ਮੰਦਰ ’ਤੇ ਕਬਜ਼ਾ ਕਰ ਕੇ ਹਰਾ ਰੰਗ ਫੇਰਨ ’ਤੇ ਭੜਕਿਆ ਹਿੰਦੂ ਸਮਾਜ
ਮੰਦਰ ’ਤੇ ਕਬਜ਼ਾ ਕਰਕੇ ਹਰਾ ਰੰਗ ਫੇਰਨ ’ਤੇ ਭੜਕਿਆ ਹਿੰਦੂ ਸਮਾਜ
Publish Date: Mon, 15 Jun 2026 06:23 PM (IST)
Updated Date: Tue, 16 Jun 2026 04:06 AM (IST)

ਪ੍ਰਸ਼ਾਸ਼ਨ ਦੀ ਚੁੱਪੀ ’ਤੇ ਹਿੰਦੂ ਜਥੇਬੰਦੀਆਂ ਦੀ ਚੇਤਾਵਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਐਸਐਸਟੀ ਨਗਰ ਵਿਚ ਮੰਦਿਰ ’ਤੇ ਕਬਜ਼ਾ ਕਰ ਕੇ ਉਸ ’ਤੇ ਹਰਾ ਰੰਗ ਫੇਰਨ ਨੂੰ ਲੈ ਕੇ ਹਿੰਦੂ ਸਮਾਜ ਭੜਕ ਉਠਿਆ ਹੈ। ਹਿੰਦੂ ਸਮਾਜ ਨੇ ਚੇਤਾਵਨੀ ਦਿੱਤੀ ਕਿ ਜੇਕਰ 25 ਜੂਨ ਤੱਕ ਹਿੰਦੂ ਸਮਾਜ ਨੂੰ ਵਾਪਸ ਮੰਦਿਰ ਦਾ ਕਬਜ਼ਾ ਦੁਆ ਕੇ ਮੁੜ ਕੇਸਰੀ ਰੰਗ ਨਾ ਕੀਤਾ ਗਿਆ ਤੇ ਪੂਰਨ ਮਰਿਆਦਾ ਬਹਾਲ ਨਾ ਕੀਤੀ ਗਈ ਤਾਂ ਫਿਰ ਹਿੰਦੂ ਸਮਾਜ ਦੇ ਮੈਂਬਰ ਖੁਦ ਮੰਦਿਰ ਦਾ ਕਬਜ਼ਾ ਵੀ ਲੈਣਗੇ ਤੇ ਕੇਸਰੀ ਰੰਗ ਵੀ ਫੇਰਨਗੇ। ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਹਿੰਦੂਸਤਾਨ ਦੇ ਪ੍ਰਧਾਨ ਪਵਨ ਗੁਪਤਾ, ਬ੍ਰਹਮਾ ਨੰਦ ਗਿਰੀ ਮੁਖੀ ਸ੍ਰੀ ਹਿੰਦੂ ਤਖਤ, ਰਾਜੇਸ਼ ਕੇਹਰ ਪ੍ਰਧਾਨ ਹਿੰਦੂ ਸੁਰੱਖਿਆ ਸੰਮਤੀ, ਸਵਤੰਤਰ ਪਾਸੀ ਚੇਅਰਮੈਨ ਲੰਗਰ ਟਰੱਸਟ ਮਾਤਾ ਕਾਲੀ ਮੰਦਿਰ ਤੇ ਹੋਰ ਆਗੂਆਂ ਨੇ ਦੱਸਿਆ ਕਿ ਐਸ ਐਸ ਟੀ ਨਗਰ ਵਿਚ ਇਹ ਮੰਦਿਰ ਕਾਫੀ ਪੁਰਾਣਾ ਹੈ, ਜਿਸ ਬਾਰੇ ਪਹਿਲਾਂ ਵੀ ਸਾਲ 2016 ਵਿਚ ਤਤਕਾਲੀ ਨਾਇਬ ਤਹਿਸੀਲਦਾਰ ਨੇ ਤਤਕਾਲੀ ਐਸ ਡੀ ਐਮ ਨੂੰ ਰਿਪੋਰਟ ਸੌਂਪ ਕੇ ਦੱਸਿਆ ਸੀ ਕਿ ਇਹ ਮੰਦਿਰ ਸਮਾਧ/ਮੰਦਿਰ ਕੁੰਦਨ ਗਿਰ ਬਣੀ ਹੋਈ ਹੈ। ਸਮਾਜ ਕੁੰਦਨ ਗਿਰ ਦੇ ਸਾਹਮਣੇ ਖਾਲੀ ਜਗ੍ਹਾ ਪਈ ਸੀ ਤੇ ਕੁੰਦਨ ਗਿਰ ਦੇ ਸਾਹਮਣੇ ਚਾਰ ਦੀਵਾਰੀ ’ਤੇ ਉਚੀ ਕੰਧ ਬਣੀ ਹੋਈ ਹੈ ਤੇ ਮੌਕੇ ’ਤੇ ਲੋਕਾਂ ਨੇ ਦੱਸਿਆ ਹੈ ਕਿ ਇਹ ਪਹਿਲਾਂ ਬਣੀ ਨਹੀਂ ਸੀ ਤੇ ਬਾਅਦ ਵਿਚ ਦੂਜੀ ਧਿਰ ਵੱਲੋਂ ਨਜਾਇਜ਼ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਮੰਦਿਰ ਦੇ ਪੁਜਾਰੀ ਨੂੰ ਭਜਾ ਕੇ ਮੰਦਿਰ ਨੂੰ ਤਾਲਾ ਲਗਾ ਦਿੱਤਾ। ਇਸ ਮੌਕੇ ਹਿੰਦੂ ਸਮਾਜ ਦੇ ਮੈਂਬਰਾਂ ਨੇ ਮੌਜੂਦਾ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੂੰ ਮੰਗ ਪੱਤਰ ਸੌਂਪ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਹਨਾਂ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਮਗਰੋਂ ਦੂਜੀ ਧਿਰ ਨੇ ਮੰਦਿਰ ਦੀ ਕੇਸਰੀ ਰੰਗ ਦੀ ਕੰਧ ’ਤੇ ਹਰਾ ਰੰਗ ਕਰ ਦਿੱਤਾ। ਇਕ ਹੋਰ ਮਾਮਲੇ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਦੇ ਪਿੱਛੇ ਕਮਲ ਕਲੋਨੀ ਵਿਚ ਇਕ ਘਰ ’ਤੇ ਕਬਜ਼ਾ ਕਰ ਲਿਆ, ਘਰ ਵਿਚ ਮੌਜੂਦਾ ਖਾਟੂ ਸ਼ਿਆਮ ਜੀ ਦਾ ਮੰਦਿਰ ਤੋੜ ਦਿੱਤਾ ਤੇ ਘਰਦੇ 8 ਮੈਂਬਰਾਂ ਨੂੰ ਕ੍ਰਿਪਾਨਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਮੈਂਬਰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਨ ਤਾਂ ਇਹਨਾਂ ਦੇ ਬਿਆਨ ਕਲਮਬੱਧ ਕਰ ਕੇ ਕੋਤਵਾਲੀ ਪੁਲਿਸ ਥਾਣੇ ਵਿਚ ਐਫ ਆਈ ਆਰ ਦਰਜ ਕੀਤੀ ਗਈ ਪਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਸਮੁੱਚੇ ਭਾਈਚਾਰੇ ਦੇ ਮੈਂਬਰ ਕੱਲ੍ਹ 16 ਜੂਨ ਨੂੰ ਉਕਤ ਕਲੋਨੀ ਵਿਚ ਜਾ ਕੇ ਘਰ ਦਾ ਕਬਜ਼ਾ ਵਾਪਸ ਲੈਣਗੇ ਅਤੇ ਪਰਿਵਾਰ ਨੂੰ ਕਬਜ਼ਾ ਦੁਆਇਆ ਜਾਵੇਗਾ। ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਐਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਬੰਧਤ ਐਸ ਐਚ ਓ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਤੇ ਸਾਰੇ ਦਸਤਾਵੇਜ਼ ਵੇਖ ਕੇ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਪੱਖ ਲੈਣ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨਾਲ ਮੋਬਾਈਲ ’ਤੇ ਫੋਨ ਕੀਤਾ ਗਿਆ ਪਰ ਉਹਨਾਂ ਫੋਨ ਨਹੀਂ ਚੁੱਕਿਆ।