ਨਗਰ ਪੰਚਾਇਤ ਵੱਲੋਂ ਕਬਜ਼ੇ ਕਰਨ ਵਾਲਿਆਂ ਦਾ ਸਾਮਾਨ ਚੁੱਕਿਆ ਨਗਰ ਪੰਚਾਇਤ ਵੱਲੋਂ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦਾ ਸਮਾਨ ਚੁੱਕਿਆ
Publish Date: Fri, 03 Jul 2026 06:05 PM (IST)
Updated Date: Sat, 04 Jul 2026 04:05 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਦੁਕਾਨਦਾਰ ਤੇ ਖੋਖੇ ਵਾਲਿਆਂ ਵੱਲੋਂ ਸੜਕਾਂ ’ਤੇ ਕਬਜ਼ੇ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ–ਈਓ ਸ਼ਹਿਰ ਅੰਦਰ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਮਹਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਬਾਜ਼ਾਰ ਅੰਦਰ ਅਤੇ ਸੜਕਾਂ ਉੱਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਸ਼ੁਰੂ ਕੀਤਾ। ਸ਼ਹਿਰ ਅੰਦਰ ਪਿਛਲੇ ਲੰਬੇ ਸਮੇਂ ਤੋ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਕੁਝ ਦੁਕਾਨਦਾਰ ਅਤੇ ਖੋਖੇ ਵਾਲਿਆਂ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਨੈਸ਼ਨਲ ਹਾਈਵੇ ਉੱਤੇ ਦੁਕਾਨਦਾਰਾਂ ਵੱਲੋਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੜਕਾਂ ਉੱਤੇ ਨਜਾਇਜ਼ ਕਬਜ਼ੇ ਕਰਕੇ ਸੜਕ ਨੂੰ ਰੋਕਿਆ ਗਿਆ ਸੀ ਜਿਸ ਨਾਲ ਆਵਾਜਾਈ ਵਿੱਚ ਮੁਸ਼ਕਲ ਆਉਂਦੀ ਸੀ। ਨਗਰ ਪੰਚਾਇਤ ਦਿੜਬਾ ਦੇ ਕਾਰਜ ਸਾਧਕ ਅਫਸਰ ਮਹਿੰਦਰ ਪਾਲ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਅੱਜ ਨੈਸ਼ਨਲ ਹਾਈਵੇ ਉੱਤੇ ਜੋ ਹੋਕੇ ਵਾਲਿਆਂ ਜਾਂ ਦੁਕਾਨਦਾਰਾਂ ਨੇ ਆਪਣਾ ਸਮਾਨ ਰੱਖ ਕੇ ਕਬਜੇ ਕੀਤੇ ਸਨ ਉਹਨਾਂ ਨੂੰ ਹਟਾਇਆ ਗਿਆ ਹੈ ਇਸ ਦੇ ਨਾਲ ਉਹਨਾਂ ਨੂੰ ਸਮਝਾਇਆ ਵੀ ਗਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ ਜਿਸ ਨਾਲ ਆਵਾਜਾਈ ਵਿੱਚ ਵਿਘਨ ਆਉਂਦਾ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈ ਸਿਰਫ ਚੇਤਾਵਨੀ ਲਈ ਕੀਤੀ ਗਈ ਹੈ ਜੇਕਰ ਫਿਰ ਵੀ ਦੁਕਾਨਦਾਰ ਜਾਂ ਰੇੜੀ ਵਾਲਿਆਂ ਨੇ ਸੜਕ ਤੇ ਸਮਾਨ ਰੱਖ ਕੇ ਆਵਾਜਾਈ ਵਿੱਚ ਵਿਘਨ ਪਾਇਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਦਿੜ੍ਹਬਾ ਸ਼ਹਿਰ ਦਾ ਬਾਜ਼ਾਰ ਲਿੰਕ ਰੋਡ ਦੀਆਂ ਵੀ ਉਹਨਾਂ ਕੋਲ ਸ਼ਿਕਾਇਤਾਂ ਆ ਰਹੀਆਂ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਰੋਡ ਉੱਤੇ ਵੀ ਰੇਹੜੀ ਵਾਲਿਆਂ ਦੇ ਜਾਂ ਦੁਕਾਨਦਾਰਾਂ ਦੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਉਹ ਕਿਸੇ ਵੀ ਦੁਕਾਨਦਾਰ ਜਾਂ ਰੇੜੀ ਵਾਲਿਆਂ ਦੀ ਰੋਜੀ ਦੇ ਖਿਲਾਫ ਨਹੀਂ ਹਨ ਪਰ ਜੇਕਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੇ ਵਿੱਚ ਵਿਘਨ ਪਾਇਆ ਗਿਆ ਤਾਂ ਉਸ ਤੇ ਖਿਲਾਫ ਕਾਰਵਾਈ ਕਰਨ ਲਈ ਉਹ ਮਜਬੂਰ ਹੋਣਗੇ।