰਘਰਸ਼ ਕਰਨਾ ਸਿਖਾਉਂਦੇ ਹਨ। ਡਾ. ਬਲਦੇਵ ਸਿੰਘ ਦੋਦੜਾ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਬਹਾਦੁਰਪੁਰ ਨੇ ਅਜਮੇਰ ਸਿੰਘ ਔਲਖ ਦੇ ਮਿੱਥ ਅਧਾਰਿਤ ਨਾਟਕਾਂ ਉੱਤੇ ਕੇਂਦਰਿਤ ਕੀਤਾ। ਉਹਨਾਂ ਅਨੁਸਾਰ ਅਜਮੇਰ ਸਿੰਘ ਔਲਖ ਦੇ ਨਾਟਕ ਮਿੱਥ ਦੀ ਪੁਨਰ-ਸਿਰਜਣਾ ਕਰਦੇ ਹਨ। ‘ਇੱਕ ਰਮਾਇਣ ਹੋਰ’, ‘ਸਲਵਾਨ’ ਅਤੇ ‘ਇਕ ਸੀ ਦਰਿਆ’ ਨਾਟਕਾਂ ਵਿਚ ਪਈ ਮਿੱਥ ਸਮਕਾਲੀ ਸਮਾਜ ਦਾ ਵਿਸ਼ਲੇਸ਼ਣ ਕਰਦੀ ਹੈ। ਅਜਮੇਰ ਸਿੰਘ ਔਲਖ ਦੀ ਸਪੁੱਤਰੀ ਡਾ. ਸੁਪਨਦੀਪ ਕੌਰ ਨੇ ਔਲਖ ਸਾਹਿਬ ਦੀਆਂ ਰੰਗਮੰਚੀ ਪੇਸ਼ਕਾਰੀਆਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਜ਼ਿੰਦਾਦਿਲ ਸ਼ਖ਼ਸੀਅਤ ਸਨ। ਡਾ. ਹਰਜਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ, ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਨੇ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚਲੇ ਨਾਰੀ ਪਾਤਰਾਂ ਦੀ ਵਿਕਾਸ ਯਾਤਰਾ ’ֹֹਤੇ ਚਰਚਾ ਕੀਤੀ। ਡਾ. ਲੱਖਾ ਲਹਿਰੀ ਨੇ ਅਜਮੇਰ ਔਲਖ ਨਾਲ ਕੀਤੇ ਕੰਮ ਤੇ ਅਨੁਭਵ ਸਾਂਝੇ ਕੀਤੇ। ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚ ਗਾਲਾਂ ਦੇ ਪ੍ਰਯੋਗ ਬਾਰੇ ਕਈ ਤਰ੍ਹਾਂ ਦੇ ਤਰਕ-ਵਿਤਰਕ ਕੀਤੇ ਜਾਂਦੇ ਹਨ ਪਰ ਇਨ੍ਹਾਂ ਦੀਆਂ ਜੜ੍ਹਾਂ ਪੰਜਾਬੀ ਸੱਭਿਆਚਾਰ ਦੇ ਅਵਚੇਤਨ ਵਿਚ ਪਈਆਂ ਹੋਈਆਂ ਹਨ। ਪ੍ਰੋ. ਕਿਰਪਾਲ ਕਜ਼ਾਕ ਨੇ ਔਲਖ ਸਾਹਿਬ ਦੇ ਹਵਾਲੇ ਨਾਲ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਚੰਗਾ ਸਾਹਿਤ ਉਹੀ ਹੈ ਜੋ ਕਿਸੇ ਵਿਅਕਤੀ ਦੇ ਮਰਨ ਉਪਰੰਤ ਵੀ ਪੜ੍ਹਿਆ ਤੇ ਵਿਚਾਰਿਆ ਜਾਂਦਾ ਹੋਵੇ। ਸਮਾਗਮ ਦੇ ਮੁੱਖ ਵਕਤਾ ਡਾ. ਸੁਖਦੇਵ ਸਿੰਘ ਸਿਰਸਾ ਨੇ ਅਜਮੇਰ ਔਲਖ ਨਾਲ ਬਿਤਾਏ ਚਾਲੀ ਵਰ੍ਹਿਆਂ ਦੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਕੁਲਦੀਪ ਸਿੰਘ ਦੀਪ, ਕਨਵੀਨਰ, ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਨੇ ‘ਮੰਚ ਸੰਚਾਲਕ’ ਦੀ ਭੂਮਿਕਾ ਨਿਭਾਈ। ਇਸ ਮੌਕੇ ’ਤੇ ਡਾ. ਕੁਲਦੀਪ ਚੌਹਾਨ, ਸੁਭਾਸ਼ ਬਿੱਟੂ, ਰਾਜਿੰਦਰ ਲਹਿਰੀ, ਚਮਕੌਰ ਬਿੱਲਾ, ਪਰਮਿੰਦਰਪਾਲ ਕੌਰ, ਲਕਸ਼ਮੀ ਨਰਾਇਣ ਭੀਖੀ, ਸਤਪਾਲ ਭੀਖੀ, ਅਰਵਿੰਦਰ ਕੌਰ ਕਾਕੜਾ, ਡਾ. ਸੰਤੋਖ ਸੁੱਖ, ਅਵਤਾਰਜੀਤ, ਨਵਦੀਪ ਮੁੰਡੀ, ਜਸਵਿੰਦਰ ਕੌਰ ਸੱਗੂ ਆਦਿ ਹਾਜ਼ਰ ਸਨ।