ਬਲਜੀਤ ਸਿੰਘ ਬਣੇ ਕੌਂਸਲ ਪ੍ਰਧਾਨ ਤੇ ਲਖਵਿੰਦਰ ਸੰਧੂ ਨੂੰ ਚੁਣਿਆ ਮੀਤ ਪ੍ਰਧਾਨ ਬਲਜੀਤ ਸਿੰਘ ਬਣੇ ਨਗਰ ਕੌਂਸਲ ਦੇ ਪ੍ਰਧਾਨ ਤੇ ਲਖਵਿੰਦਰ ਸਿੰਘ ਸੰਧੂ ਨੂੰ ਚੁਣਿਆ ਮੀਤ ਪ੍ਰਧਾਨ
Publish Date: Mon, 06 Jul 2026 04:59 PM (IST)
Updated Date: Mon, 06 Jul 2026 05:00 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਬਨੂੜ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹਲਕਾ ਵਿਧਾਇਕ ਸਮੇਤ ਸੱਤ ਕੌਂਸਲਰਾਂ ਦੀ ਹਾਜ਼ਰੀ ਵਿਚ ਨੇਪਰੇ ਚੜ ਗਈ, ਜਿਸ ਵਿਚ ਵਾਰਡ ਨੰ: 2 ਦੇ ਕੌਂਸਲਰ ਬਲਜੀਤ ਸਿੰਘ ਨੂੰ ਪ੍ਰਧਾਨ ਅਤੇ ਵਾਰਡ ਨੰ: 4 ਦੇ ਕੌਂਸਲਰ ਲਖਵਿੰਦਰ ਸਿੰਘ ਲੱਖੀ ਸੰਧੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਪੁਲਿਸ ਨੇ ਆਪ ਨਾਲ ਸਬੰਧਤ ਬਾਗੀ ਗਰੁੱਪ ਦੇ ਚਾਰ ਅਤੇ ਤਿੰਨ ਕਾਂਗਰਸੀ ਕੌਂਸਲਰਾਂ ਨੂੰ ਅੰਦਰ ਨਹੀ ਜਾਣ ਦਿੱਤਾ। ਪੁਲਿਸ ਨੇ ਨਗਰ ਕੌਂਸਲ ਦਫ਼ਤਰ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ ਤੇ ਚੁਫੇਰਿਓਂ ਬੈਰੀਗੇਡ ਕਰਕੇ ਕਿਸੇ ਨੂੰ ਵੀ ਦਫ਼ਤਰ ਦੇ ਨੇੜੇ ਨਹੀ ਜਾਣ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਕਮੇਟੀ ਰੋਡ ਤੇ ਸਥਿਤ ਦੋ ਦਰਜਨ ਦੇ ਕਰੀਬ ਦੁਕਾਨਾਂ ਸਵੇਰ ਤੋਂ ਖੁੱਲਣ ਹੀ ਨਹੀ ਦਿੱਤੀਆਂ। ਇਹੀ ਨਹੀਂ ਉਕਤ ਚੋਣ ਲਈ ਦੋ ਡੀਐਸਪੀ, ਛੇ ਇੰਸਪੈਕਟਰ ਦੀ ਅਗਵਾਈ ਹੇਠ 200 ਦੇ ਕਰੀਬ ਪੁਲਿਸ ਮੁਲਾਜਮ ਲਾਏ ਗਏ ਸਨ। ਚੋਣ ਉਪਰੰਤ ਬਾਹਰ ਆਏ ਬਾਗੀ ਗਰੁੱਪ ਤੇ ਕਾਂਗਰਸੀ ਕੌਂਸਲਰਾਂ ਨੇ ਵਿਧਾਇਕ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਤੇ ਕੁੱਟਮਾਰ ਕਰਨ ਤੇ ਮਹਿਲਾ ਕੌਂਸਲਰਾਂ ਨੇ ਉਨਾਂ ਨਾਲ ਖਿੱਚ-ਧੂਹ ਕਰਨ ਦੇ ਦੋਸ਼ ਲਾਏ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਆਪਣੇ ਸਮਰੱਥਕਾਂ ਸਮੇਤ ਹਾਜ਼ਰ ਸਨ। ਕਨਵੀਨਰ ਕਮ ਏਡੀਸੀ ਮੁਹਾਲੀ ਡਾ ਅੰਕਿਤਾ ਕਾਂਸਲ ਦੀ ਨਿਗਰਾਨੀ ਹੇਠ ਹੋਈ ਇਸ ਚੋਣ ’ਚ ਕੌਂਸਲਰ ਭਜਨ ਲਾਲ ਨੇ ਪ੍ਰਧਾਨ ਲਈ ਬਲਜੀਤ ਸਿੰਘ ਦਾ ਨਾਂ ਪੇਸ਼ ਕੀਤਾ, ਜਦਕਿ ਮੀਤ ਪ੍ਰਧਾਨ ਲਈ ਸੁਦੇਸ਼ ਕੁਮਾਰੀ ਨੇ ਲੱਖੀ ਸੰਧੂ ਦਾ ਨਾਂ ਪੇਸ਼ ਕੀਤਾ। ਹਾਊਸ ’ਚ ਹਾਜ਼ਰ ਕੌਂਸਲਰਾਂ ਨੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਦੋਵੇਂ ਚੁਣੇ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਹਾਰ ਪਾਕੇ ਸਨਮਾਨ ਕੀਤਾ ਤੇ ਵਧਾਈ ਦਿੱਤੀ, ਇਸ ਮੌਕੇ ਆਪ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ। ਦੱਸਣਯੋਗ ਹੈ, ਕਿ ਬਨੂੜ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ ਆਪ ਦੇ ਦਸ ਅਤੇ ਤਿੰਨ ਕਾਂਗਰਸੀ ਕੌਂਸਲਰ ਜੇਤੂ ਹਨ, ਪਰ ਪ੍ਰਧਾਨਗੀ ਪਦ ਲਈ ਆਪ ਦੇ ਕੌਂਸਲਰ ਭਜਨ ਲਾਲ ਤੇ ਹਰਜੋਤ ਸਿੰਘ ਬਾਜਵਾ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ, ਜਿਸ ਕਾਰਨ ਆਪ ਦਾ ਦੋ ਤਿਹਾਈ ਬਹੁਮਤ ਹੋਣ ਦੇ ਬਾਵਜੂਦ ਪਹਿਲਾਂ ਚੋਣ ਸਿਰੇ ਨਾ ਚੜ੍ਹ ਸਕੀ ਤੇ ਦੋ ਵਾਰ ਰੱਦ ਕਰਨੀ ਪਈ। ਅੱਜ ਹੋਈ ਚੋਣ ਵਿਚ 13 ਚੋਂ ਸੱਤ ਕੌਂਸਲਰ ਹਰਜੋਤ ਸਿੰਘ, ਜਸਵਿੰਦਰ ਕੌਰ, ਜਸਵੀਰ ਕੌਰ, ਕਰਨੈਲ ਸਿੰਘ (ਚਾਰੇ ਆਪ) ਅਤੇ ਪ੍ਰੀਤੀ ਵਾਲੀਆ, ਸਾਧੂ ਸਿੰਘ ਤੇ ਰਾਜਿੰਦਰ ਕੌਰ (ਤਿੰਨੇ ਕਾਂਗਰਸੀ) ਕੌਂਸਲਰਾਂ ਨੇ ਕਿਹਾ ਕਿ ਉਨਾਂ ਨੂੰ ਅੱਜ ਨਾ ਸਹੁੰ ਚੁਕਾਈ ਗਈ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਚੋਣ ਵਾਲੇ ਕਮਰੇ ਵਿੱਚ ਜਾਣ ਦਿੱਤਾ ਗਿਆ। ਮਹਿਲਾ ਕੌਂਸਲਰਾਂ ਨੇ ਕਿਹਾ ਕਿ ਪੁਲਿਸ ਮੁਲਾਜਮਾਂ ਨੇ ਉਨਾਂ ਦੇ ਧੱਕੇ ਮਾਰੇ ਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਹਰਜੋਤ ਬਾਜਵਾ ਨੇ ਆਪਣੇ ਮੰਹੂ ਤੇ ਲੱਗੀ ਸੱਟ ਵਿਖਾਉਂਦੇ ਹੋਏ ਕਿਹਾ ਕਿ ਪੁਲਿਸ ਅਧਿਕਾਰੀ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਚੋਣ ਵਾਲੇ ਕਮਰੇ ਵਿਚ ਨਾ ਜਾਣ ਦਿੱਤਾ। ਇਸ ਮੌਕੇ ਹਾਜ਼ਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹਲਕਾ ਵਿਧਾਇਕ ਨੀਨਾ ਮਿੱਤਲ ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇ ਚੋਣ ਛੇ ਕੌਂਸਲਰਾਂ ਵਿਚ ਹੀ ਕਰਾਉਣੀ ਸੀ, ਫਿਰ ਐਨੀ ਪੁਲਿਸ ਛਾਉਣੀ ਬਣਾਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਰਾਜਪੁਰਾ ਵੀ ਪੁਲਿਸ ਦੀ ਧੱਕੇਸ਼ਾਹੀ ਨਾਲ ਪ੍ਰਧਾਨ ਬਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸਾਹੀ ਦਾ ਜਵਾਬ ਹਲਕੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ। ਡੀਐਸਪੀ ਬਨੂੜ ਸੁਖਦੇਵ ਸਿੰਘ ਨੇ ਕੌਂਸਲਰਾਂ ਵੱਲੋਂ ਧੱਕੇਸਾਹੀ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਪ ਦੇ ਬਾਗੀ ਅਤੇ ਕਾਂਗਰਸੀ ਕੌਂਸਲਰਾਂ ਨੇ ਅੰਦਰ ਹੰਗਾਮਾਂ ਕੀਤਾ, ਜਿਸ ਕਾਰਨ ਉਨਾਂ ਨੂੰ ਰੋਕਿਆ ਗਿਆ ਸੀ। ਉਨਾਂ ਚੋਣ ਅਮਨ ਅਮਾਨ ਨਾਲ ਸਿਰੇ ਚੜਨ ਦੀ ਗੱਲ ਆਖੀ।