- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸ਼ੁਭ ਆਗਮਨ ਦਿਹਾੜੇ’ ਤਹਿਤ ਸਜਾਇਆ ਆਲੌਕਿਕ ਨਗਰ ਕੀਰਤਨ

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਸੋਮਵਾਰ ਨੂੰ ਬਹਾਦਰਗੜ੍ਹ ਵਿਖੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਧਰਤੀ ’ਤੇ ਆਗਮਨ ਦੀ ਮਿੱਠੀ ਤੇ ਨਿੱਘੀ ਯਾਦ ’ਚ ਵਿਸ਼ਾਲ ਆਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਹੁੰਮ ਹੰਮਾ ਕੇ ਬਹੁਤ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 10 ਵਜੇ ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਆਰੰਭ ਹੋਇਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅੰਤਿ੍ਰੰਗ ਕਮੇਟੀ ਮੈਂਬਰ ਐਸਜੀਪੀਸੀ, ਜਥੇ. ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਜਥੇ. ਜਸਮੇਰ ਸਿੰਘ ਲਾਛੜੂ ਮੈਂਬਰ ਐਸਜੀਪੀਸੀ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮੈਨੇਜਰ ਮਨਜੀਤ ਸਿੰਘ ਕੌਲੀ ਵਲੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਹ ਨਗਰ ਕੀਰਤਨ ਕਸਬਾ ਬਹਾਦਰਗੜ੍ਹ, ਹੀਰਾ ਕਲੋਨੀ, ਮਹਿਮਦਪੁਰ ਜੱਟਾਂ, ਹਰਗੋਬਿੰਦ ਕਲੋਨੀ, ਕਿਲਾ ਬਹਾਦਰਗੜ੍ਹ, 36 ਬਟਾਲੀਅਨ, ਪ੍ਰੋਫੈਸਰ ਕਲੋਨੀ, ਵਿਦਿਆ ਨਗਰ, ਪੰਜਾਬੀ ਯੂਨੀਵਰਸਿਟੀ ਦੇ ਗੇਟ ਅੱਗੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਮਾਪਤ ਹੋਇਆ। ਇਸ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਵੱਖ ਵੱਖ ਪ੍ਰਕਾਰ ਦੇ ਲੰਗਰ ਲਾ ਕੇ ਥਾਂ ਪੁਰ ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦਾ ਬਹਾਦਰਗੜ੍ਹ ਦੇ ਕਿਲੇ ਅੰਦਰ ਪ੍ਰਵੇਸ਼ ਕਰਨ ’ਤੇ ਕਮਾਂਡੋ ਪੁਲਿਸ ਦੇ ਜਵਾਨਾਂ ਵਲੋਂ ਸ਼ਾਸ਼ਤਰਾਂ ਨਾਲ ਸਲਾਮੀ ਦੇ ਕੇ ਭਰਪੂਰ ਸਵਾਗਤ ਕੀਤਾ ਗਿਆ। ਸ਼ੁਭ ਆਗਮਨ ਦਿਹਾੜੇ ਦੇ ਪ੍ਰੋਗਰਾਮਾਂ ਤਹਿਤ ਸੋਮਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਦਿਨੇ 10 ਤੋਂ 2 ਵਜੇ ਤੱਕ ਢਾਡੀ ਦੀਵਾਨ ਸੱਜਣਗੇ ਤੇ ਰਾਤ ਨੂੰ 8 ਤੋਂ 10.30 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਇਨ੍ਹਾਂ ਵਿਸ਼ੇਸ਼ ਧਾਰਮਿਕ ਦੀਵਾਨਾ ’ਚ ਉਘੇ ਰਾਗੀ, ਢਾਡੀ ਅਤੇ ਧਰਮ ਪ੍ਰਚਾਰਕਾਂ ਵਲੋਂ ਗੁਰੂ ਇਤਿਹਾਸ ਤੇ ਸਿੱਖੀ ਸਿਧਾਤਾਂ ’ਤੇ ਰੋਸ਼ਨੀ ਪਾ ਕੇ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਬਾਬਾ ਬਲਬੀਰ ਸਿੰਘ ਕਾਰ ਸੇਵਾ ਵਾਲੇ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ, ਭਾਗ ਸਿੰਘ ਮੈਨੇਜਰ ਗੁਰਦੁਆਰਾ ਦੁਖਨਿਵਾਰਨ ਸਾਹਿਬ, ਮੈਨੇਜਰ ਮਨਜੀਤ ਸਿੰਘ ਕੌਲੀ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ, ਸਤਪਾਲ ਸਿੰਘ ਮਹਿਮਦਪੁਰ, ਕੁਲਦੀਪ ਸਿੰਘ ਹਰਪਾਲਪੁਰ, ਬਲਵਿੰਦਰ ਸਿੰਘ ਦੌਣਕਲਾਂ, ਅਕਾਊਟੈਂਟ ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਐਸਕੇ, ਨਵਨੀਤ ਸਿੰਘ ਆਰਕੇ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।