ਐੱਫ ਐਂਡ ਸੀਸੀ ਵਲੋਂ ਵਿਕਾਸ ਕਾਰਜਾਂ ਨੂੰ ਹਰੀ ਝੰਡੀ; ਲਾਪਰਵਾਹ ਫਰਮ 'ਬਲੈਕਲਿਸਟ'
ਐਫਐਂਡਸੀਸੀ ਵਲੋਂ ਵਿਕਾਸ ਕਾਰਜਾਂ ਨੂੰ ਹਰੀ ਝੰਡੀ; ਲਾਪਰਵਾਹ ਫਰਮ 'ਬਲੈਕਲਿਸਟ'
Publish Date: Mon, 15 Jun 2026 05:54 PM (IST)
Updated Date: Tue, 16 Jun 2026 04:06 AM (IST)

-ਨਵੀਆਂ ਸੜਕਾਂ, ਸਟ੍ਰੀਟ ਲਾਈਟਾਂ ਤੇ ਵਾਟਰ ਸਪਲਾਈ ਲਾਈਨਾਂ ਵਿਛਾਉਣ ਨੂੰ ਮਿਲੀ ਪ੍ਰਵਾਨਗੀ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੀ ਨੁਹਾਰ ਬਦਲਣ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਨਗਰ ਨਿਗਮ ਦਫ਼ਤਰ ਵਿਖੇ ਫਾਇਨਾਂਸ ਐਂਡ ਕੰਟਰੈਕਟ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ। ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਹੋਈ ਇਸ ਉੱਚ ਪੱਧਰੀ ਮੀਟਿੰਗ ਵਿੱਚ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਜੁਆਇੰਟ ਕਮਿਸ਼ਨਰ ਮਨਰੀਤ ਰਾਣਾ ਸਮੇਤ ਹੋਰ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਕੁੰਦਨ ਗੋਗੀਆ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਦੇਰੀ ਅਤੇ ਕਿਸੇ ਵੀ ਪੱਧਰ ਤੇ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਸਰਜ਼ ਬੀ.ਐਸ. ਬਿਲਡਰਜ਼ ਪ੍ਰਾਈਵੇਟ ਲਿਮਟਿਡ ਫਰਮ ਨੂੰ ਗ੍ਰੀਨ ਪਾਰਕ ਕਲੋਨੀ, ਪ੍ਰਤਾਪ ਨਗਰ ਅਤੇ ਬਡੂੰਗਰ ਖੇਤਰ ਵਿੱਚ ਸੜਕਾਂ ਦੀ ਰਿਪੇਅਰ ਦੇ ਕੰਮ ਅਲਾਟ ਕੀਤੇ ਗਏ ਸਨ। ਨਿਗਮ ਵੱਲੋਂ ਵਾਰ-ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਕਤ ਫਰਮ ਨੇ ਕੰਮ ਸ਼ੁਰੂ ਨਹੀਂ ਕੀਤਾ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਫਰਮ ਨੂੰ ਦੋ ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਹੈ ਅਤੇ ਉਸ ਦੀ ਬੈਂਕ ਗਰੰਟੀ ਜਬਤ ਕਰਕੇ ਇਨ੍ਹਾਂ ਕੰਮਾਂ ਦੇ ਦੁਬਾਰਾ ਟੈਂਡਰ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਡੱਬੀ ਸੀਵਰੇਜ ਤੇ ਨਾਲਿਆਂ ਦੀ ਸਫ਼ਾਈ ਲਈ ਵਿਸ਼ੇਸ਼ ਪ੍ਰਬੰਧ ਬਰਸਾਤ ਦੇ ਮੌਸਮ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਿਗਮ ਵੱਲੋਂ ਵੱਡੇ ਨਾਲਿਆਂ ਦੀ ਸਫ਼ਾਈ ਲਈ ਮਤੇ ਪਾਸ ਕੀਤੇ ਗਏ। ਮਾਡਲ ਟਾਊਨ ਡਰੇਨ ਅਬਲੋਵਾਲ ਪੁਲੀ ਤੋਂ ਰੇਲਵੇ ਲਾਈਨ ਤੱਕ ਦੀ ਸਫ਼ਾਈ ਅਤੇ ਡੀਸਿਲਟਿੰਗ ਲਈ 24.55 ਲੱਖ ਰੁਪਏ ਦੇ ਟੈਂਡਰ ਨੂੰ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਜੈਕਬ ਡਰੇਨ ਕਾਲੇ ਮੂਹ ਦੀ ਬਗੀਚੀ ਤੋਂ ਸੂਲਰ ਪੁਲੀ ਤੱਕ ਦੀ ਸਫ਼ਾਈ ਲਈ 19.02 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਅਬਲੋਵਾਲ ਤੋਂ ਟਿਵਾਣਾ ਚੌਂਕ ਤੱਕ ਮੁੱਖ ਸੀਵਰ ਲਾਈਨ ਦੀ ਸੁਪਰ ਸਕਸ਼ਨ ਮਸ਼ੀਨ ਰਾਹੀਂ ਡੀ-ਸਿਲਟਿੰਗ ਦੇ ਕੰਮ ਲਈ ਲਗਭਗ 49.30 ਲੱਖ ਰੁਪਏ ਰਾਖਵੇਂ ਕੀਤੇ ਗਏ ਹਨ। ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਸਫ਼ਾਈ ਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਇਹ ਕੰਮ ਹੁਣ ਮੈਸਰਜ਼ ਮਾਲਵਾ ਐਂਡ ਕੰਪਨੀ ਨੂੰ ਸੌਂਪਿਆ ਗਿਆ ਹੈ ਤਾਂ ਜੋ ਕੰਮ ਤੁਰੰਤ ਸ਼ੁਰੂ ਹੋ ਸਕੇ। ਡੱਬੀ ਲਾਈਟਾਂ ਨਾਲ ਰੋਸ਼ਨ ਹੋਣਗੇ ਧਾਰਮਿਕ ਤੇ ਜਨਤਕ ਸਥਾਨ ਸ਼ਹਿਰ ਦੇ ਸੁੰਦਰੀਕਰਨ ਤਹਿਤ ਸਟ੍ਰੀਟ ਲਾਈਟਾਂ ਦੇ ਪ੍ਰੋਜੈਕਟਾਂ ਨੂੰ ਵੀ ਵੱਡੀ ਪ੍ਰਵਾਨਗੀ ਮਿਲੀ ਹੈ। ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਜ਼ਦੀਕ ਆਧੁਨਿਕ ਤੇ ਸਜਾਵਟੀ ਲਾਈਟਾਂ ਲਗਾਉਣ ਲਈ 39.65 ਲੱਖ ਰੁਪਏ ਅਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਨਵੀਆਂ ਸਟ੍ਰੀਟ ਲਾਈਟਾਂ ਲਗਾਉਣ ਲਈ 44.92 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਪੁਰਾ ਰੋਡ ਤੋਂ ਸਰਹਿੰਦ ਬਾਈਪਾਸ ਵੱਡੀ ਨਦੀ ਦੇ ਨਾਲ- ਨਾਲ 31.26 ਲੱਖ ਰੁਪਏ, ਛੋਟੀ ਨਦੀ ਤੋਂ ਵੱਡੀ ਨਦੀ ਸਨੌਰ ਰੋਡ ਤੱਕ ਨਵੀਆਂ ਲਾਈਟਾਂ ਲਈ 11.80 ਲੱਖ ਰੁਪਏ ਅਤੇ ਤਫ਼ਜ਼ਲਪੁਰਾ ਪਾਰਕ ਵਿਖੇ ਸਟ੍ਰੀਟ ਲਾਈਟਾਂ ਲਗਾਉਣ ਲਈ 10.86 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਡੱਬੀ 47 ਲੱਖ ਨਾਲ ਮੁੜ ਲਿਸ਼ਕੇਗੀ ਹੈਰੀਟੇਜ ਸਟ੍ਰੀਟ ਪਟਿਆਲਾ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹੈਰੀਟੇਜ ਸਟ੍ਰੀਟ ਦੇ ਵਿਸ਼ੇਸ਼ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਪੂਰੇ ਮਾਰਗ ਨੂੰ ਰੌਸ਼ਨ ਕਰਨ ਲਈ 42.13 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸੜਕ ਦੀ ਮਜ਼ਬੂਤੀ ਅਤੇ ਸੁੰਦਰੀਕਰਨ ਨੂੰ ਵਧਾਉਣ ਲਈ ਇੱਥੇ 47.02 ਲੱਖ ਰੁਪਏ ਦੀ ਰਾਸ਼ੀ ਨਾਲ ਸੀ.ਸੀ. ਫਲੋਰਿੰਗ (ਕੰਕਰੀਟ ਫਲੋਰਿੰਗ) ਦਾ ਕੰਮ ਕਰਵਾਇਆ ਜਾਵੇਗਾ। ਡੱਬੀ ਵਾਰਡਾਂ ਦੇ ਵਿਕਾਸ ਤੇ ਲੋਕ ਸੁਵਿਧਾਵਾਂ ਲਈ ਅਹਿਮ ਫੈਸਲੇ ਖਸਤਾਹਾਲ ਸੜਕਾਂ ਨੂੰ ਸੁਧਾਰਨ ਲਈ ਚੱਲ ਰਹੇ 609.19 ਲੱਖ ਰੁਪਏ ਦੇ ਅਪਗ੍ਰੇਡੇਸ਼ਨ ਪ੍ਰੋਜੈਕਟ ਵਿੱਚੋਂ ਹੀ ਵਿਕਾਸ ਕਲੋਨੀ ਦੀਆਂ ਸੜਕਾਂ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ। ਵਾਰਡ ਨੰਬਰ 30 ਦੇ ਪਾਰਕਾਂ ਦੇ ਨਵੀਨੀਕਰਨ ਲਈ 16.81 ਲੱਖ ਰੁਪਏ, ਵਾਰਡ 49 ਲਾਹੌਰੀ ਗੇਟ ਵਿੱਚ ਸੀ.ਸੀ. ਰੋਡ ਬਣਾਉਣ ਲਈ 41.20 ਲੱਖ, ਗੌਰੀ ਸ਼ੰਕਰ ਮੰਦਿਰ ਤੋਂ ਬੀਰ ਜੀ ਸ਼ਮਸ਼ਾਨਘਾਟ ਸੜਕ ਲਈ 28.62 ਲੱਖ ਅਤੇ ਵਾਰਡ 24 ਦੀਆਂ ਗਲੀਆਂ ਲਈ 48.57 ਲੱਖ ਰੁਪਏ ਦੇ ਟੈਂਡਰਾਂ ਨੂੰ ਹਰੀ ਝੰਡੀ ਮਿਲੀ। ਗਰਮੀ ਦੇ ਮੌਸਮ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਾਰਡ 47 ਅਤੇ ਮਾਈ ਜੀ ਸਰਾਂ ਵਿਖੇ ਨਵੇਂ ਟਿਊਬਵੈੱਲ ਲਗਾਉਣ ਲਈ ਕਰਮਵਾਰ 13.54 ਲੱਖ ਅਤੇ 13.50 ਲੱਖ ਰੁਪਏ ਦੇ ਟੈਂਡਰ ਪਾਸ ਕੀਤੇ ਗਏ। ਪਾਰਕਾਂ ਦੀ ਸਾਂਭ-ਸੰਭਾਲ ਅਤੇ ਸੜਕਾਂ ਕਿਨਾਰੇ ਘਾਹ-ਬੁੱਟੀ ਕੱਟਣ ਲਈ ਆਊਟਸੋਰਸਿੰਗ ਰਾਹੀਂ 30 ਮਾਲੀ ਬੇਲਦਾਰ ਇੱਕ ਸਾਲ ਲਈ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ, ਜਿਸ ਤੇ ਸਾਲਾਨਾ ਲਗਭਗ 51.98 ਲੱਖ ਰੁਪਏ ਖਰਚ ਆਉਣਗੇ। ਨਵੇਂ ਬਣ ਰਹੇ ਕਮਿਊਨਿਟੀ ਸੈਂਟਰ-2 ਦੇ ਬਚੇ ਹੋਏ ਫੰਡਾਂ ਵਿਚੋਂ 18 ਏ.ਸੀ ਲਗਾਉਣ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਡੱਬੀ ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ਦੀ ਬਦਲੇਗੀ ਨੁਹਾਰ ਰੰਗਲਾ ਪੰਜਾਬ ਗ੍ਰਾਂਟ ਅਤੇ ਨਿਗਮ ਫੰਡਾਂ ਵਿੱਚੋਂ ਵਿਸ਼ੇਸ਼ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤਹਿਤ ਵਾਰਡ ਨੰਬਰ 50 ਬਾਬਾ ਜੀਵਨ ਸਿੰਘ ਬਸਤੀ ਦੇ ਕਮਿਊਨਿਟੀ ਸੈਂਟਰ ਦੀ ਮੁਰੰਮਤ ਤੇ 8.88 ਲੱਖ ਰੁਪਏ, ਵਾਰਡ 59 ਅਬਲੋਵਾਲ ਗੁਰਦੁਆਰਾ ਸਾਹਿਬ ਦੇ ਨਜ਼ਦੀਕ 6.52 ਲੱਖ ਰੁਪਏ ਅਤੇ ਵਾਰਡ 54 ਕਲਰ ਕਲੋਨੀ ਤੇ ਬਡੁੰਗਰ ਦੇ ਕਮਿਊਨਿਟੀ ਸੈਂਟਰਾਂ ਦੇ ਨਵੀਨੀਕਰਨ ਤੇ ਕਰਮਵਾਰ 5.97 ਲੱਖ ਅਤੇ 5.92 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਵਾਰਡ ਨੰਬਰ 37 ਵਿੱਚ ਸਥਿਤ ਦਾਰੂ ਕੁਟੀਆ ਧਰਮਸ਼ਾਲਾ ਦੀ ਹਾਲਤ ਸੁਧਾਰਨ ਲਈ ਵੀ 8.50 ਲੱਖ ਰੁਪਏ ਦੇ ਟੈਂਡਰ ਨੂੰ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਡੱਬੀ ਡੇਅਰੀ ਪ੍ਰੋਜੈਕਟ ਸੜਕ ਹੋਵੇਗੀ 24 ਫੁੱਟ ਚੌੜੀ ਮੀਟਿੰਗ ਦੌਰਾਨ ਅਬਲੋਵਾਲ ਸਥਿਤ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਨਾਲ ਸਬੰਧਤ ਇੱਕ ਬਹੁਤ ਹੀ ਅਹਿਮ ਪ੍ਰਸ਼ਾਸਨਿਕ ਮਾਮਲੇ ਤੇ ਫੈਸਲਾ ਲਿਆ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਾਭਾ ਰੋਡ ਤੋਂ ਡੇਅਰੀ ਪ੍ਰੋਜੈਕਟ ਤੱਕ ਜਾਣ ਵਾਲੀ ਮੁੱਖ ਸੜਕ ਨੂੰ 24 ਫੁੱਟ ਤੱਕ ਚੌੜਾ ਕੀਤਾ ਜਾਵੇਗਾ। ਇਸ ਰਸਤੇ ਵਿੱਚ ਆਉਣ ਵਾਲੇ ਬਿਜਲੀ ਦੇ ਖੰਭਿਆਂ ਨੂੰ ਸ਼ਿਫਟ ਕਰਨ ਦਾ ਖ਼ਰਚਾ ਵੀ ਇਸੇ ਬਜਟ ਵਿੱਚੋਂ ਕੀਤਾ ਜਾਵੇਗਾ ਤਾਂ ਜੋ ਅਦਾਲਤੀ ਹੁਕਮਾਂ ਦੀ ਤੈਅ ਸਮੇਂ ਅੰਦਰ ਪਾਲਣਾ ਹੋ ਸਕੇ। ਡੱਬੀ ਵਾਟਰ ਸਪਲਾਈ ਤੇ ਸੀਵਰੇਜ ਦੇ ਮਿਸਿੰਗ ਲਿੰਕ ਹੋਣਗੇ ਦਰੁਸਤ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਐਫਐਂਡਸੀਸੀ ਕਮੇਟੀ ਨੇ ਕਈ ਪਾਈਪਲਾਈਨ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਕਮੇਟੀ ਵੱਲੋਂ ਕਮਾਲ ਕਲੋਨੀ ਸਰਹਿੰਦ ਰੋਡ ਵਿਖੇ ਨਵੀਂ ਸੀਵਰ ਲਾਈਨ ਵਿਛਾਉਣ ਲਈ 11.03 ਲੱਖ ਰੁਪਏ ਅਤੇ ਸੁਖਰਾਮ ਕਲੋਨੀ ਗਲੀ ਨੰਬਰ 5 ਤੋਂ ਬੰਨਾ ਰੋਡ ਡਰੇਨ ਤੱਕ ਸਟਾਰਮ ਸੀਵਰ ਪਾਉਣ ਲਈ 42.98 ਲੱਖ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ, ਵੱਡੀ ਨਦੀ ਅਤੇ ਛੋਟੀ ਨਦੀ ਦੇ ਨਾਲ ਲੱਗਦੇ ਖੇਤਰਾਂ ਵਿੱਚ ਸੀਵਰੇਜ ਵਿਵਸਥਾ ਨੂੰ ਸੁਧਾਰਨ ਲਈ 38.16 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ।